ਹਲਵਾਰਾ (ਲਾਡੀ): ਪਿੰਡ ਐਤੀਆਣਾ ਵਿਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਇਲਾਕੇ ਦੇ ਪ੍ਰਸਿੱਧ 82 ਸਾਲਾ ਫੀਡ ਵਪਾਰੀ ਕੁੰਦਨ ਲਾਲ ਵੱਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਕੁੰਦਨ ਲਾਲ ਨੇ ਘਰ ਵਿਚ ਹੀ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ, ਜਿਨ੍ਹਾਂ ਨੂੰ ਗੰਭੀਰ ਹਾਲਤ ਵਿਚ ਇਲਾਜ ਲਈ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਲੰਘੀ ਰਾਤ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਮ੍ਰਿਤਕ ਦੇ ਪੁੱਤਰ ਧਰਮਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਮੂਲ ਰੂਪ ਵਿਚ ਪਿੰਡ ਰੱਤੋਵਾਲ ਦਾ ਰਹਿਣ ਵਾਲਾ ਹੈ, ਪਰ ਕਰੀਬ 60 ਤੋਂ 62 ਸਾਲ ਪਹਿਲਾਂ ਉਹ ਪਿੰਡ ਐਤੀਆਣਾ ਆ ਵੱਸੇ ਸਨ। ਕੁੰਦਨ ਲਾਲ ਪਿਛਲੇ ਕਈ ਦਹਾਕਿਆਂ ਤੋਂ ਫੀਡ ਦੇ ਕਾਰੋਬਾਰ ਨਾਲ ਜੁੜੇ ਹੋਏ ਸਨ ਅਤੇ ਇਲਾਕੇ ਦੇ ਕਈ ਦੁਕਾਨਦਾਰਾਂ ਅਤੇ ਵਪਾਰੀਆਂ ਨਾਲ ਉਨ੍ਹਾਂ ਦੇ ਕਾਰੋਬਾਰੀ ਸਬੰਧ ਸਨ। ਪਰਿਵਾਰਕ ਮੈਂਬਰਾਂ ਮੁਤਾਬਕ ਲੁਧਿਆਣਾ ਅਤੇ ਨੇੜਲੇ ਕਈ ਪਿੰਡਾਂ ਦੇ ਕੁਝ ਵਪਾਰੀਆਂ ਕੋਲ ਉਨ੍ਹਾਂ ਦੇ ਲੱਖਾਂ ਰੁਪਏ ਬਕਾਇਆ ਫਸੇ ਹੋਏ ਸਨ। ਕਈ ਲੋਕਾਂ ਵੱਲੋਂ ਨਾ ਤਾਂ ਪੈਸੇ ਵਾਪਸ ਕੀਤੇ ਜਾ ਰਹੇ ਸਨ ਅਤੇ ਨਾ ਹੀ ਉਨ੍ਹਾਂ ਦੇ ਫੋਨ ਚੁੱਕੇ ਜਾ ਰਹੇ ਸਨ, ਜਿਸ ਕਾਰਨ ਕੁੰਦਨ ਲਾਲ ਪਿਛਲੇ ਕੁਝ ਸਮੇਂ ਤੋਂ ਕਾਫੀ ਮਾਨਸਿਕ ਤਣਾਅ ਵਿਚ ਰਹਿੰਦੇ ਸਨ।
ਪਰਿਵਾਰ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਸਮੇਂ ਜਦੋਂ ਘਰ ਦੇ ਮੈਂਬਰ ਜਗਰਾਉਂ ਗਏ ਹੋਏ ਸਨ ਤਾਂ ਕੁੰਦਨ ਲਾਲ ਨੇ ਘਰ ਵਿਚ ਇਕੱਲੇ ਹੋਣ ਦੌਰਾਨ ਜ਼ਹਿਰੀਲੀ ਦਵਾਈ ਨਿਗਲ ਲਈ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰ ਉਨ੍ਹਾਂ ਨੂੰ ਬਚਾ ਨਾ ਸਕੇ। ਮਾਮਲੇ ਦੌਰਾਨ ਇਕ ਹੋਰ ਮਹੱਤਵਪੂਰਨ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਦੀ ਜੇਬ ਵਿਚੋਂ ਦੋ ਹੱਥ-ਲਿਖਤ ਕਾਗਜ਼ ਵੀ ਮਿਲੇ ਹਨ। ਇਨ੍ਹਾਂ ਲਿਖਤਾਂ ਵਿਚ ਕੁੰਦਨ ਲਾਲ ਨੇ ਆਪਣੇ ਪਰਿਵਾਰ ਨੂੰ ਕਿਸੇ ਤਰ੍ਹਾਂ ਤੰਗ ਨਾ ਕਰਨ ਦੀ ਗੱਲ ਲਿਖੀ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਉਨ੍ਹਾਂ ਲੋਕਾਂ ਦੀ ਵੱਖਰੀ ਸੂਚੀ ਤਿਆਰ ਕੀਤੀ ਗਈ ਸੀ, ਜਿਨ੍ਹਾਂ ਕੋਲੋਂ ਉਨ੍ਹਾਂ ਦੇ ਪੈਸੇ ਲੈਣੇ ਬਾਕੀ ਸਨ। ਲਿਖਤ ਵਿਚ ਇਹ ਵੀ ਦਰਜ ਕੀਤਾ ਗਿਆ ਹੈ ਕਿ ਕਰੀਬ 6 ਲੱਖ ਰੁਪਏ ਉਨ੍ਹਾਂ ਨੇ ਹੋਰ ਲੋਕਾਂ ਨੂੰ ਦੇਣੇ ਹਨ, ਜਿਨ੍ਹਾਂ ਦੀ ਅਦਾਇਗੀ ਬਕਾਇਆ ਰਕਮ ਵਸੂਲ ਕਰਕੇ ਕਰ ਦਿੱਤੀ ਜਾਵੇ।
ਇਸ ਸਬੰਧੀ ਡੀ.ਐੱਸ.ਪੀ ਦਾਖਾ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਪੁਲਸ ਵੱਲੋਂ ਲਾਸ਼ ਕਬਜ਼ੇ ਵਿਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮ੍ਰਿਤਕ ਦੀ ਜੇਬ ਵਿਚੋਂ ਮਿਲੀ ਹੱਥ-ਲਿਖਤ ਦੀ ਵੀ ਜਾਂਚ ਕਰਵਾਈ ਜਾਵੇਗੀ।
ਨਸ਼ਿਆਂ ਕਾਰਨ 21 ਸਾਲਾ ਨੌਜਵਾਨ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
NEXT STORY