ਮਲੋਟ-ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬੀਆਂ ਨਾਲ ਉਹ ਵਾਅਦੇ ਕਰ ਰਹੇ ਹਨ ਜੋ ਉਨ੍ਹਾ ਕਦੇ ਦਿੱਲੀ 'ਚ ਲਾਗੂ ਨਹੀਂ ਕੀਤੇ ਤੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ 'ਚ ਪਹਿਲਾਂ ਹੀ ਫੇਲ੍ਹ ਹੋ ਚੁੱਕੀ ਹੈ ਤੇ ਪੰਜਾਬੀ ਇਸ ਵਾਰ ਇਸ ’ਤੇ ਵਿਸ਼ਵਾਸ ਨਹੀਂ ਕਰਨਗੇ। ਅੱਜ ਇਥੇ ਪਾਰਟੀ ਦੇ ਉਮੀਦਵਾਰ ਹਰਪ੍ਰੀਤ ਸਿੰਘ ਕੋਟਭਾਈ ਦੇ ਹੱਕ 'ਚ ਵੱਖ-ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਬਠਿੰਡਾ ਦੇ ਐੱਮ.ਪੀ. ਨੇ ਕਿਹਾ ਕਿ ਇਹ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਅਰਵਿੰਦ ਕੇਜਰੀਵਾਲ ਪੰਜਾਬੀਆਂ ਨੂੰ ਮੂਰਖ ਸਮਝ ਕੇ ਉਨ੍ਹਾਂ ਨਾਲ ਵੱਡੇ-ਵੱਡੇ ਅਤੇ ਝੂਠੇ ਵਾਅਦੇ ਕਰ ਰਹੇ ਰਿਹਾ ਹੈ। ਉਨ੍ਹਾਂ ਕਿਹਾ ਕਿ 18 ਸਾਲ ਉਮਰ ਤੋਂ ਉਪਰ ਦੀ ਹਰ ਮਹਿਲਾ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕਦੇ ਵੀ ਦਿੱਲੀ 'ਚ ਲਾਗੂ ਨਹੀਂ ਕੀਤਾ ਗਿਆ। ਇਸੇ ਤਰੀਕੇ 300 ਯੁਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ ਦਿੱਲੀ 'ਚ ਲਾਗੂ ਨਹੀਂ ਕੀਤਾ ਗਿਆ ਤੇ ਜੋ ਸਕੀਮ ਲਾਗੂ ਕੀਤੀ ਗਈ, ਉਸ ਲਈ ਅਜਿਹੀਆਂ ਸ਼ਰਤਾਂ ਲਗਾ ਦਿੱਤੀਆਂ ਕਿ ਉਹ ਕਦੇ ਵੀ ਲੋਕਾਂ ਵਾਸਤੇ ਲਾਹੇਵੰਦ ਨਹੀਂ ਰਹੀਆਂ।
ਇਹ ਵੀ ਪੜ੍ਹੋ : ਸੈਮੀਕੰਡਕਟਰ ਦੀ ਕਮੀ ਕਾਰਨ ਜਨਵਰੀ ’ਚ ਯਾਤਰੀ ਵਾਹਨਾਂ ਦੀ ਥੋਕ ਵਿਕਰੀ 8 ਫੀਸਦੀ ਘਟੀ
ਬੀਬਾ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ 'ਚ ਪਹਿਲਾਂ ਹੀ ਫੇਲ੍ਹ ਹੈ ਜਿਸ ਦੇ 20 'ਚੋਂ 11 ਵਿਧਾਇਕ ਪਾਰਟੀ ਛੱਡ ਗਏ ਤੇ 4 'ਚੋਂ 3 ਐੱਮ.