ਫਿਰੋਜ਼ਪੁਰ, (ਕੁਮਾਰ)- ਛਾਉਣੀ ਵਿਚ ਅੱਜ ਕਰੀਬ 7-8 ਨਕਾਬਪੋਸ਼ ਹਥਿਆਰਬੰਦ ਹਮਲਾਵਰਾਂ ਨੇ ਫਿਰੋਜ਼ਪੁਰ ਛਾਉਣੀ ਮੰਡਲ ਦੇ ਭਾਜਪਾ ਪ੍ਰਧਾਨ ਗੋਬਿੰਦ ਰਾਮ ਅਗਰਵਾਲ ’ਤੇ ਅੱਜ ਦੁਪਹਿਰੇ ਦਿਨ-ਦਿਹਾਡ਼ੇ ਜਾਨਲੇਵਾ ਹਮਲਾ ਕੀਤਾ। ਉਸ ਸਮੇਂ ਇਸ ਹਮਲੇ ’ਚ ਉਨ੍ਹਾਂ ਦਾ ਇਕ ਡਰਾਈਵਰ ਵੀ ਜ਼ਖਮੀ ਹੋਇਅਾ ਹੈ। ਖੂਨ ਨਾਲ ਲੱਥਪਥ ਹੋਏ ਗੋਬਿੰਦ ਰਾਮ ਨੂੰ ਫਿਰੋਜ਼ਪੁਰ ਸ਼ਹਿਰ ਦੇ ਸ਼ਹੀਦ ਅਨਿਲ ਬਾਗੀ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਉਸ ਦੀ ਇਕ ਬਾਂਹ ਤੋਡ਼ ਦਿੱਤੀ ਗਈ ਹੈ ਤੇ ਹੱਥ ਅਤੇ ਪੈਰ ਦੀਆਂ ਉਂਗਲੀਆਂ ਕੱਟ ਗਈਆਂ ਹਨ। ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਖਤਰੇ ’ਚੋਂ ਬਾਹਰ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲਾ ਭਾਜਪਾ ਪ੍ਰਧਾਨ ਦਵਿੰਦਰ ਬਜਾਜ, ਚੇਅਰਮੈਨ ਜਗਰਾਜ ਸਿੰਘ ਕਟੋਰਾ, ਬਲਵੰਤ ਸਿੰਘ ਰੱਖਡ਼ੀ ਚੇਅਰਮੈਨ ਤੇ ਹੋਰ ਭਾਜਪਾ ਆਗੂ ਹਸਪਤਾਲ ਵਿਚ ਪਹੁੰਚ ਗਏ ਹਨ।
®ਜ਼ਿਲਾ ਭਾਜਪਾ ਪ੍ਰਧਾਨ ਦਵਿੰਦਰ ਬਜਾਜ ਨੇ ਦੱਸਿਆ ਕਿ ਅੱਜ ਦੁਪਹਿਰ ਫਿਰੋਜ਼ਪੁਰ ਛਾਉਣੀ ਵਿਚ ਮੰਡਲ ਪ੍ਰਧਾਨ ਪਾਰਟੀ ਦੇ ਕੰਮਕਾਜ ਸਬੰਧੀ ਵਿਚਾਰ-ਚਰਚਾ ਕਰਨ ਲਈ ਉਨ੍ਹਾਂ ਦੇ ਕੋਲ ਆ ਰਹੇ ਸਨ ਅਤੇ ਅਚਾਨਕ ਮੋਰੀ ਗੇਟ ਫਿਰੋਜ਼ਪੁਰ ਸ਼ਹਿਰ ਵਿਚ ਡਾਕਟਰ ਮਦਨ ਮੋਹਨ ਚੌਕ ਦੇ ਕੋਲ ਉਨ੍ਹਾਂ ਦਾ ਸਕੂਟਰ ਖਰਾਬ ਹੋ ਗਿਆ ਤੇ ਉਨ੍ਹਾਂ ਕਿਸੇ ਨੂੰ ਲਿਜਾਣ ਲਈ ਫੋਨ ਕੀਤਾ ਅਤੇ ਉਸ ਵਿਅਕਤੀ ਦੀ ਇੰਤਜ਼ਾਰ ਕਰਨ ਲੱਗੇ। ਇੰਨੇ ਵਿਚ ਕਰੀਬ 7-8 ਨਕਾਬਪੋਸ਼ ਵਿਅਕਤੀ ਆਏ, ਜਿਨ੍ਹਾਂ ਦੇ ਕੋਲ ਬੇਸਬਾਲ ਤੇ ਤਲਵਾਰਾਂ ਆਦਿ ਸਨ, ਆਉਂਦੇ ਹੀ ਉਨ੍ਹਾਂ ਗੋਬਿੰਦ ਰਾਮ ’ਤੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਉਹ ਡਿੱਗ ਪਿਆ। ਹਮਲਾਵਰ ਉਸ ਨੂੰ ਡਿੱਗੇ ਪਏ ਨੂੰ ਵੀ ਮਾਰਦੇ ਰਹੇ। ਉਸ ਵੱਲੋਂ ਰੌਲਾ ਪਾਉਣ ’ਤੇ ਹਮਲਾਵਰ ਭੱਜ ਗਏ।
ਜ਼ਿਲਾ ਭਾਜਪਾ ਪ੍ਰਧਾਨ ਨੇ ਪ੍ਰਸ਼ਾਸਨ ਤੇ ਪੁਲਸ ਨੂੰ ਦਿੱਤੀ ਚਿਤਾਵਨੀ
ਜ਼ਿਲਾ ਭਾਜਪਾ ਪ੍ਰਧਾਨ ਦਵਿੰਦਰ ਬਜਾਜ ਤੇ ਉਨ੍ਹਾਂ ਦੇ ਸਾਥੀਆਂ ਨੇ ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸਨ ਤੇ ਪੁਲਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਕਾਨੂੰਨ ਵਿਵਸਥਾ ਨੂੰ ਬਹਾਲ ਕਰਦੇ ਹੋਏ ਭਾਜਪਾ ਅਹੁਦੇਦਾਰਾਂ ਤੇ ਮੈਂਬਰਾਂ ਦੀ ਜਾਨ ਤੇ ਮਾਲ ਦੀ ਰੱਖਿਆ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਹਮਲਾਵਰਾਂ ਨੂੰ ਜਲਦ ਨਹੀਂ ਫਡ਼ਿਆ ਤਾਂ ਭਾਜਪਾ ਸੰਘਰਸ਼ ਦਾ ਰਸਤਾ ਅਖਤਿਆਰ ਕਰਨ ਲਈ ਮਜਬੂਰ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਜਾਨਲੇਵਾ ਹਮਲੇ ਵਿਚ ਸਿਆਸੀ ਲੋਕਾਂ ਦਾ ਅਾਸ਼ੀਰਵਾਦ ਨਜ਼ਰ ਆਉਂਦਾ ਹੈ ਅਤੇ ਉਹ ਸਿਆਸੀ ਲੋਕ ਕੌਣ ਹਨ, ਹੁਣ ਤੱਕ ਇਸ ਸਬੰਧੀ ਕੁਝ ਨਹੀਂ ਕਿਹਾ ਜਾ ਸਕਦਾ। ਦੂਸਰੇ ਪਾਸੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਵੱਲੋਂ ਘਟਨਾ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
ਸ਼ਹਿਰ ’ਚ ਡੇਂਗੂ ਦਾ ਕਹਿਰ 3 ਮਰੀਜ਼ ਮਿਲੇ, ਪ੍ਰਸ਼ਾਸਨ ਅਲਰਟ
NEXT STORY