ਲੁਧਿਆਣਾ (ਰਾਜ): ਤਾਜਪੁਰ ਰੋਡ ਸਥਿਤ ਇੰਦਰਾਪੁਰੀ ਇਲਾਕੇ ਵਿਚ ਇਕ 40 ਸਾਲਾ ਵਿਅਕਤੀ ਨੇ ਘਰੇਲੂ ਪਰੇਸ਼ਾਨੀ ਤੇ ਮਾਨਸਿਕ ਤਣਾਅ ਕਾਰਨ ਆਪਣੇ ਹੀ ਘਰ ਅੰਦਰ ਫਾਹਾ ਲਗਾ ਕੇ ਮੌਤ ਨੂੰ ਗਲੇ ਲਗਾ ਲਿਆ। ਰਾਤ ਨੂੰ ਹੱਸਦੇ-ਖੇਡਦੇ ਪਰਿਵਾਰ ਨਾਲ ਖਾਣਾ ਖਾਣ ਵਾਲੇ ਸ਼ਖਸ ਦੀ ਸਵੇਰੇ ਲਾਸ਼ ਲਟਕਦੀ ਦੇਖ ਕੇ ਪੂਰੇ ਘਰ ਵਿਚ ਚੀਖ-ਚਿਹਾੜਾ ਮਚ ਗਿਆ ਤੇ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਇਹ ਦਰਦਨਾਕ ਘਟਨਾ ਐਤਵਾਰ ਦੀ ਰਾਤ ਨੂੰ ਵਾਪਰੀ।
ਮ੍ਰਿਤਕ ਦੀ ਪਛਾਣ ਇੰਦਰਾਪੁਰੀ ਨਿਵਾਸੀ ਵਿਕਾਸ ਕੁਮਾਰ ਵਜੋਂ ਹੋਈ ਹੈ, ਜੋ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ। ਇਸ ਖ਼ੌਫਨਾਕ ਕਦਮ ਦਾ ਪਤਾ ਸੋਮਵਾਰ ਦੀ ਸਵੇਰ ਨੂੰ ਉਸ ਵੇਲੇ ਲੱਗਿਆ ਜਦੋਂ ਪਰਿਵਾਰ ਦੇ ਲੋਕ ਰੋਜ਼ਾਨਾ ਦੀ ਤਰ੍ਹਾਂ ਵਿਕਾਸ ਨੂੰ ਜਗਾਉਣ ਲਈ ਉਸ ਦੇ ਕਮਰੇ ਵਿਚ ਗਏ। ਜਿਵੇਂ ਹੀ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਦਾ ਮੰਜ਼ਰ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸਾਹਮਣੇ ਵਿਕਾਸ ਦੀ ਲਾਸ਼ ਫਾਹੇ ਨਾਲ ਲਟਕ ਰਹੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ-7 ਦੀ ਪੁਲਸ ਤੁਰੰਤ ਹਰਕਤ ਵਿੱਚ ਆਈ।
ਜਾਂਚ ਕਰ ਰਹੇ ਹੈੱਡ ਕਾਂਸਟੇਬਲ ਅਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਤਫਤੀਸ਼ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਵਿਕਾਸ ਦਾ ਪਿਛਲੇ ਕੁਝ ਸਮੇਂ ਤੋਂ ਪਰਿਵਾਰ ਵਿਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਇਸੇ ਪਰਿਵਾਰਕ ਕਲੇਸ਼ ਤੇ ਅਣਬਣ ਕਾਰਨ ਉਹ ਕਈ ਦਿਨਾਂ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਅਤੇ ਤਣਾਅ ਵਿਚ ਚੱਲ ਰਿਹਾ ਸੀ। ਐਤਵਾਰ ਦੀ ਰਾਤ ਨੂੰ ਵੀ ਉਸ ਨੇ ਰੋਜ਼ ਦੀ ਤਰ੍ਹਾਂ ਪੂਰੇ ਪਰਿਵਾਰ ਨਾਲ ਬੈਠ ਕੇ ਖਾਣਾ ਖਾਧਾ ਪਰ ਮਾਨਸਿਕ ਤੌਰ ’ਤੇ ਪਰੇਸ਼ਾਨ ਹੋਣ ਕਾਰਨ ਉਸ ਨੇ ਕਮਰੇ ਅੰਦਰ ਫਾਹਾ ਲਗਾ ਲਿਆ। ਪੁਲਸ ਨੇ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਭੇਜ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਪਰਿਵਾਰ ਦੇ ਬਿਆਨ ਦਰਜ ਹੋਣ ਤੋਂ ਬਾਅਦ ਕਾਨੂੰਨ ਮੁਤਾਬਕ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਪੰਚਾਇਤੀ ਜ਼ਮੀਨ ਦੀ ਬੋਲੀ ਹੋਣ ਸਮੇਂ ਹੋਈ ਲੜਾਈ, 13 ਖ਼ਿਲਾਫ਼ ਕੇਸ ਦਰਜ
NEXT STORY