ਲੁਧਿਆਣਾ,(ਸਹਿਗਲ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਸਕੱਤਰ ਕੁਮਾਰ ਰਾਹੁਲ ਨੇ ਸਾਰੇ ਜ਼ਿਲਿਆਂ ਦੇ ਡੀ. ਸੀਜ਼, ਕਮਿਸ਼ਨਰ ਆਫ ਪੁਲਸ, ਸੀਨੀਅਰ ਸੁਪਰਡੈਂਟ ਆਫ ਪੁਲਸ ਅਤੇ ਸਿਵਲ ਸਰਜਨਾਂ ਨੂੰ ਪੱਤਰ ਜਾਰੀ ਕਰ ਕੇ ਸੂਬੇ ਵਿਚ ਰੇਲ ਗੱਡੀਆਂ ਰਾਹੀਂ ਯਾਤਰਾ ਕਰਨ ਵਾਲੇ ਚਾਹੇ ਉਹ ਦੂਜੇ ਰਾਜਾਂ ਤੋਂ ਆਉਣ ਵਾਲੇ ਜਾਂ ਜਾਣ ਵਾਲੇ ਹੋਣ, ਲਈ ਗਾਈਡਲਾਈਨਜ਼ ਜਾਰੀ ਕੀਤੀ ਹੈ, ਜਿਸ ਦਾ ਪਾਲਣ ਕਰਨਾ ਹਰ ਯਾਤਰੀ ਲਈ ਜ਼ਰੂਰੀ ਹੋਵੇਗਾ ਜਿਸ ਮੁਤਾਬਕ ਰੇਲਗੱਡੀ 'ਚ ਯਾਤਰਾ ਕਰਦੇ ਸਮੇਂ ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। ਸਿਰਫ ਉਨ੍ਹਾਂ ਹੀ ਯਾਤਰੀਆਂ ਨੂੰ ਸਟੇਸ਼ਨ ਪਲੇਟਫਾਰਮ 'ਤੇ ਆਉਣ ਦਿੱਤਾ ਜਾਵੇਗਾ, ਜਿਨ੍ਹਾਂ ਕੋਲ ਕਨਫਰਮ ਟਿਕਟ ਹੋਵੇਗੀ। ਦੂਜਾ ਚਾਹੇ ਯਾਤਰੀ ਅਟੈਂਡੈਂਟ ਹੋਵੇ ਜਾਂ ਗੱਡੀ ਚੜ੍ਹਾਉਣ ਆਏ ਹੋਣ ਸਟੇਸ਼ਨ ਦੇ ਅੰਦਰ ਆਉਣ ਦੀ ਆਗਿਆ ਨਹੀਂ ਹੋਵੇਗੀ। ਪਲੇਟਫਾਰਮ ਵਿਚ ਦਾਖਲ ਹੋਣ ਤੋਂ ਪਹਿਲਾਂ ਸਾਰੇ ਯਾਤਰੀਆਂ ਦਾ ਸਕ੍ਰੀਨਿੰਗ ਟੈਸਟ ਕੀਤਾ ਜਾਵੇਗਾ ਅਤੇ ਹਰ ਯਾਤਰੀ ਨੂੰ ਗੱਡੀ ਚੱਲਣ ਤੋਂ 45 ਮਿੰਟ ਪਹਿਲਾਂ ਸਟੇਸ਼ਨ 'ਤੇ ਪੁੱਜਣਾ ਹੋਵੇਗਾ। ਰੇਲ ਗੱਡੀ ਵਿਚ ਸਿਰਫ ਉਹੀ ਯਾਤਰੀ ਯਾਤਰਾ ਕਰ ਸਕਣਗੇ ਜਿਨ੍ਹਾਂ ਵਿਚ ਕੋਰੋਨਾ ਵਾਇਰਸ ਦੇ ਕਿਸੇ ਤਰ੍ਹਾਂ ਦੇ ਲੱਛਣ ਨਹੀਂ ਹੋਣਗੇ।
