ਪਟਿਆਲਾ, (ਬਲਜਿੰਦਰ, ਜੋਸਨ)- ਅੰਮ੍ਰਿਤਸਰ ਵਿਚ ਹੋਏ ਬੰਬ ਬਲਾਸਟ ਤੋਂ ਬਾਅਦ ਅੱਜ ਪਟਿਆਲਾ ਵਿਚ ਵੀ ਪੁਲਸ ਵੱਲੋਂ ਹਾਈ ਅਲਰਟ ਕਰ ਦਿੱਤਾ ਗਿਆ ਹੈ। ਪੰਜਾਬ ਇੰਟੈਲੀਜੈਂਸੀ ਅਤੇ ਕੇਂਦਰੀ ਖੁਫੀਆ ਏਜੰਸੀਆਂ ਵੱਲੋਂ ਪੰਜਾਬ ਵਿਚ ਅੱਤਵਾਦੀ ਹਮਲੇ ਨੂੰ ਲੈ ਕੇ ਕੀਤੇ ਹਾਈ ਅਲਰਟ ਦੇ ਮੱਦੇਨਜ਼ਰ ਪਹਿਲਾਂ ਹੀ ਸੁਰੱਖਿਆ ਵਧਾਈ ਹੋਈ ਸੀ। ਅੱਤਵਾਦੀ ਹਮਲੇ ਤੋਂ ਬਾਅਦ ਪਟਿਆਲਾ ਵਿਚ ਵੀ ਹਾਈ ਅਲਰਟ ਕਰ ਦਿੱਤਾ ਗਿਆ ਹੈ। ਕੁਝ ਸਮਾਂ ਪਹਿਲਾਂ ਹੀ ਪਟਿਆਲਾ ਪੁਲਸ ਨੇ ਖਾਲਿਸਤਾਨੀ ਗਦਰ ਫੋਰਸ ਦੇ ਇਕ ਵਿਅਕਤੀ ਸ਼ਬਨਮਦੀਪ ਸਿੰਘ ਨੂੰ ਪਟਿਆਲਾ ਤੋਂ ਹੀ ਗ੍ਰਿਫ਼ਤਾਰ ਕੀਤਾ ਸੀ। ਪਟਿਆਲਾ ਪਹਿਲਾਂ ਹੀ ਅਲਰਟ ’ਤੇ ਚਲਿਆ ਆ ਰਿਹਾ ਸੀ। ਅੰਮ੍ਰਿਤਸਰ ਬਲਾਸਟ ਤੋਂ ਬਾਅਦ ਪਟਿਆਲਾ ਪੁਲਸ ਵੱਲੋਂ ਸਾਰਾ ਦਿਨ ਥਾਂ-ਥਾਂ ਚੈਕਿੰਗ ਕੀਤੀ ਗਈ। ਅਹਿਮ ਗੱਲ ਇਹ ਰਹੀ ਕਿ ਸ਼ਹਿਰ ’ਚ ਕਿਸੇ ਤਰ੍ਹਾਂ ਦਾ ਡਰ ਪੈਦਾ ਨਹੀਂ ਹੋਣ ਦਿੱਤਾ ਗਿਆ। ਪਟਿਆਲਾ ਸੀ. ਐੱਮ. ਸਿਟੀ ਹੋਣ ਕਾਰਨ ਇਥੇ ਸੁਰੱਖਿਆ ਨੂੰ ਲੈ ਕੇ ਜ਼ਿਆਦਾ ਚੌਕਸੀ ਦਿਖਾਈ ਦਿੱਤੀ। ਐੱਸ. ਐੱਸ. ਪੀ. ਵੱਲੋਂ ਵੀ ਸਮੁੱਚੇ ਥਾਣਾ ਮੁਖੀਆਂ ਅਤੇ ਵੱਖ-ਵੱਖ ਵਿੰਗਾਂ ਨੂੰ ਅਲਰਟ ਰਹਿਣ ਲਈ ਆਖਿਆ ਗਿਆ ਹੈ। ਵਿਸ਼ੇਸ਼ ਤੌਰ ’ਤੇ ਜਨਤਕ ਥਾਵਾਂ ਜਿਥੇ ਜ਼ਿਆਦਾ ਭੀਡ਼ ਹੈ, ਉਥੇ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਪਟਿਆਲਾ ਪੁਲਸ ਵੱਲੋਂ ਇਸ ਤੋਂ ਪਹਿਲਾਂ ਜੋ ਖਾਲਿਸਤਾਨੀ ਗਦਰ ਫੋਰਸ ਦੇ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਪੁਲਸ ਮੁਤਾਬਕ ਉਸ ਦੀ ਵੀ ਯੋਜਨਾ ਪਟਿਆਲਾ ਦੇ ਬੱਸ ਅੱਡੇ ਨੂੰ ਨਿਸ਼ਾਨਾ ਬਣਾਉਣ ਦੀ ਸੀ ਤਾਂ ਕਿ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਸਕੇ।