ਪੀ. ਪਾਰਟੀ ਛੱਡ ਗਏ ਕਿਉਂਕਿ ਉਨ੍ਹਾਂ ਨੇ ਵੇਖ ਲਿਆ ਕਿ ਅਰਵਿੰਦ ਕੇਜਰੀਵਾਲ ਪੰਜਾਬ ਤੋਂ ਬਾਹਰ ਪੰਜਾਬ ਵਿਰੋਧੀ ਸਟੈਂਡ ਲੈਂਦੇ ਹਨ ਅਤੇ ਪੰਜਾਬ ਆ ਕੇ ਪੰਜਾਬ ਹਿਤੈਸ਼ੀ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ 2017 ਦੀਆਂ ਚੋਣਾਂ 'ਚ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ 20 ਸੀਟਾਂ ਦਿੱਤੀਆਂ ਸਨ ਪਰ ਇਸ ਵਾਰ ਉਹ ਕੇਜਰੀਵਾਲ ਜਾਂ ਉਸ ਦੇ ਡੰਮੀ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ’ਤੇ ਵਿਸ਼ਵਾਸ ਨਹੀਂ ਕਰਨਗੇ ਤੇ ਇਸ ਵਾਰ ਇਸ ਨੂੰ 20 ਸੀਟਾਂ ਵੀ ਨਹੀਂ ਮਿਲਣਗੀਆਂ।
ਕਾਂਗਰਸ ’ਤੇ ਵਰ੍ਹਦਿਆਂ ਬਠਿੰਡਾ ਦੇ ਐੱਮ.ਪੀ. ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਚਾਰ ਹਫਤਿਆਂ 'ਚ ਨਸ਼ਾ ਖਤਮ ਕਰਨ ਦੇ ਮਾਮਲੇ ’ਤੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਤਲਵੰਡੀ ਸਾਬੋ ਵਿਖੇ ਗੁਟਕਾ ਸਾਹਿਬ ਦੀ ਸਹੁੰ ਵੀ ਖਾਧੀ ਸੀ। ਉਨ੍ਹਾਂ ਕਿਹਾ ਕਿ ਬਜਾਏ ਆਪਣਾ ਵਾਅਦਾ ਪੂਰਾ ਕਰਨ ਦੇ ਕਾਂਗਰਸ ਨੇ ਘਰ ਘਰ ਨਸ਼ਿਆਂ ਦੀ ਡਲੀਵਰੀ ਸ਼ੁਰੂ ਕਰਵਾ ਦਿੱਤੀ। ਉਨ੍ਹਾਂ ਕਿਹਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਨਸ਼ੇ ਦਾ ਹਮੇਸ਼ਾ ਲਈ ਖਾਤਮਾ ਕਰ ਦੇਵੇਗੀ।
ਇਹ ਵੀ ਪੜ੍ਹੋ : ਕੈਪੀਟਲ ਗੇਨ ਟੈਕਸ ’ਚ ਬਦਲਾਅ ਦੀ ਤਿਆਰੀ ’ਚ ਸਰਕਾਰ
ਬੀਬਾ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਨੇ ਸੂਬੇ ਨੂੰ ਹੋਰ ਪਛੜਿਆ ਬਣਾ ਦਿੱਤਾ ਹੈ ਤੇ ਸੂਬੇ ਸਿਰਫ ਕਰਜ਼ਾ 1 ਲੱਖ ਕਰੋੜ ਰੁਪਏ ਹੋਰ ਵੱਧ ਗਿਆ ਹੈ ਹਾਲਾਂਕਿ ਇਸ ਨੇ ਸਮਾਜ ਭਲਾਈ ਸਕੀਮਾਂ ਜਾਂ ਤਾਂ ਬੰਦ ਕਰ ਦਿੱਤੀਆਂ ਹਨ ਜਾਂ ਫਿਰ ਇਨ੍ਹਾਂ 'ਚ ਕਟੌਤੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗਰੀਬਾਂ ਨੂੰ ਸਸਤਾ ਰਾਸ਼ਨ ਦੇਣ ਲਈ ਬਣਾਏ ਲੱਖਾਂ ਨੀਲੇ ਕਾਰਡ ਕੱਟ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸ਼ਗਨ ਸਕੀਮ ਦੀ ਰਾਸ਼ੀ 51 ਹਜ਼ਾਰ ਰੁਪਏ ਕਰਨ ਅਤੇ ਬੁਢਾਪਾ ਪੈਨਸ਼ਨ 2500 ਰੁਪਏ ਮਹੀਨਾ ਕਰਨ ਦੇ ਵਾਅਦੇ ਤੋਂ ਵੀ ਭੱਜ ਗਈ ਤੇ ਇਸ ਨੇ ਘਰ-ਘਰ ਨੌਕਰੀ ਦੀ ਥਾਂ ’ਤੇ ਘਰ-ਘਰ ਬੇਰੋਜ਼ਗਾਰੀ ਦਿੱਤੀ ਹੈ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਹਮਲਾ ਬੋਲਦਿਆਂ ਬਠਿੰਡਾ ਦੇ ਐੱਮ.