ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) : ਅੱਜ ਤੜਕਸਾਰ ਤੋਂ ਲਗਾਤਾਰ ਕਈ ਘੰਟੇ ਪੈ ਰਹੇ ਮੀਂਹ ਨੇ ਲੋਕਾਂ ਦੀ ਬਸ ਕਰਵਾ ਦਿੱਤੀ। ਹਰ ਪਾਸੇ ਮੀਂਹ ਕਾਰਨ ਪਾਣੀ-ਪਾਣੀ ਹੋ ਗਿਆ ਹੈ । ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ-ਸ਼ਹਿਰਾਂ ਅਤੇ ਕਸਬਿਆਂ ਅੰਦਰ ਗਲੀਆਂ, ਮੁਹੱਲੇ , ਘਰ ਸਭ ਪਾਣੀ ਨਾਲ ਭਰ ਗਏ ਹਨ ਤੇ ਲੋਕਾਂ ਦਾ ਆਉਣਾ ਜਾਣਾ ਔਖਾ ਹੋ ਗਿਆ । ਜਿੱਥੇ ਬੱਚਿਆਂ ਨੂੰ ਸਕੂਲਾਂ ਵਿਚ ਜਾਣ ਸਮੇਂ ਅੱਜ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿਚ ਜਾਣ ਵਾਲੇ ਮੁਲਾਜ਼ਮਾਂ ਨੂੰ ਆਪਣੀਆਂ ਡਿਊਟੀਆਂ 'ਤੇ ਜਾਣ ਲਈ ਕਰੜੀ ਤਪੱਸਿਆ ਕਰਨੀਂ ਪਈ । ਅੱਜ ਦੇ ਦਿਨ ਜ਼ਿਆਦਾ ਸਕੂਲਾਂ ਵਿਚ ਬੱਚਿਆਂ ਦੀ ਹਾਜ਼ਰੀ ਘੱਟ ਹੀ ਰਹੀ ।
200 ਏਕੜ ਤੋਂ ਵੱਧ ਝੋਨੇ ਦੀ ਫ਼ਸਲ ਪਾਣੀ ਵਿਚ ਡੁੱਬੀ
ਜਿੱਥੇ ਮੀਂਹ ਪੈਣ ਨਾਲ ਝੋਨਾ ਲਗਾਉਣ ਵਾਲੇ ਅਨੇਕਾਂ ਕਿਸਾਨਾਂ ਨੂੰ ਮੀਂਹ ਕਾਰਨ ਵੱਡੀ ਰਾਹਤ ਮਿਲੀ ਹੈ , ਉੱਥੇ ਹੀ ਕਈ ਕਿਸਾਨਾਂ ਦੇ ਖੇਤਾਂ ਵਿਚ ਮੀਂਹ ਦੇ ਪਾਣੀ ਨੇ ਝੋਨੇ ਨੂੰ ਡੱਬੋ ਦਿੱਤਾ ਹੈ । ਪਿੰਡ ਭਾਗਸਰ ਵਿਖੇ ਗੰਧੜ੍ਹ ਨੂੰ ਜਾਣ ਵਾਲੀ ਸੜਕ 'ਤੇ 200 ਏਕੜ ਤੋਂ ਵੱਧ ਝੋਨਾ ਪਾਣੀ ਵਿਚ ਡੁੱਬ ਗਿਆ ਹੈ । ਕਿਸਾਨ ਗੁਰਚਰਨ ਸਿੰਘ ਦਾ 28 ਏਕੜ , ਜੱਸਾ ਸਿੰਘ ਦਾ 15 ਏਕੜ , ਮਨਦੀਪ ਸਿੰਘ ਦਾ 10 ਏਕੜ , ਜੱਜ ਸਿੰਘ ਦਾ 10 ਏਕੜ , ਮਾਹਲਾ ਸਿੰਘ ਦਾ 10 ਏਕੜ ਅਤੇ ਮਾਹਲਾ ਸਿੰਘ ਮੈਬਰ ਦਾ 15 ਏਕੜ ਝੋਨਾ ਡੁੱਬ ਗਿਆ ਹੈ । ਇਸ ਤੋਂ ਇਲਾਵਾ ਹੋਰ ਵੀ ਕਈ ਕਿਸਾਨਾਂ ਦਾ ਨੁਕਸਾਨ ਹੋ ਗਿਆ ਹੈ । ਕਿਸਾਨਾਂ ਨੇ ਦੱਸਿਆ ਕਿ ਇਸ ਖੇਤਰ ਵਿਚ ਪਿਛਲੇ 5-6 ਸਾਲਾਂ ਤੋਂ ਨੁਕਸਾਨ ਹੁੰਦਾ ਆ ਰਿਹਾ ਹੈ । ਕੁਝ ਕਿਸਾਨਾਂ ਨੇ 60 ਹਜ਼ਾਰ ਪ੍ਰਤੀ ਏਕੜ ਜ਼ਮੀਨ ਠੇਕੇ ਤੇ ਲੈ ਕੇ ਵਾਹੀ ਕੀਤੀ ਸੀ । ਉਧਰ ਦੂਜੇ ਪਾਸੇ ਭਾਗਸਰ ਰਜਬਾਹੇ ਵਿਚੋਂ ਨਿਕਲਣ ਵਾਲੀ ਪਾਕਾਂ ਵਾਲੀ ਕੱਸੀ ਦੇ ਟੁੱਟਣ ਦਾ ਸਮਾਚਾਰ ਵੀ ਪ੍ਰਾਪਤ ਹੋਇਆ ਹੈ ਤੇ ਇਹ ਪਾਣੀ ਵੀ ਝੋਨੇ ਦੇ ਖੇਤਾਂ ਵਿਚ ਮਾਰ ਕਰ ਰਿਹਾ ਹੈ ।
ਨਰਮੇਂ ਦੀ ਫ਼ਸਲ ਵੀ ਪਾਣੀ ਵਿਚ ਡੁੱਬੀ
ਦੂਜੇ ਪਾਸੇ ਨਰਮੇਂ ਦੀ ਫ਼ਸਲ ਵਿਚ ਵੀ ਬਹੁਤ ਜਿਆਦਾ ਥਾਵਾਂ 'ਤੇ ਪਾਣੀ ਭਰ ਗਿਆ ਹੈ । ਖਾਸ ਕਰਕੇ ਜਿੱਥੇ ਥਾਂ ਨੀਵਾਂ ਸੀ , ਉੱਥੇ ਤਾਂ ਨਰਮੇ ਦੀ ਫ਼ਸਲ ਦਾ ਮੀਂਹ ਦੇ ਪਾਣੀ ਨਾਲ ਨੁਕਸਾਨ ਹੋ ਸਕਦਾ ਹੈ । ਕਿਉਂਕਿ ਆਸੇ-ਪਾਸੇ ਦੇ ਹੋਰਾਂ ਖੇਤਾਂ ਦਾ ਪਾਣੀ ਵੀ ਨੀਵੇਂ ਥਾਵਾਂ ਵੱਲ ਆ ਗਿਆ ਹੈ ਤੇ ਨਰਮੇਂ ਵਿਚੋਂ ਪਾਣੀ ਕੱਢਣ ਲਈ ਕੋਈ ਰਸਤਾ ਵੀ ਨਹੀਂ ਹੈ । ਪਿੰਡ ਗੰਧੜ੍ਹ , ਪਾਕਾਂ ਅਤੇ ਨੰਦਗੜ੍ਹ ਵਾਲੇ ਪਾਸੇ ਖੇਤਾਂ ਵਿਚ ਪਾਣੀ ਭਰਿਆ ਪਿਆ ਹੈ । ਬਹੁਤ ਸਾਰੇ ਪਿੰਡਾਂ ਵਿਚ ਮੀਂਹ ਦੇ ਪਾਣੀ ਨਾਲ ਗਲੀਆਂ ਭਰ ਗਈਆਂ ਹਨ ਤੇ ਨਾਲੀਆਂ ਨੇ ਵੀ ਮੀਂਹ ਦਾ ਪਾਣੀ ਨਹੀਂ ਕੱਢਿਆ । ਲੋਕਾਂ ਦੇ ਘਰਾਂ ਵਿਚ ਪਾਣੀ ਵੜ ਗਿਆ ਹੈ । ਜਿਸ ਕਰਕੇ ਲੰਘਣ ਟੱਪਣ ਵਾਲਿਆਂ ਨੂੰ ਔਖ ਹੋ ਰਹੀ ਹੈ ।
ਜਿਹੜੇ ਗਰੀਬ ਲੋਕਾਂ ਦੇ ਰਿਹਾਇਸ਼ੀ ਮਕਾਨ ਕੱਚੇ ਹਨ ਤੇ ਛੱਤਾਂ ਮਾੜੀਆਂ ਹਨ , ਉਨ੍ਹਾਂ ਨੂੰ ਖ਼ਤਰਾ ਹੀ ਖ਼ਤਰਾ ਹੋ ਗਿਆ ਹੈ । ਜਿਹੜੇ ਲੋਕ ਪਹਿਲਾਂ ਰੱਬ ਨੂੰ ਉਲਾਂਭਾ ਦੇ ਰਹੇ ਸਨ ਕਿ ਰੱਬ ਮੀਂਹ ਨਹੀਂ ਪਾਉਂਦਾ , ਹੁਣ ਉਹੋ ਹੀ ਕਹਿ ਰਹੇ ਹਨ ਕਿ ਰੱਬਾ ਬੱਸ ਕਰ ।
ਮੂੰਗੀ ਦੀ ਫ਼ਸਲ ਵਿਚ ਭਰਿਆ ਪਾਣੀ
ਇਸ ਖੇਤਰ ਵਿਚ ਕਿਸਾਨਾਂ ਵੱਲੋਂ ਵੱਡੇ ਪੱਧਰ 'ਤੇ ਮੂੰਗੀ ਦੀ ਫ਼ਸਲ ਬੀਜੀ ਗਈ ਸੀ ਤੇ ਪੱਕਣ ਤੇ ਆਈ ਸੀ ਪਰ ਭਾਰੀ ਮੀਂਹ ਕਾਰਨ ਮੂੰਗੀ ਦੀ ਫ਼ਸਲ ਵਿਚ ਪਾਣੀ ਭਰ ਗਿਆ ਹੈ । ਜਿਸ ਕਰਕੇ ਇਸ ਫ਼ਸਲ ਦਾ ਨੁਕਸਾਨ ਹੋਵੇਗਾ । ਇਸ ਤੋਂ ਇਲਾਵਾ ਪਸ਼ੂਆਂ ਲਈ ਬੀਜੀ ਗਈ ਮੱਕੀ ਵੀ ਕਈ ਥਾਵਾਂ 'ਤੇ ਪਾਣੀ ਵਿਚ ਡੁੱਬ ਗਈ ਹੈ ਅਤੇ ਸਬਜ਼ੀਆਂ ਵਿਚ ਵੀ ਪਾਣੀ ਭਰ ਗਿਆ ਹੈ ।
ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਗਰੁੱਪ ਦੇ ਆਗੂ ਗੁਰਦੀਪ ਸਿੰਘ ਬਰਾੜ , ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਦੇ ਆਗੂ ਗੁਰਾਦਿੱਤਾ ਸਿੰਘ , ਕਾਮਰੇਡ ਜਗਦੇਵ ਸਿੰਘ ਅਤੇ ਹਰਫੂਲ ਸਿੰਘ ਭਾਗਸਰ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜਿੰਨਾ ਕਿਸਾਨਾਂ ਦੀਆਂ ਫਸਲਾਂ ਮੀਂਹ ਦੇ ਕਾਰਨ ਨੁਕਸਾਨ ਹੋਇਆ ਹੈ , ਉਹਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ।
ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਵਿਖੇ ਹੜ ਵਰਗੀ ਸਥਿਤੀ
ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਤਾਰ ਪੈ ਰਹੇ ਮੀਂਹ ਕਾਰਨ ਸ਼ਹਿਰ ਵਿਚ ਹੜ੍ਹ ਵਰਗੀ ਸਥਿਤੀ ਬਣੀ ਪਈ ਹੈ । ਸ਼ਹਿਰ ਦੇ ਸਾਰੇ ਬਾਜ਼ਾਰ ਪਾਣੀ ਨਾਲ ਭਰ ਗਏ ਹਨ ਤੇ ਕਿਸੇ ਪਾਸਿਉਂ ਵੀ ਲੰਘਣ-ਟੱਪਣ ਲਈ ਰਸਤਾ ਨਹੀਂ ਰਿਹਾ । ਕਈ ਦੁਕਾਨਾਂ ਦੇ ਅੰਦਰ ਵੀ ਪਾਣੀ ਭਰ ਗਿਆ ਹੈ । ਇਸ ਤੋਂ ਇਲਾਵਾ ਸ਼ਹਿਰਾਂ ਦਾ ਹਾਲ ਵੀ ਮਾੜਾ ਹੀ ਹੈ । ਗਲੀਆਂ ਪਾਣੀ ਨਾਲ ਭਰ ਗਈਆਂ ਹਨ । ਸਕੂਟਰ , ਮੋਟਰਸਾਈਕਲ ਅਤੇ ਕਾਰਾਂ ਆਦਿ ਵਹੀਕਲ ਪਾਣੀ ਵਿਚ ਬੰਦ ਹੋ ਗਏ ਹਨ । ਰੇਹੜੀਆਂ ਲਗਾਉਣ ਵਾਲਿਆਂ ਦਾ ਵੀ ਮੀਂਹ ਕਾਰਨ ਨੁਕਸਾਨ ਹੋ ਗਿਆ ਤੇ ਬਹੁਤ ਸਾਰੇ ਕੰਮਾਂ ਕਾਜਾਂ ਤੇ ਅਸਰ ਪਿਆ । ਵਰਨਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਸ਼ਹਿਰ ਦੇ ਬਜ਼ਾਰਾਂ ਦਾ ਇਹੋ ਹਾਲ ਹੀ ਹੋ ਜਾਂਦਾ ਹੈ ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਹਿਮ ਖ਼ਬਰ : ਫਿਲਹਾਲ ਜੇਲ੍ਹ 'ਚ ਹੀ ਰਹਿਣਗੇ ਬਿਕਰਮ ਮਜੀਠੀਆ, ਇਕ ਹੋਰ ਜੱਜ ਨੇ ਕੇਸ ਤੋਂ ਖ਼ੁਦ ਨੂੰ ਕੀਤਾ ਵੱਖ
NEXT STORY