ਲੁਧਿਆਣਾ (ਰਾਮ) : ਤਿਉਹਾਰ ਅਤੇ ਵਿਆਹ-ਸ਼ਾਦੀਆਂ ਦੇ ਸੀਜ਼ਨ ’ਚ ਸੈਂਕੜੇ ਵੱਲ ਵਧ ਰਹੀਆਂ ਪਿਆਜ਼ ਦੀਆਂ ਕੀਮਤਾਂ ਘਰੇਲੂ ਔਰਤਾਂ ਦੇ ਹੰਝੂ ਕੱਢਵਾਉਣ ਲੱਗੀਆਂ ਹਨ। ਪਿਆਜ਼ ਦੀਆਂ ਕੀਮਤਾਂ ਨਰਾਤਿਆਂ ਦੇ ਦਿਨਾਂ ’ਚ 25-30 ਪ੍ਰਤੀ ਕਿਲੋ ਸਨ, ਜੋ ਕੁਝ ਹੀ ਦਿਨਾਂ ’ਚ ਵਧ ਕੇ 80 ਰੁ. ਪ੍ਰਤੀ ਕਿਲੋ ਦੇ ਕਰੀਬ ਪੁੱਜ ਚੁੱਕੀਆਂ ਹਨ ਅਤੇ ਆਉਣ ਵਾਲੇ ਦਿਨਾਂ ’ਚ ਇਸ ਦੇ ਹੋਰ ਵੀ ਜ਼ਿਆਦਾ ਵਧਣ ਦੀ ਸੰਭਾਵਨਾ ਹੈ। ਜ਼ਾਹਿਰ ਜਿਹੀ ਗੱਲ ਹੈ ਕਿ ਵਿਆਹ-ਸ਼ਾਦੀਆਂ ਦੇ ਪੀਕ ਸੀਜ਼ਨ ’ਚ ਪਿਆਜ਼ ਦੀ ਮੰਗ ਵੀ ਜ਼ਿਆਦਾ ਹੋਵੇਗੀ, ਜਿਸ ਕਾਰਨ ਮੁਸੀਬਤ ਹੋਰ ਵੀ ਵਧ ਸਕਦੀ ਹੈ।
ਇੰਨਾ ਹੀ ਨਹੀਂ, ਪਿਆਜ਼ ਦੇ ਨਾਲ-ਨਾਲ ਹੋਰ ਸਬਜ਼ੀਆਂ ਵੀ ਮਹਿੰਗੀ ਕੀਮਤ ਕਾਰਨ ਰਸੋਈ ਦਾ ਬਜਟ ਹਿਲਾਉਣ ਕਰਨ ਲਈ ਤਿਆਰ ਹਨ। ਅਦਰਕ ਕਰੀਬ 150 ਰੁ. ਪ੍ਰਤੀ ਕਿਲੋ ਅਤੇ ਲਸਣ 200 ਰੁ. ਪ੍ਰਤੀ ਕਿਲੋ, ਧਨੀਆ 180 ਰੁ. ਕਿਲੋ ਦੇ ਰੇਟ ’ਤੇ ਵਿਕ ਰਿਹਾ ਹੈ। ਇਸ ਤੋਂ ਇਲਾਵਾ ਹੋਰ ਸਬਜ਼ੀਆਂ ਦੇ ਰੇਟ ਵੀ ਆਸਮਾਨ ਛੂਹ ਰਹੇ ਹਨ, ਜੋ ਕਿ ਆਮ ਆਦਮੀ ਦੇ ਲਈ ਕਿਸੇ ਮੁਸੀਬਤ ਤੋਂ ਘੱਟ ਨਹੀਂ ਹੈ। ਸਬਜ਼ੀਆਂ ਦੇ ਵਧਦੇ ਰੇਟ ਆਸਮਾਨ ਛੂਹਣ ਦੀ ਮਾਰ ਦੁਕਾਨਦਾਰਾਂ ਨੂੰ ਵੀ ਝੱਲਣੀ ਪੈ ਰਹੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇੰਨੀ ਮਹਿੰਗੀ ਸਬਜ਼ੀ ਉਹ ਮੰਡੀ ਤੋਂ ਖਰੀਦਣ ਤੋਂ ਡਰਦੇ ਹਨ ਕਿ ਕਿਤੇ ਉਨ੍ਹਾਂ ਨੂੰ ਨੁਕਸਾਨ ਨਾ ਝੱਲਣਾ ਪਵੇ। ਜੇਕਰ ਜਾਣਕਾਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਸਬਜ਼ੀਆਂ ਦੇ ਰੇਟਾਂ ਵਿਚ ਹੋਰ ਵੀ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਘਰੇਲੂ ਔਰਤਾਂ ਨਾਲ ਗੱਲ ਕਰਨ ’ਤੇ ਉਨ੍ਹਾਂ ਨੇ ‘ਜਗ ਬਾਣੀ’ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਇਹ ਵੀ ਪੜ੍ਹੋ : ਸ਼ਰਾਬ ਕਾਰਨ ਹਰ ਸਾਲ ਹੁੰਦੀਆਂ ਨੇ 30 ਲੱਖ ਮੌਤਾਂ,ਫਿਰ ਵੀ ਨਹੀਂ ਛੱਡਦੇ ਲੋਕ, ਜਾਣੋ ਕਿਵੇਂ ਪੈਂਦੀ ਹੈ ਆਦਤ
ਅਸੀਂ ਬਾਜ਼ਾਰ ’ਚ ਸਬਜ਼ੀ ਲੈਣ ਜਾਂਦੇ ਹਾਂ ਤਾਂ ਦੇਖਦੇ ਹਾਂ ਕਿ ਹਰ ਇਕ ਸਬਜ਼ੀ ਦਾ ਰੇਟ ਪਹਿਲਾਂ ਤੋਂ ਕਾਫੀ ਵਧਿਆ ਹੋਇਆ ਹੈ। ਅਜਿਹੇ ’ਚ ਮਜਬੂਰਨ ਸਾਨੂੰ ਖੁਰਾਕ ਬਦਲਣੀ ਪੈਂਦੀ ਹੈ। ਸਾਡਾ ਰਸੋਈ ਦਾ ਬਜਟ ਗੜਬੜਾ ਗਿਆ।
-ਗੁਰਦੀਪ ਖੈਰਾ, ਘਰੇਲੂ ਔਰਤ
ਜੇਕਰ ਸਬਜ਼ੀਆਂ ਦੇ ਰੇਟ ਇਸੇ ਤਰ੍ਹਾਂ ਵਧਦੇ ਰਹੇ ਤਾਂ ਹਰ ਕਿਸੇ ਦੀ ਰਸੋਈ ਦਾ ਬਜਟ ਚਲਾਉਣ ਲਈ ਥੋੜ੍ਹੇ ਜ਼ਿਆਦਾ ਪੈਸੇ ਖਰਚ ਕਰਨੇ ਪੈ ਸਕਦੇ ਹਨ। ਤਿਉਹਾਰਾਂ ਦੇ ਸੀਜ਼ਨ ’ਚ ਪਹਿਲਾਂ ਹੀ ਕਾਫੀ ਹੋਰ ਖਰਚੇ ਹੁੰਦੇ ਹਨ। ਇਹ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ।
-ਵੰਦਨਾ ਗੋਇਲ, ਘਰੇਲੂ ਔਰਤ
ਆਮ ਤੌਰ ’ਤੇ ਹਰ ਸਬਜ਼ੀ ’ਚ ਵਰਤੇ ਜਾਣ ਵਾਲੇ ਪਿਆਜ਼ ਦੇ ਰੇਟ ਵਧਣ ਕਾਰਨ ਮੁਸ਼ਕਲਾਂ ਆ ਰਹੀਆਂ ਹਨ, ਜੋ ਕਿ ਤਿਉਹਾਰੀ ਸੀਜ਼ਨ ਵਿਚ ਰਸੋਈ ਦਾ ਬਜਟ ਹੋਰ ਵੀ ਵਧਾ ਸਕਦੀਆਂ ਹਨ। ਇਸ ਸੀਜ਼ਨ ਵਿਚ ਮਹਿਮਾਨਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਇਸ ਲਈ ਸਬਜ਼ੀਆਂ ਦੀ ਖਪਤ ਵੀ ਵਧ ਜਾਂਦੀ ਹੈ।
-ਰੇਣੂ ਗੋਇਲ, ਘਰੇਲੂ ਔਰਤ
ਇਹ ਵੀ ਪੜ੍ਹੋ : ਸਿਆਸੀ ਦਖਲਅੰਦਾਜ਼ੀ : ਨਗਰ ਨਿਗਮ ’ਚ ਗੜਬੜਾਇਆ ਇਮਾਰਤੀ ਇੰਸਪੈਕਟਰਾਂ ਦੀ ਪੋਸਟਿੰਗ ਦਾ ਗਣਿਤ