ਪੀ. ਨੇ ਕਿਹਾ ਕਿ ਚੰਨੀ ਨੇ ਥਾਂ-ਥਾਂ ਪੋਸਟਰ ਲਗਾਏ ਹਨ ਕਿ ਚੰਨੀ ਕਰਦਾ ਮਸਲੇ ਹੱਲ ਪਰ ਪੰਜਾਬੀ ਉਸ ਨੂੰ ਪੁੱਛਣਾ ਚਾਹੁੰਦੇ ਹਨ ਕਿ ਉਸ ਨੇ ਸੂਬੇ ਦੇ 36,000 ਮੁਲਾਜ਼ਮ ਰੈਗੂਲਰ ਕਿਉਂ ਨਹੀਂ ਕੀਤੇ। ਉਸ ਨੇ ਗਰੀਬ ਅਤੇ ਬੇਘਰਿਆਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਕਿਉਂ ਨਹੀਂ ਦਿੱਤੇ।
ਉਨ੍ਹਾਂ ਕਿਹਾ ਕਿ ਲੋਕਾਂ ਨੇ ਅਕਾਲੀ ਦਲ ਤੇ ਬਸਪਾ ਗਠਜੋੜ ਨੂੰ ਵੋਟ ਪਾਉਣ ਦਾ ਮਨ ਬਣਾ ਲਿਆ ਹੈ ਕਿਉਂਕਿ ਇਹ ਸਮੇਂ ਦੀ ਕਸਵੱਟੀ ’ਤੇ ਪਰਖਿਆ ਹੋਇਆ ਹੈ ਜੋ ਆਪਣੇ ਵਾਅਦੇ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀਆਂ ਅਕਾਲੀ ਸਰਕਾਰਾਂ ਨੇ ਹਮੇਸ਼ਾ ਆਪਣੇ ਵਾਅਦੇ ਨਿਭਾਏ ਭਾਵੇਂ ਉਹ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਦਾ ਹੋਵੇ, ਪੰਜਾਬ ਨੂੰ ਬਿਜਲੀ ਸਰਪਲੱਸ ਬਦਾਉਣ ਦਾ, ਸ਼ਗਨ ਸਕੀਮ, ਬੁਢਾਪਾ ਪੈਨਸ਼ਨ, ਆਟਾ ਦਾਲ ਸਕੀਮ ਜਾਂ ਫਿਰ ਪਿੰਡਾਂ 'ਚ ਨੌਜਵਾਨਾਂ ਨੂੰ ਜਿੰਮ ਦੇਣ ਦਾ ਹਰ ਵਾਅਦਾ ਜੋ ਅਕਾਲੀ ਦਲ ਨੇ ਕੀਤਾ, ਇਸ ਦੀਆਂ ਸਰਕਾਰਾਂ ਨੇ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਆਉਂਦੇ ਸਾਰ ਵਾਅਦੇ ਪੂਰੇ ਕਰਨੇ ਸ਼ੁਰੂ ਕਰ ਦੇਵੇਗਾ ਤੇ ਕਾਂਗਰਸ ਸਰਕਾਰ ਵੱਲੋਂ ਕੱਟੇ ਨੀਲੇ ਕਾਰਡ ਪਹਿਲੇ ਮਹੀਨੇ 'ਚ ਹੀ ਬਹਾਲ ਕਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ : 'ਆਪ' ਦੀ ਸਰਕਾਰ ਬਣਨ 'ਤੇ ਮਾਫੀਆ ਰਾਜ ਕੀਤਾ ਜਾਵੇਗਾ ਖ਼ਤਮ : ਹਰਪਾਲ ਚੀਮਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪੰਜਾਬ ਵਿਧਾਨ ਸਭਾ ਚੋਣਾਂ : ਕਾਂਗਰਸ ਨੂੰ ਹੋ ਸਕਦਾ ਹੈ 2 ਸੰਸਦ ਮੈਂਬਰਾ ਦਾ ਨੁਕਸਾਨ
NEXT STORY