ਲੁਧਿਆਣਾ (ਅਨਿਲ)- ਥਾਣਾ ਸਲੇਮ ਟਾਬਰੀ ਅਧੀਨ ਆਉਂਦੇ ਮੁਹੱਲਾ ਅਮਨ ਨਗਰ ’ਚ ਇਕ ਪਲੰਬਰ ਵੱਲੋਂ ਆਪਣੇ ਘਰ ਅੰਦਰ ਪੌੜੀਆਂ ਦੀ ਗਰਿੱਲ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਜਾਂਚ ਅਧਿਕਾਰੀ ਥਾਣੇਦਾਰ ਹਰਦੇਵ ਸਿੰਘ ਅਤੇ ਹੌਲਦਾਰ ਮਨੋਜ ਕੁਮਾਰ ਨੇ ਦੱਸਿਆ ਕਿ ਸਵੇਰੇ ਕਰੀਬ 8 ਵਜੇ ਪੁਲਸ ਨੂੰ ਇਸ ਘਟਨਾ ਦੀ ਸੂਚਨਾ ਮਿਲੀ। ਪੁਲਸ ਟੀਮ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਮ੍ਰਿਤਕ ਦੀ ਪਛਾਣ ਪਰਮਿੰਦਰ ਸਿੰਘ (35) ਵਜੋਂ ਹੋਈ ਹੈ। ਉਹ ਮੂਲ ਰੂਪ ’ਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਪਰ ਬਚਪਨ ਤੋਂ ਹੀ ਲੁਧਿਆਣਾ ਰਹਿ ਰਿਹਾ ਸੀ। ਉਹ ਪਿਛਲੇ ਕਈ ਸਾਲਾਂ ਤੋਂ ਆਪਣੀ ਪਤਨੀ ਸਿਮਰਨ ਅਤੇ 4 ਸਾਲ ਦੇ ਬੱਚੇ ਨਾਲ ਇੱਥੇ ਕਿਰਾਏ ਦੇ ਮਕਾਨ ’ਚ ਰਹਿ ਰਿਹਾ ਸੀ। ਪੁਲਸ ਮੁਤਾਬਕ ਮ੍ਰਿਤਕ ਸ਼ਰਾਬ ਪੀਣ ਦਾ ਆਦੀ ਸੀ।
ਮ੍ਰਿਤਕ ਦੀ ਪਤਨੀ ਸਿਮਰਨ ਨੇ ਦੱਸਿਆ ਕਿ ਬੀਤੀ ਰਾਤ ਪਰਮਿੰਦਰ ਸਿੰਘ ਖਾਣਾ ਖਾ ਕੇ ਸੋ ਗਿਆ ਸੀ। ਅੱਜ ਸਵੇਰੇ ਜਦੋਂ ਮੁਹੱਲੇ ’ਚ ਕੰਮ ਕਰਨ ਵਾਲੀ ਇਕ ਔਰਤ ਨੇ ਘਰ ਦੇ ਅੰਦਰ ਦੇਖਿਆ ਤਾਂ ਪਰਮਿੰਦਰ (ਪਲਵਿੰਦਰ) ਸਿੰਘ ਦੀ ਲਾਸ਼ ਪੌੜੀਆਂ ਦੀ ਗਰਿੱਲ ਨਾਲ ਲਟਕ ਰਹੀ ਸੀ। ਉਸ ਔਰਤ ਦੇ ਰੌਲਾ ਪਾਉਣ ’ਤੇ ਮੁਹੱਲੇ ਦੇ ਲੋਕ ਇਕੱਠੇ ਹੋ ਗਏ। ਜਦੋਂ ਸਿਮਰਨ ਨੇ ਹੇਠਾਂ ਆ ਕੇ ਦੇਖਿਆ ਤਾਂ ਉਹ ਚੀਕਣ ਲੱਗ ਪਈ, ਜਿਸ ਤੋਂ ਬਾਅਦ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਹੈ। ਅਗਲੀ ਕਾਰਵਾਈ ਪਤਨੀ ਸਿਮਰਨ ਦੇ ਬਿਆਨਾਂ ਅਤੇ ਹਾਲਾਤ ਦੇ ਆਧਾਰ ’ਤੇ ਕੀਤੀ ਜਾਵੇਗੀ।
ਪਿੰਡ ਬਰਗਾੜੀ ਨੇੜੇ ਐਲ.ਪੀ.ਜੀ ਗੈਸ ਲੈ ਕੇ ਜਾ ਰਿਹਾ ਕੈਂਟਰ ਪਲਟਿਆ, ਰੋਕੀ ਗਈ ਆਵਾਜਾਈ
NEXT STORY