ਸਬਜ਼ੀਆਂ ਦੇ ਮਹਿੰਗੇ ਹੋਣ ਨਾਲ ਸਾਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਸਾਡਾ ਬਜਟ ਸਥਿਰ ਨਹੀਂ ਰਹਿ ਪਾਉਂਦਾ। ਸਰਕਾਰ ਨੂੰ ਪਿਆਜ਼ ਵਰਗੀਆਂ ਸਬਜ਼ੀਆਂ ਦੀ ਜਮ੍ਹਾਖੋਰੀ ’ਤੇ ਪਾਬੰਦੀ ਲਗਾਉਣ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ।
-ਸੰਗੀਤਾ ਗੁਪਤਾ, ਘਰੇਲੂ ਔਰਤ
ਸਰਕਾਰ ਅਤੇ ਸਮਾਜਿਕ ਜਥੇਬੰਦੀਆਂ ਨੂੰ ਇਸ ਸਮੱਸਿਆ ਨੂੰ ਸਮਝਣ ਅਤੇ ਹੱਲ ਲੱਭਣ ’ਚ ਮਦਦ ਕਰਨੀ ਚਾਹੀਦੀ ਹੈ, ਤਾਂ ਕਿ ਸਾਡੇ ਘਰਾਂ ਤੱਕ ਸਹੀ ਰੇਟਾਂ ’ਤੇ ਸਬਜ਼ੀਆਂ ਪੁੱਜ ਸਕਣ। ਆਖਿਰ ਕਿਉਂ ਕਿਸਾਨ ਤੋਂ 5-10 ਰੁ. ਕਿਲੋ ਖਰੀਦਿਆ ਜਾਣ ਵਾਲਾ ਪਿਆਜ਼ ਇੰਨਾ ਮਹਿੰਗਾ ਹੋ ਜਾਂਦਾ ਹੈ।
-ਸੀਮਾ ਵਿੱਜ, ਘਰੇਲੂ ਔਰਤ
ਸਬਜ਼ੀਆਂ ਦੇ ਰੇਟ ਜ਼ਿਆਦਾ ਹੋਣ ਕਾਰਨ ਹੁਣ ਸਬਜ਼ੀ ਲੈਂਦੇ ਸਮੇਂ ਮਨ ’ਚ ਦੁਵਿਧਾ ਹੁੰਦੀ ਹੈ ਕਿ ਕਿਹੜੀ ਸਬਜ਼ੀ ਲਈਏ। ਜ਼ਿਆਦਾਤਰ ਸਬਜ਼ੀਆਂ ਦੇ ਰੇਟ ਆਸਮਾਨ ਛੂਹ ਰਹੇ ਹਨ। ਦਾਲਾਂ ਦੀਆਂ ਕੀਮਤਾਂ ਵੀ ਕੁਝ ਘੱਟ ਨਹੀਂ ਹਨ, ਜਿਨ੍ਹਾਂ ਨੂੰ ਬਦਲ ਦੇ ਰੂਪ ’ਚ ਅਪਣਾਇਆ ਜਾ ਸਕੇ।
-ਮੋਨਿਕਾ ਟਾਂਗੜੀ, ਘਰੇਲੂ ਔਰਤ
ਅਚਾਨਕ ਸਬਜ਼ੀਆਂ ਦੇ ਰੇਟ ਵਧਣ ਨਾਲ ਖਰਚੇ ਵਧ ਚੁੱਕੇ ਹਨ, ਜੋ ਕਿ ਰਸੋਈ ਦੇ ਬਜਟ ਨੂੰ ਦੁੱਗਣੇ ਤੱਕ ਲਿਜਾ ਚੁੱਕੇ ਹੈ। ਇਸ ਸਬੰਧੀ ਮੱਧ ਵਰਗ ’ਚ ਚਿੰਤਾ ਪਾਈ ਗਈ ਹੈ। ਇਸ ਨਾਲ ਹੋਰ ਖਰਚਿਆਂ ਵਿਚ ਕਟੌਤੀ ਕਰਨੀ ਪੈ ਰਹੀ ਹੈ। ਹੋਰ ਸ਼ਾਪਿੰਗ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ।
-ਲਤਾ ਕਾਲੀਆ, ਘਰੇਲੂ ਔਰਤ
ਇਹ ਵੀ ਪੜ੍ਹੋ : ਟਰਾਂਸਪੋਰਟ ਨਗਰ ’ਚ ਟਰੱਕ ’ਚੋਂ ਕੈਮੀਕਲ ਡੁੱਲ੍ਹਿਆ, ਲੋਕਾਂ ਨੂੰ ਹੋਣ ਲੱਗੀ ਅੱਖਾਂ ’ਚ ਜਲਣ ਤੇ ਸਾਹ ਲੈਣ ’ਚ ਦਿੱਕਤ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੜਕ ਪਾਰ ਕਰਦਿਆਂ ਵਾਹਨ ਦੀ ਲਪੇਟ ’ਚ ਆਇਆ ਬਜ਼ੁਰਗ, ਮੌਤ
NEXT STORY