ਕੋਵਾ ਐਪ ਡਾਊਨਲੋਡ ਕਰਨਗੇ ਤਾਂ ਮਿਲੇਗਾ ਈ-ਪਾਸ
ਰੇਲਵੇ ਸਟੇਸ਼ਨ 'ਤੇ ਪੁੱਜਣ ਤੋਂ ਪਹਿਲਾਂ ਆਪਣੇ ਫੋਨ 'ਤੇ ਕੋਵਾ ਐਪ ਡਾਊਨਲੋਡ ਕਰਨੀ ਹੋਵੇਗੀ ਅਤੇ ਇਸ ਐਪ ਰਾਹੀਂ ਉਸ ਨੂੰ ਈ-ਪਾਸ ਲੈਣਾ ਪਵੇਗਾ, ਜਿਸ ਦੇ ਸਹਾਰੇ ਆਪਣੀ ਮੰਜ਼ਿਲ ਰੇਲਵੇ ਸਟੇਸ਼ਨ 'ਤੇ ਪੁੱਜਣ 'ਤੇ ਅਰਾਮ ਨਾਲ ਬਾਹਰ ਨਿਕਲ ਸਕੇਗਾ ਪਰ ਜੇਕਰ ਕਿਸੇ ਯਾਤਰੀ ਦੇ ਕੋਲ ਮੋਬਾਇਲ ਫੋਨ ਨਹੀਂ ਹੈ ਜਾਂ ਈ-ਪਾਸ ਜਨਰੇਟ ਨਹੀਂ ਕਰ ਸਕਦਾ ਤਾਂ ਉਸ ਦੀ ਕਮੀ ਵਿਚ ਉਸ ਨੂੰ ਆਪਣਾ ਅਧਾਰ ਕਾਰਡ, ਡ੍ਰਾਈਵਿੰਗ ਲਾਇਸੈਂਸ ਜਾਂ ਵੋਟਰ ਆਈ. ਡੀ. ਕਾਰਡ ਦਿਖਾਉਣਾ ਪਵੇਗਾ। ਇਸ ਤੋਂ ਇਲਾਵਾ ਹੈਲਥ ਟੀਮ ਵੱਲੋਂ ਐਲਾਨਿਆ ਫਾਰਮ ਭਰ ਕੇ ਦੇਣਾ ਪਵੇਗਾ।
ਸਾਰੇ ਯਾਤਰੀਆਂ ਨੂੰ ਕੱਟਣਾ ਪਵੇਗਾ 14 ਦਿਨ ਦਾ ਇਕਾਂਤਵਾਸ
ਸਾਰੇ ਯਾਤਰੀਆਂ ਨੂੰ 14 ਦਿਨ ਲਈ ਆਪਣੇ ਆਪਣੇ ਘਰਾਂ ਵਿਚ ਵੱਖਰਾ ਰਹਿਣਾ ਹੋਵੇਗਾ, ਜਿਸ ਦੀ ਸਿਹਤ ਵਿਭਾਗ ਵੱਲੋਂ ਮਾਨੀਟਰਿੰਗ ਕੀਤੀ ਜਾਵੇਗੀ। ਜੇਕਰ ਉਸ ਵਿਚ ਕੋਈ ਲੱਛਣ ਦਿਖਾਈ ਦਿੰਦੇ ਹਨ ਤਾਂ ਉਨ੍ਹਾਂ ਨੂੰ ਫੋਨ ਨੰਬਰ 104 'ਤੇ ਤੁਰੰਤ ਸੂਚਿਤ ਕਰਨਾ ਹੋਵੇਗਾ।
ਦੋ ਮਹੀਨੇ ਦੇ ਅੰਦਰ ਬੰਦੀਆਂ ਵੱਲੋਂ ਜੇਲ੍ਹ 'ਚੋਂ ਫਰਾਰੀ ਦੇ ਅਨੇਕਾਂ ਯਤਨ!
NEXT STORY