ਤਪਾ ਮੰਡੀ, (ਸ਼ਾਮ ਗਰਗ)- ਪਿਛਲੇ ਲੰਬੇ ਸਮੇਂ ਤੋਂ ਰਾਹਗੀਰਾਂ ਅਤੇ ਦੁਕਾਨਦਾਰਾਂ ਲਈ ਸਿਰਦਰਦੀ ਦਾ ਕਾਰਨ ਬਣੀ ਹੋਈ ਤਪਾ ਮੰਡੀ ਦੀ ਨਾਮਦੇਵ ਰੋਡ ਜਿਸ ਨੂੰ 37 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਕਰ ਕੇ ਬਣਾਇਆ ਜਾ ਰਿਹਾ ਹੈ ਪਰ ਸਬੰਧਤ ਮਹਿਕਮੇ ਵੱਲੋਂ ਇਸ ਕੰਮ ਨੂੰ ਸਹੀ ਤਰੀਕੇ ਨਾਲ ਨਹੀਂ ਕੀਤਾ ਜਾ ਰਿਹਾ। ਮਿੱਟੀ ਦੀ ਸਫਾਈ ਚੰਗੀ ਤਰ੍ਹਾਂ ਕੀਤੇ ਬਗੈਰ ਹੀ ਉਸ ਉੱਪਰ ਲੁੱਕ ਪਾਈ ਜਾ ਰਹੀ ਹੈ ਜੋ ਬਹੁਤੀ ਦੇਰ ਤੱਕ ਚੱਲ ਨਹੀਂ ਸਕੇਗੀ। ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਪਿਛਲੇ ਸਮੇਂ ਦੌਰਾਨ ਕਰੋਡ਼ਾਂ ਰੁਪਏ ਦੀ ਲਾਗਤ ਨਾਲ ਇਸ ਸਡ਼ਕ ਨੂੰ ਕਈ ਵਾਰ ਨਵੇਂ ਸਿਰੇ ਤੋਂ ਬਣਾਇਆ ਜਾ ਚੁੱਕਾ ਹੈ ਪਰ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਇਹ ਵਾਰ-ਵਾਰ ਟੁੱਟ ਰਹੀ ਹੈ ਕਿਉਂਕਿ ਬਾਰਸ਼ਾਂ ਦੇ ਮੌਸਮ ਵਿਚ ਇਹ ਸਡ਼ਕ ਝੀਲ ਦਾ ਰੂਪ ਧਾਰਨ ਕਰ ਲੈਂਦੀ ਹੈ। ਪਾਣੀ ਖਡ਼੍ਹਨ ਨਾਲ ਸਡ਼ਕ ਵਿਚ ਖੱਡੇ ਬਣ ਜਾਂਦੇ ਹਨ, ਜੋ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਦੇ ਹਨ। ਇਸ ਵਾਰ ਵੀ ਸਡ਼ਕ ਨੂੰ ਬਣਾਉਣ ਦਾ ਕੰਮ ਤਾਂ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਇਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਹੈ, ਜਿਸ ਦਾ ਲੋਕਾਂ ਨੂੰ ਕੋਈ ਲਾਭ ਨਹੀਂ ਹੋਵੇਗਾ। ਤਿਉਹਾਰਾਂ ਦਾ ਸੀਜ਼ਨ ਹੋਣ ਕਾਰਨ ਦੁਕਾਨਦਾਰਾਂ ਨੂੰ ਆਪਣੀ ਗਾਹਕੀ ਵਧਣ ਦੇ ਅਾਸਾਰ ਹੁੰਦੇ ਹਨ ਪਰ ਇਸ ਸਡ਼ਕ ਉੱਪਰ ਉੱਡ ਰਹੇ ਰੇਤੇ ਕਾਰਨ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫਿਰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਸਬੰਧਤ ਮਹਿਕਮੇ ਵੱਲੋਂ ਸਡ਼ਕ ਉੱਤੇ ਪਏ ਰੇਤੇ ਨੂੰ ਸਾਫ਼ ਕਰਨ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਨੇ ਇਸ ਰਸਤੇ ਨੂੰ ਧੂਡ਼-ਧੂੜ ਕਰ ਰੱਖਿਆ ਹੈ, ਜਿਸ ਕਾਰਨ ਸਡ਼ਕ ਉੱਪਰ ਲਗਦੀਆਂ ਦੁਕਾਨਾਂ ਨੂੰ ਦੁਕਾਨਦਾਰਾਂ ਵੱਲੋਂ ਬੰਦ ਕਰ ਕੇ ਰੋਸ ਜ਼ਾਹਿਰ ਕੀਤਾ ਗਿਆ। ਇਸ ਦੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵੀ ਵਾਇਰਲ ਹੋਈ ਦੇਖੀ ਗਈ। ਇਸ ਰੋਡ ’ਤੇ ਸਥਿਤ ਦੁਕਾਨਦਾਰਾਂ ਹਰਦੇਵ ਸਿੰਘ, ਲੱਡੂ ਸਿੰਘ, ਹਰਪਾਲ ਸਿੰਘ, ਕਾਲਾ ਸਿੰਘ, ਰਘੁਵੀਰ ਸਿੰਘ ਅਤੇ ਪੰਜਾਬ ਸਿੰਘ ਦਾ ਕਹਿਣਾ ਹੈ ਕਿ ਇਸ ਸਡ਼ਕ ਉੱਪਰੋਂ ਉੱਡਦੀ ਧੂਡ਼ ਨੇ ਖੰਘ, ਸਾਹ, ਜ਼ੁਕਾਮ, ਅੱਖਾਂ ’ਚੋਂ ਪਾਣੀ ਆਉਣਾ ਆਦਿ ਬੀਮਾਰੀਆਂ ਨਾਲ ਘੇਰ ਰੱਖਿਆ ਹੈ ਪਰ ਲੋਕ ਨਿਰਮਾਣ ਵਿਭਾਗ ਵਾਲੇ ਪਾਣੀ ਦਾ ਛਿਡ਼ਕਾਅ ਨਹੀਂ ਕਰ ਰਹੇ। ਇਥੇ ਗਊਸ਼ਾਲਾ ਦੇ ਪ੍ਰਬੰਧਕਾਂ ਵੱਲੋਂ ਸਵੇਰ ਸਮੇਂ ਪਾਣੀ ਦਾ ਛਿਡ਼ਕਾਅ ਕਰ ਕੇ ਲੋਕਾਂ ਨੂੰ ਧੂਡ਼ ਤੋਂ ਕੁਝ ਨਿਜਾਤ ਦਿੱਤੀ ਜਾਂਦੀ ਹੈ। ਜੇ ਮੌਸਮ ਵਿਭਾਗ ਅਨੁਸਾਰ ਬਰਸਾਤ ਪੈ ਜਾਂਦੀ ਹੈ ਤਾਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਥਿਤੀ ਪਹਿਲਾਂ ਵਰਗੀ ਹੀ ਬਣਨ ਦੇ ਆਸਾਰ ਦਿਖਾਈ ਦੇ ਰਹੇ ਹਨ। ਜਦੋਂ ਸਬੰਧਤ ਲੋਕ ਨਿਰਮਾਣ ਵਿਭਾਗ ਦੇ ਐੱਸ. ਡੀ. ਓ. ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨੋਟਿਸ ’ਚ ਅਜਿਹੀ ਕੋਈ ਸ਼ਿਕਾਇਤ ਨਹੀਂ ਆਈ ਪਰ ਉਹ ਮੌਕੇ ’ਤੇ ਜਾ ਕੇ ਸਥਿਤੀ ਦਾ ਪਤਾ ਲਾਉਣਗੇ।
ਝੋਨੇ ’ਚ ਵੱਧ ਨਮੀ ਦੇ ਹੱਲ ਲਈ ਕਿਸਾਨਾਂ-ਆਡ਼੍ਹਤੀਆਂ ਲਾਇਆ ਜਾਮ
NEXT STORY