ਜਲਾਲਾਬਾਦ, (ਗੁਲਸ਼ਨ)– ਜੇਕਰ ਤੁਸੀਂ ਰੈੱਡ ਮੀਟ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਨੂੰ ਚੌਕੰਨਾ ਕਰਨ ਵਾਲੀ ਹੈ। ਮੀਟ ਦੇ ਸ਼ੌਕੀਨਾਂ ਨੂੰ ਆਪਣੀ ਸਿਹਤ ਦੇ ਪ੍ਰਤੀ ਜਾਗਰੂਕ ਹੋਣ ਦੀ ਲੋਡ਼ ਹੈ ਕਿਉਂਕਿ ਸ਼ਹਿਰ ’ਚ ਮੀਟ ਵੇਚਣ ਵਾਲੇ ਦੁਕਾਨਦਾਰ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਬਿਨਾਂ ਡਾਕਟਰੀ ਜਾਂਚ ਵਾਲਾ ਗੁਣਵੱਤਾ ਰਹਿਤ ਮੀਟ ਵੇਚ ਕੇ ਲੋਕਾਂ ਨੂੰ ਬੀਮਾਰ ਕਰ ਰਹੇ ਹਨ। ਦੁੱਖਦਾਈ ਪਹਿਲੂ ਇਹ ਹੈ ਕਿ ਮੀਟ ਕਾਰੋਬਾਰੀ ਗਾਹਕਾਂ ਤੋਂ ਪੂਰੇ ਪੈਸੇ ਲੈ ਕੇ ਵੀ ਬਦਲੇ ਵਿਚ ਬੱਕਰੇ ਦੇ ਨਾਂ ’ਤੇ ਭੇਡਾਂ ਦਾ ਮੀਟ ਵੇਚ ਰਹੇ ਹਨ, ਜਿਸ ਨਾਲ ਮੀਟ ਦੇ ਸ਼ੌਕੀਨ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ। ਜੈਪੁਰ ਸਥਿਤ ਦੇਸ਼ ਦੇ ਵੱਡੇ ਮੈਡੀਕਲ ਕਾਲਜ ਅਤੇ ਹਸਪਤਾਲ ਐੱਸ. ਐੱਮ. ਐੱਮ. ਦੇ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਪੰਜਾਬੀਆਂ ’ਚ ਕੋਲਨ ਕੈਂਸਰ (ਵੱਡੀ ਆਂਦਰ) ਦੇ ਮਰੀਜ਼ਾਂ ’ਚ 17 ਫੀਸਦੀ ਤੱਕ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਮੈਡੀਕਲ ਸਾਇੰਸ ਦੇ ਨਾਲ-ਨਾਲ ਮਾਹਿਰਾਂ ਲਈ ਵੀ ਇਕ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਸੇ ਵੀ ਜਾਨਵਰ ਨੂੰ ਵੱਢਣ ਤੋਂ ਪਹਿਲਾਂ ਉਸ ਨੂੰ ਸਲਾਟਰ ਹਾਊਸ ਲਿਜਾਉਣਾ ਹੁੰਦਾ ਹੈ। ਸਲਾਟਰ ਹਾਊਸ ਚਲਾਉਣ ਦਾ ਮਾਮਲਾ ਨਗਰ ਕੌਂਸਲ ਦੇ ਅਧਿਕਾਰ ਖੇਤਰ ਅਧੀਨ ਆਉਂਦਾ ਹੈ, ਜਦਕਿ ਜਾਨਵਰਾਂ ਦੀ ਸਿਹਤ ਦਾ ਨਿਰੀਖਣ ਵੈਟਰਨਰੀ ਵਿਭਾਗ ਦੇ ਅਧੀਨ ਆਉਂਦਾ ਹੈ ਪਰ ਦੋਵੇਂ ਹੀ ਵਿਭਾਗ ਆਪਣੀ-ਆਪਣੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਮਾਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਵੈਟਰਨਰੀ ਵਿਭਾਗ ਦੇ ਸਬੰਧਤ ਅਧਿਕਾਰੀ ਦੇ ਉਸ ਬਿਆਨ ਤੋਂ ਆਸਾਨੀ ਨਾਲ ਲਾਇਆ ਜਾ ਸਕਦਾ ਹੈ, ਜਿਸ ’ਚ ਵਿਭਾਗ ਨੇ ਮੰਨਿਆ ਕਿ ਬੀਤੇ ਕਈ ਸਾਲਾਂ ਤੋਂ ਵਿਭਾਗ ਵੱਲੋਂ ਕਿਸੇ ਵੀ ਮੀਟ ਕਾਰੋਬਾਰੀ ਵੱਲੋਂ ਬੱਕਰਾ ਅਤੇ ਹੋਰ ਵੱਢੇ ਜਾਣ ਵਾਲੇ ਕਿਸੇ ਹੋਰ ਜਾਨਵਰ ਦੀ ਸਿਹਤ ਦੀ ਜਾਂਚ ਨਹੀਂ ਕਰਵਾਈ ਗਈ ਹੈ, ਜਿਸ ਨਾਲ ਲੋਕਾਂ ਦੀ ਸਿਹਤ ’ਤੇ ਸਵਾਲੀਆ ਨਿਸ਼ਾਨ ਖਡ਼੍ਹਾ ਹੋਣਾ ਸੁਭਾਵਿਕ ਹੈ।
ਮੀਟ ਵੇਚਣ ਵਾਲੇ ਦੁਕਾਨਦਾਰਾਂ ਲਈ ਇਹ ਹਨ ਨਿਯਮ
ਮੀਟ ਵੇਚਣ ਵਾਲੇ ਦੁਕਾਨਦਾਰਾਂ ਲਈ ਕੁਝ ਨਿਯਮ ਹਨ, ਜਿਨ੍ਹਾਂ ਨੂੰ ਇਕ ਪਾਸੇ ਕਰ ਕੇ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਕੀਤਾ ਜਾ ਰਿਹਾ ਹੈ। ਨਿਯਮਾਂ ਦੇ ਅਨੁਸਾਰ ਵਿਭਾਗ ਵੱਲੋਂ ਮੀਟ ਕਾਰੋਬਾਰੀਆਂ ਤੋਂ ਫੀਸ ਲੈ ਕੇ ਲਾਇਸੈਂਸ ਜਾਰੀ ਕਰਨਾ, ਹਰ ਦੁਕਾਨਦਾਰ ਨੂੰ ਅਗਲੇ ਦਿਨ ਵੱਢੇ ਜਾਣ ਵਾਲੇ ਬੱਕਰੇ ਨੂੰ ਬੁੱਚਡ਼ਖਾਨੇ ਲਿਆ ਕੇ ਬੰਨ੍ਹ ਕੇ ਉਸ ਦਾ ਡਾਕਟਰੀ ਨਿਰੀਖਣ ਕਰਵਾਉਣਾ ਅਤੇ ਡਾਕਟਰ ਦੀ ਹਾਜ਼ਰੀ ’ਚ ਉਸ ਨੂੰ ਵੱਢਣਾ ਜ਼ਰੂਰੀ ਹੈ। ਵੈਟਰਨਰੀ ਡਾਕਟਰ ਕੱਟੇ ਜਾਣ ਵਾਲੇ ਬੱਕਰੇ ਜਾਂ ਫਿਰ ਸੂਅਰ ਦੀ ਸਿਹਤ ਦੀ ਜਾਂਚ ਕਰ ਕੇ ਆਪਣੀ ਆਗਿਆ ਦਿੰਦੇ ਹੋਏ ਵਿਭਾਗ ਦੀ ਮੌਹਰ ਲਾਉਂਦਾ ਹੈ, ਜਿਸ ਤੋਂ ਬਾਅਦ ਸਲਾਟਰ ਹਾਊਸ ’ਚ ਉਸ ਜਾਨਵਰ ਨੂੰ ਮਾਰਿਆ ਜਾਂਦਾ ਹੈ। ਉਪਰੰਤ ਉਸ ਦਾ ਮੀਟ ਦੁਕਾਨਦਾਰ ਵੇਚ ਸਕਦਾ ਹੈ।
