ਬਠਿੰਡਾ (ਵਿਜੇ ਵਰਮਾ) - ਥਾਣਾ ਥਰਮਲ ਪੁਲਸ ਨੂੰ ਕਥਿਤ ਤੌਰ ’ਤੇ ਨਿਗਰਾਨੀ ਦੇ ਮਕਸਦ ਨਾਲ ਲਾਏ ਗਏ ਸੋਲਰ ਆਧਾਰਤ ਜਾਸੂਸੀ ਕੈਮਰਾ ਮਾਮਲੇ ਵਿਚ ਵਡੀ ਸਫਲਤਾ ਮਿਲੀ ਹੈ। ਪੁਲਸ ਨੇ ਇਸ ਪੂਰੇ ਨੈੱਟਵਰਕ ਦੇ ਕਥਿਤ ਮੁੱਖ ਮੁਲਜ਼ਮ ਸਿਮਰਨਜੀਤ ਸਿੰਘ ਉਰਫ ਨਿੰਬੂ ਨੂੰ ਬਟਾਲਾ ਤੋਂ ਗ੍ਰਿਫਤਾਰ ਕਰ ਲਿਆ ਹੈ। ਬੁੱਧਵਾਰ ਨੂੰ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਇਸ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਦਕਿ ਚੌਥੇ ਮੁਲਜ਼ਮ ਦੀ ਭਾਲ ਜਾਰੀ ਹੈ।
ਥਾਣਾ ਥਰਮਲ ਦੇ ਐੱਸ. ਐੱਚ. ਓ. ਹਰਜੋਤ ਸਿੰਘ ਨੇ ਗ੍ਰਿਫਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਾਂਚ ਕਈ ਮਹੱਤਵਪੂਰਨ ਪੱਖਾਂ ’ਤੇ ਅੱਗੇ ਵਧ ਰਹੀ ਹੈ।
ਪੁਲਸ ਸੂਤਰਾਂ ਅਨੁਸਾਰ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਨਾਲ ਜੁੜੇ ਸ਼ੱਕੀ ਦੇਸ਼ ਵਿਰੋਧੀ ਤੱਤਾਂ ਨੇ ਬਠਿੰਡਾ ਦੇ ਮਲੋਟ ਰੋਡ ਇਲਾਕੇ ’ਚ ਫੌਜ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਇਕੱਠੀ ਕਰਨ ਦੇ ਮਕਸਦ ਨਾਲ ਸੋਲਰ ਆਧਾਰਤ ਸਿਮ ਕੈਮਰਾ ਲਗਾਉਣ ਦੀ ਸਾਜ਼ਿਸ਼ ਰਚੀ ਸੀ। ਇਸ ਲਈ ਕਥਿਤ ਤੌਰ ’ਤੇ ਸਿਮਰਨਜੀਤ ਸਿੰਘ ਉਰਫ ਨਿੰਬੂ ਨਾਲ ਸੰਪਰਕ ਕੀਤਾ ਗਿਆ, ਜਿਸ ਨੇ ਅੱਗੇ ਦੋ ਨੌਜਵਾਨਾਂ ਅਸ਼ੋਕ ਅਤੇ ਆਕਾਸ਼ਦੀਪ ਨੂੰ ਇਸ ਕੰਮ ’ਚ ਸ਼ਾਮਲ ਕੀਤਾ।
ਸੂਤਰਾਂ ਦਾ ਦਾਅਵਾ ਹੈ ਕਿ ਅਸ਼ੋਕ ਦੇ ਨਾਂ ’ਤੇ ਪਹਿਲਾਂ ਇਕ ਸਿਮ ਕਾਰਡ ਖਰੀਦਿਆ ਗਿਆ। ਇਸ ਤੋਂ ਬਾਅਦ ਮਾਰਚ 2026 ’ਚ ਤਿੰਨਾਂ ਨੇ ਮਲੋਟ ਰੋਡ ਸਥਿਤ ਇਕ ਪੈਟਰੋਲ ਪੰਪ ਨੇੜੇ ਕੈਮਰਾ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੂੰ ਸ਼ੱਕ ਹੋਣ ਕਾਰਨ ਉਹ ਕੈਮਰਾ ਉਤਾਰ ਕੇ ਉੱਥੋਂ ਫਰਾਰ ਹੋ ਗਏ। ਕੁਝ ਦਿਨਾਂ ਬਾਅਦ ਉਹ ਮੁੜ ਰਾਤ ਸਮੇਂ ਉੱਥੇ ਪਹੁੰਚੇ ਅਤੇ ਸੋਲਰ ਆਧਾਰਤ ਸਿਮ ਕੈਮਰਾ ਬਿਜਲੀ ਦੇ ਖੰਭੇ ’ਤੇ ਲਗਾ ਕੇ ਚਲੇ ਗਏ।
ਇਸ ਪੂਰੇ ਮਾਮਲੇ ਦਾ ਖੁਲਾਸਾ ਜੂਨ ਮਹੀਨੇ ’ਚ ਹੋਇਆ ਸੀ। ਇਸ ਤੋਂ ਬਾਅਦ ਥਾਣਾ ਥਰਮਲ ਪੁਲਸ ਨੇ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਸ਼ੋਕ ਅਤੇ ਆਕਾਸ਼ਦੀਪ ਨੂੰ ਗ੍ਰਿਫਤਾਰ ਕਰ ਲਿਆ ਸੀ। ਮੁੱਖ ਮੁਲਜ਼ਮ ਨਿੰਬੂ ਫਰਾਰ ਚੱਲ ਰਿਹਾ ਸੀ, ਜਿਸ ਨੂੰ ਮੰਗਲਵਾਰ ਨੂੰ ਬਟਾਲਾ ਤੋਂ ਕਾਬੂ ਕਰ ਲਿਆ ਗਿਆ।
‘ਆਪ੍ਰੇਸ਼ਨ ਹਾਰਡ ਬਾਲ’: ਲਾਰੈਂਸ-ਗੋਲਡੀ ਗੈਂਗ ’ਤੇ ਅਮਰੀਕਾ ਦੀ ਵੱਡੀ ਕਾਰਵਾਈ; 24 ਗ੍ਰਿਫ਼ਤਾਰ
NEXT STORY