ਪੁਲਸ ਵੱਲੋਂ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਚੈਕਿੰਗ ਕੀਤੀ ਜਾ ਰਹੀ ਹੈ। ਰੇਲਵੇ ਸੁਰੱਖਿਆ ਫੋਰਸ ਦੇ ਅਧਿਕਾਰੀ ਜੀ. ਐੱਸ. ਆਹਲੂਵਾਲੀਆ ਵੱਲੋਂ ਵੀ ਰੇਲਵੇ ਸਟੇਸ਼ਨ ਪਟਿਆਲਾ ’ਤੇ ਸਰਚ ਅਪਰੇਸ਼ਨ ਚਲਾਇਆ ਗਿਆ। ਉਨ੍ਹਾਂ ਵੱਲੋਂ ਲੋਕਾਂ ਦੇ ਸਾਮਾਨ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਸਟੇਸ਼ਨ ਦੀ ਵੀ ਜਾਂਚ ਕੀਤੀ ਗਈ ਹੈ। ਸਟੇਸ਼ਨ ’ਤੇ ਤਾਇਨਾਤ ਅਧਿਕਾਰੀਆਂ ਨੂੰ ਵੀ ਚੌਕੰਨਾ ਰਹਿਣ ਲਈ ਆਖਿਆ ਗਿਆ ਹੈ। ਰੇਲਵੇ ਪੁਲਸ ਨੇ ਸਟੇਸ਼ਨ, ਰੇਲਵੇ ਲਾਈਨ ਅਤੇ ਆਲੇ-ਦੁਆਲੇ ਦੇ ਖੇਤਰਾਂ ਦੀ ਚੈਕਿੰਗ ਕੀਤੀ ਹੈ।
ਧਾਰਮਕ ਅਸਥਾਨਾਂ ਦੀ ਸੁਰੱਖਿਆ ਵਧਾਈ
ਪਟਿਆਲਾ ਸ਼ਹਿਰ ਵਿਚ ਸਥਿਤ ਸ਼੍ਰੀ ਕਾਲੀ ਮਾਤਾ ਮੰਦਰ, ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ, ਸੰਤ ਨਿਰੰਕਾਰੀ ਭਵਨ, ਡੇਰਾ ਬਿਆਸ ਦੇ ਨਾਲ ਸਬੰਧਤ ਭਵਨ, ਰਾਸ਼ਟਰੀ ਸਵੈਮ ਸੇਵਕ ਸੰਘ ਦੇ ਦਫ਼ਤਰ, ਦਿਵਯ ਜਯੋਤੀ ਜਾਗ੍ਰਤੀ ਸੰਸਥਾਨ, ਹੋਰ ਡੇਰਿਆਂ ਅਤੇ ਭੀਡ਼-ਭਾਡ਼ ਵਾਲੇ ਸਥਾਨਾਂ ਦੀ ਪੁਲਸ ਵੱਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ। ਸਵੇਰ ਤੋਂ ਹੀ ਉਥੇ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪੁਲਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ।
ਜ਼ਮੀਨ ਵਿਕਰੀ ਮਾਮਲੇ ’ਚ ਐੱਨ. ਆਰ. ਆਈ. ਨਾਲ 7 ਲੱਖ ਦੀ ਠੱਗੀ
NEXT STORY