ਕੀਟਨਾਸ਼ਕ ਵਾਲਾ ਹਰਾ ਚਾਰਾ ਬਣ ਰਿਹੈ ਰੈੱਡ ਮੀਟ ਤੋਂ ਕੈਂਸਰ ਦਾ ਕਾਰਨ
ਪੰਜਾਬੀ ਜੋ ਕਿ ਰੈੱਡ ਮੀਟ ਦੇ ਜ਼ਿਆਦਾ ਸ਼ੌਕੀਨ ਹਨ, ਵੱਡੀ ਆਂਦਰ ਵਿਚ ਕੈਂਸਰ ਦਾ ਤੇਜ਼ੀ ਨਾਲ ਸ਼ਿਕਾਰ ਹੋ ਰਹੇ ਹਨ। ਸ਼ੋਧ ’ਚ ਪਾਇਆ ਗਿਆ ਕਿ ਖੇਤੀਬਾਡ਼ੀ ਤੋਂ ਇਲਾਵਾ ਪੰਜਾਬ ਦੇ ਕਿਸਾਨ ਮਵੇਸ਼ੀਆਂ ਨੂੰ ਖੁਆਉਣ ਵਾਲੇ ਹਰੇ ਚਾਰੇ ’ਤੇ ਵੀ ਅੰਨ੍ਹੇਵਾਹ ਕੀਟਨਾਸ਼ਕਾਂ ਦਾ ਇਸਤੇਮਾਲ ਕਰ ਰਹੇ ਹਨ। ਬੱਕਰੇ, ਬੱਕਰੀਆਂ ਅਤੇ ਭੇਡਾਂ ਵਰਗੇ ਜਾਨਵਰ, ਜੋ ਕਿ ਅਜਿਹੇ ਹੀ ਹਰੇ ਚਾਰੇ ’ਤੇ ਪਲਦੇ ਹਨ, ਦੇ ਸਰੀਰ ਵਿਚ ਖੁਰਾਕ ਦੇ ਨਾਲ-ਨਾਲ ਚਾਰੇ ਵਿਚ ਮੌਜੂਦ ਕੀਟਨਾਸ਼ਕ ਦੇ ਅੰਸ਼ ਚਲੇ ਜਾਂਦੇ ਹਨ, ਜੋ ਕਿ ਤੇਜ਼ੀ ਨਾਲ ਵੱਡੀ ਆਂਦਰ ਦਾ ਕੈਂਸਰ ਵੰਡ ਰਹੇ ਹਨ। ਇਸ ਗੱਲ ਨੂੰ ਵੀ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਕੀਟਨਾਸ਼ਕ ਵਾਲੇ ਚਾਰੇ ਦੇ ਸੇਵਨ ਨਾਲ ਬੱਕਰੇ ਅਤੇ ਭੇਡਾਂ ਦੇ ਸਰੀਰ ’ਚ ਕੈਂਸਰ ਦਾ ਟਿਊਮਰ ਬਣ ਰਿਹਾ ਹੋਵੇ ਕਿਉਂਕਿ ਇਸ ਗੱਲ ਦਾ ਪਤਾ ਮੈਡੀਕਲ ਜਾਂਚ ਤੋਂ ਲਾਇਆ ਜਾ ਸਕਦਾ ਹੈ ਪਰ ਸਲਾਟਰ ਹਾਊਸ ਦੀ ਸਹੂਲਤ ਨਾ ਹੋਣ ਕਾਰਨ ਲੋਕ ਬੀਮਾਰ ਜਾਨਵਰਾਂ ਦਾ ਮਾਸ ਖਾਣ ਲਈ ਮਜਬੂਰ ਹਨ।
ਆਈ. ਏ. ਆਰ. ਸੀ. ਨੇ ਵੀ ਜਾਰੀ ਕੀਤਾ ਅਲਰਟ
ਕੈਂਸਰ ਵਰਗੀ ਨਾਮੁਰਾਦ ਬੀਮਾਰੀ ’ਤੇ ਰਿਸਰਚ ਕਰਨ ਵਾਲੀ ਕੌਮਾਂਤਰੀ ਸੰਸਥਾ ਇੰਟਰਨੈਸ਼ਨਲ ਏਜੰਸੀ ਆਫ ਰਿਸਰਚ ਆਨ ਕੈਂਸਰ (ਆਈ. ਏ. ਆਰ. ਸੀ.) ਨੇ ਇਕ ਸ਼ੋਧ ਵਿਚ ਖੁਲਾਸਾ ਕੀਤਾ ਹੈ ਕਿ ਰੈੱਡ ਮੀਟ ਖਾਣ ਨਾਲ ਕੈਂਸਰ ਦਾ ਖਤਰਾ ਵਧ ਜਾਂਦਾ ਹੈ ਕਿਉਂਕਿ ਰੈੱਡ ਮੀਟ ਅਤੇ ਕੈਂਸਰ ਵਿਚਾਲੇ ਡੂੰਘਾ ਰਿਸ਼ਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਜਾਨਵਰ ਨੂੰ ਕੱਟੇ ਜਾਣ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਜਾਂਚ ਕਰਨਾ ਜ਼ਰੂਰੀ ਹੈ। ਇਹ ਜ਼ਰੂਰੀ ਹੈ ਕਿ ਪਹਿਲਾਂ ਜਾਂਚ ਲਿਆ ਜਾਵੇ ਕਿ ਜਾਨਵਰ ਨੂੰ ਕੋਈ ਟਿਊਮਰ ਤਾਂ ਨਹੀਂ ਕਿਉਂਕਿ ਅਜਿਹੇ ਜਾਨਵਰ ਦਾ ਮਾਸ ਖਾਣ ਨਾਲ ਕੈਂਸਰ ਦਾ ਖਤਰਾ ਹੁੰਦਾ ਹੈ। ਸ਼ੋਧ ’ਚ ਕਿਹਾ ਗਿਆ ਕਿ ਜੋ ਲੋਕ ਬਹੁਤ ਜ਼ਿਆਦਾ ਰੈੱਡ ਮੀਟ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਇਸ ਦਾ ਸੇਵਨ ਘੱਟ ਕਰ ਦੇਣਾ ਚਾਹੀਦਾ ਹੈ।
ਦਹਾਕਿਆਂ ਤੋਂ ਬੰਦ ਪਿਐ ਸਲਾਟਰ ਹਾਊਸ
ਸ਼ਹਿਰ ਵਿਚ ਰੇਲਵੇ ਰੋਡ ’ਤੇ ਬਣਿਆ ਸਲਾਟਰ ਹਾਊਸ ਦਹਾਕਿਆਂ ਤੋਂ ਬੰਦ ਪਿਆ ਹੈ। ਸ਼ਹਿਰ ਦੀ ਜੇਕਰ ਗੱਲ ਕਰੀਏ ਤਾਂ ਇਥੇ ਦੋ ਦਰਜਨ ਤੋਂ ਜ਼ਿਆਦਾ ਅਤੇ ਪੇਂਡੂ ਇਲਾਕਿਆਂ ਵਿਚ ਸੈਂਕਡ਼ਿਆਂ ਦੀ ਗਿਣਤੀ ’ਚ ਮੀਟ ਦੇ ਕਾਰੋਬਾਰੀ ਦੁਕਾਨਾਂ ਕਰਦੇ ਹਨ। ਸਥਾਨਕ ਸਰਕਾਰਾਂ ਵਿਭਾਗ ਵੱਲੋਂ ਮੀਟ ਕਾਰੋਬਾਰੀਆਂ ਨੂੰ ਸਲਾਟਰ ਹਾਊਸ ਮੁਹੱਈਆ ਨਾ ਕਰਵਾ ਕੇ ਸ਼ਰੇਆਮ ਦੂਸ਼ਿਤ ਮੀਟ ਵੇਚਣ ਦੀ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ, ਜਿਸ ਕਾਰਨ ਮੀਟ ਕਾਰੋਬਾਰੀ ਸਰਕਾਰੀ ਨਿਯਮਾਂ ਦੀ ਉਲੰਘਣਾ ਕਰ ਕੇ ਮਨਮਰਜ਼ੀ ਤਰੀਕੇ ਨਾਲ ਗਾਹਕਾਂ ਨੂੰ ਭੇਡ, ਬੱਕਰੀਆਂ ਅਤੇ ਬੀਮਾਰ ਭੇਡਾਂ ਦਾ ਮੀਟ ਵੇਚ ਕੇ ਖੁਦ ਮੁਨਾਫਾ ਕਮਾ ਰਹੇ ਹਨ ਅਤੇ ਲੋਕਾਂ ਨੂੰ ਬੀਮਾਰੀਆਂ ਦੀ ਸੌਗਾਤ ਵੰਡ ਰਹੇ ਹਨ, ਜਦਕਿ ਸਬੰਧਤ ਵਿਭਾਗ ਗਹਿਰੀ ਨੀਂਦ ਸੁੱਤਾ ਪਿਆ ਹੈ।
ਸੀਵਰੇਜ ਜਾਮ ਰਹਿਣ ਕਾਰਨ ਭਡ਼ਕੇ ਲੋਕਾਂ ਨੇ ਫੂਕਿਆ ਪੁਤਲਾ
NEXT STORY