ਬਾਘਾਪੁਰਾਣਾ, (ਚਟਾਨੀ)- ਬਾਬਾ ਜੀਵਨ ਸਿੰਘ ਨਗਰ (ਮੰਡੀਰਾਂ ਰੋਡ) ਦੇ ਵਾਸੀਆਂ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੂੰ ਉਲਾਂਭੇ ਭਰਿਆ ਪੱਤਰ ਭੇਜਦਿਆਂ ਉਨ੍ਹਾਂ ਦੀ ਦਲਿਤ ਕਾਲੋਨੀ ’ਚ ਵਿਕਾਸ ਨਾ ਕਰਨ ਦਾ ਕੌਂਸਲ ’ਤੇ ਦੋਸ਼ ਲਾਇਆ ਹੈ। ਵਾਰਡ ਨੰਬਰ 4 ਅਤੇ 5 ਵਿਚਕਾਰ ਆਉਂਦੀ ਇਸ ਦਲਿਤ ਅਾਬਾਦੀ ਦੇ ਉਦਮੀ ਨੌਜਵਾਨਾਂ ਨੇ ਬਾਬਾ ਬੰਤ ਸਿੰਘ ਵੈੱਲਫੇਅਰ ਕਲੱਬ ਨਾਲ ਇਕੱਤਰਤਾ ਕੀਤੀ। ਇਸ ਦੌਰਾਨ ਕਲੱਬ ਦੇ ਪ੍ਰਧਾਨ ਗੋਬਿੰਦ ਸਿੰਘ ਭਿੰਦੀ, ਸਕੱਤਰ ਸੁਖਪਾਲ ਸਿੰਘ, ਮੀਤ ਪ੍ਰਧਾਨ ਗੁਰਲਾਲ ਸਿੰਘ, ਖਜ਼ਾਨਚੀ ਰਾਜ ਕੁਮਾਰ, ਮੁਨੀਸ਼ ਕੁਮਾਰ, ਸੁਖਪ੍ਰੀਤ ਸਿੰਘ ਪੱਪੂ ਅਤੇ ਸਰਬਜੀਤ ਸਿੰਘ ਮੈਂਕੂ ਨੇ ਦੱਸਿਆ ਕਿ ਕਈ ਸਾਲਾਂ ਤੋਂ ਬਣਿਆ ਹੋਇਆ ਆਰਜ਼ੀ ਨਿਕਾਸੀ ਨਾਲਾ ਹੁਣ ਤੱਕ ਜਿਵੇਂ ਦਾ ਤਿਵੇਂ ਕੱਚਾ ਹੀ ਹੈ, ਜਦਕਿ ਇਸ ਨੂੰ ਪੱਕਾ ਕਰਨ ਲਈ ਉਹ ਕੌਂਸਲ ਕੋਲ ਵਾਰ-ਵਾਰ ਅਰਜ਼ੋਈਆਂ ਕਰ ਚੁੱਕੇ ਹਨ। ਬਾਬਾ ਬੰਤ ਸਿੰਘ ਕਲੱਬ ਦੇ ਉਕਤ ਕਾਰਕੁੰਨਾਂ ਨੇ ਦੱਸਿਆ ਕਿ ਆਰਜ਼ੀ ਨਾਲਾ ਬਸਤੀ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ ਅੱਗਿਓਂ ਲੰਘਦਾ ਹੈ ਅਤੇ ਮੀਂਹ-ਕਣੀ ਦੌਰਾਨ ਇਸ ਦਾ ਉਛਾਲ ਸੰਗਤਾਂ ਲਈ ਮੁਸੀਬਤ ਖਡ਼੍ਹੀ ਕਰ ਦਿੰਦਾ ਹੈ। ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਨਾਲੇ ਦੇ ਨਿਰਮਾਣ ਤੋਂ ਇਲਾਵਾ ਬਾਕੀ ਕਈ ਮੁੱਢਲੀਆਂ ਸਹੂਲਤਾਂ ਪੱਖੋਂ ਵੀ ਉਨ੍ਹਾਂ ਦੀ ਕਾਲੋਨੀ ਨੂੰ ਲਗਾਤਾਰ ਨਜ਼ਰ-ਅੰਦਾਜ਼ ਕੀਤਾ ਜਾ ਰਿਹਾ ਹੈ। ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਕੌਂਸਲ ਦੇ ਨੁਮਾਇੰਦਿਆਂ ਨੇ ਉਨ੍ਹਾਂ ਨੂੰ ਭਰੋਸਾ ਵੀ ਦਿੱਤਾ ਸੀ ਕਿ ਪੱਕੇ ਨਾਲੇ ਲਈ ਟੈਂਡਰ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਕੰਮ ਜਲਦ ਹੀ ਆਰੰਭ ਦਿੱਤਾ ਜਾਵੇਗਾ ਪਰ 10 ਮਹੀਨਿਆਂ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਕੰਮ ਲਾਰਿਆਂ ਤੋਂ ਅੱਗੇ ਨਹੀਂ ਤੁਰਿਆ। ਇਸ ਮੁੱਦੇ ਨੂੰ ਲੈ ਕੇ ਕਲੱਬ ਦੀ ਅੱਜ ਹੋਈ ਹੰਗਾਮੀ ਮੀਟਿੰਗ ’ਚ ਫੈੈਸਲਾ ਲਿਆ ਗਿਆ ਕਿ ਜੇਕਰ ਪੱਕੇ ਨਾਲੇ ਦੇ ਨਿਰਮਾਣ ਤੋਂ ਇਲਾਵਾ ਬਾਕੀ ਸਭ ਲਟਕਦੇ ਕਾਰਜਾਂ ਲਈ ਕੌਂਸਲ ਹਰਕਤ ’ਚ ਨਾ ਆਈ ਤਾਂ ਸੰਘਰਸ਼ ਵੱਲ ਕਦਮ ਵਧਾਉਣ ’ਚ ਦੇਰੀ ਨਹੀਂ ਕੀਤੀ ਜਾਵੇਗੀ। ਇਸ ਇਕੱਤਰਤਾ ਦੌਰਾਨ ਮੁਨੀਸ਼ ਕੁਮਾਰ ਲਾਲਾ, ਗੁਰਦਿੱਤ ਸਿੰਘ, ਸੁਖਚੈਨ ਸਿੰਘ, ਗੁਰਦਿੱਤ ਸਿੰਘ ਬਰਾਡ਼, ਸੁਖਮੰਦਰ ਸਿੰਘ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ, ਪ੍ਰਿਥੀ ਸਿੰਘ, ਪਰਦੰਮਨ ਸਿੰਘ ਭੱਟੀ, ਕੁਲਵਿੰਦਰ ਸਿੰਘ ਕਾਕਾ, ਹਰਪੀ੍ਰਤ ਸਿੰਘ, ਸੰਜੀਵ ਕੁਮਾਰ, ਗੁਰਪ੍ਰਕਾਸ਼ ਸਿੰਘ ਟਿੰਕੂ, ਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਟੈਂਪੂ ਦੀ ਕਾਰ ਨਾਲ ਭਿਅਾਨਕ ਟੱਕਰ
NEXT STORY