ਚੰਡੀਗੜ੍ਹ (ਅੰਕੁਰ ਤਾਂਗੜੀ)- ਕਿਸਾਨ ਧਰਨੇ ਦੌਰਾਨ ਜ਼ਖਮੀ ਹੋਏ ਕਿਸਾਨਾਂ ਨੂੰ ਕਾਨੂੰਨੀ ਸਹਾਇਤਾ ਦੇਣ ਸਬੰਧੀ ਜਾਣਕਾਰੀ ਦੇਣ ਲਈ ਯੂਨਾਈਟਿਡ ਸਿੱਖਸ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਤੇ ਗੁਰਪ੍ਰੀਤ ਸਿੰਘ, ਯੂਨਾਈਟਿਡ ਸਿੱਖਸ ਦੇ ਵਕੀਲ ਗੁਰਮੋਹਨਪ੍ਰੀਤ ਸਿੰਘ, ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਤੇ ਅਸ਼ੋਕ ਬਲਹਾਰਾ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ।
ਉਨ੍ਹਾਂ ਕਿਹਾ ਕਿ ਯੂਨਾਈਟਿਡ ਸਿੱਖਸ ਘੱਟ ਗਿਣਤੀਆਂ ਤੇ ਹਾਸ਼ੀਏ 'ਤੇ ਪਏ ਸਮੂਹਾਂ ਦੇ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਨ ਸਮੇਤ ਆਫ਼ਤਾਂ ਦੌਰਾਨ ਪੂਰੀ ਦੁਨੀਆ ਵਿੱਚ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਧਰਨੇ ਦੌਰਾਨ ਜ਼ਖਮੀ ਹੋਏ ਕਿਸਾਨਾਂ ਲਈ ਯੂਨਾਈਟਿਡ ਸਿੱਖਸ ਨੇ ਕਿਸਾਨਾਂ ਨੂੰ ਮੈਡੀਕਲ ਸਹਾਇਤਾ, ਤਿੰਨ ਐਂਬੂਲੈਂਸਾਂ ਰਾਹੀਂ ਰਾਹਤ ਦਿੱਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਕਾਨੂੰਨੀ ਸਹਾਇਤਾ ਦੇਣ ਦਾ ਵੀ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ- ਵਾਵਰੋਲੇ ਤੇ ਗੜ੍ਹਿਆਂ ਨੇ ਵਰ੍ਹਾਇਆ ਕਹਿਰ, ਪੁੱਟ ਸੁੱਟਿਆ ਪੈਟਰੋਲ ਪੰਪ ਤੇ ਸ਼ੈੱਡਾਂ ਨੂੰ ਬਣਾ ਦਿੱਤਾ ਛਾਨਣੀ (ਵੀਡੀਓ)
ਵਕੀਲ ਗੁਰਮੋਹਨਪ੍ਰੀਤ ਸਿੰਘ ਕਿਸਾਨਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਯੂਨਾਈਟਿਡ ਸਿੱਖਸ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਖਮੀ ਹੋਏ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਰਿੱਟ ਪਟੀਸ਼ਨਾਂ ਦਾਇਰ ਕੀਤੀਆਂ ਜਾ ਰਹੀਆਂ ਹਨ। ਹਰਿਆਣਾ ਪੁਲਸ ਵੱਲੋਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਰਬੜ ਦੀਆਂ ਗੋਲੀਆਂ, ਪੈਲੇਟ ਗਨ ਅਤੇ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ 'ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਹ ਮਨੁੱਖੀ ਅਧਿਕਾਰਾਂ ਦੀ ਸਿੱਧੀ ਉਲੰਘਣਾ ਹੈ। ਉਨ੍ਹਾਂ ਨੇ ਹਰਿਆਣਾ ਪੁਲਸ ਵੱਲੋਂ ਕਿਸਾਨਾਂ ਦੀ ਗ੍ਰਿਫ਼ਤਾਰੀ, ਅੱਤਿਆਚਾਰ, ਖੇਤਰੀ ਕਾਨੂੰਨਾਂ ਦੀ ਉਲੰਘਣਾ ਬਾਰੇ ਪੱਤਰਕਾਰਾਂ ਨਾਲ ਗੱਲ ਕੀਤੀ।
ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਸਾਨਾਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਯੂਨਾਈਟਿਡ ਸਿੱਖਸ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜਥੇਬੰਦੀ ਨੇ 2021 ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਵੀ ਮਨੁੱਖੀ ਅਤੇ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਸੀ। ਉਨ੍ਹਾਂ ਕਿਹਾ ਕਿ ਕੋਵਿਡ 19 ਮਹਾਮਾਰੀ ਦੌਰਾਨ ਵੀ ਸੰਸਥਾ ਵੱਲੋਂ ਆਕਸੀਜਨ ਕੰਸੰਟਰੇਟਰ ਮੁਹੱਈਆ ਕਰਵਾਏ ਗਏ ਸਨ।
ਇਹ ਵੀ ਪੜ੍ਹੋ- ਗਰੀਬ ਮਾਪੇ IELTS ਕਰਵਾ ਕੇ ਨਹੀਂ ਭੇਜ ਸਕੇ ਵਿਦੇਸ਼ ਤਾਂ ਧੀ ਹੋਈ ਦਿਮਾਗੀ ਤੌਰ 'ਤੇ ਪ੍ਰੇਸ਼ਾਨ, ਚੁੱਕ ਲਿਆ ਖ਼ੌਫ਼ਨਾਕ ਕਦਮ
ਕਿਸਾਨ ਆਗੂ ਅਸ਼ੋਕ ਬਲਹਾਰਾ ਨੇ ਕਿਹਾ ਕਿ ਦੇਸ਼ ਭਰ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਕਿਸਾਨਾਂ ਦੇ ਧਰਨੇ ਦਾ ਸਮਰਥਨ ਕਰਨਾ ਹੋਵੇਗਾ। ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਨੇ ਦਾਨੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ, ਜਿਸ ਦੇ ਨਤੀਜੇ ਵਜੋਂ ਕਿਸਾਨਾਂ ਨੂੰ ਮਾਨਵੀ, ਡਾਕਟਰੀ ਤੇ ਕਾਨੂੰਨੀ ਸਹਾਇਤਾ ਮਿਲੀ। ਉਨ੍ਹਾਂ ਕਿਸਾਨ ਰਾਹਤ ਹੈਲਪਲਾਈਨ ਨੰਬਰ +91 9999053503 ਸਾਂਝਾ ਕੀਤਾ, ਜਿਸ ਦੀ ਵਰਤੋਂ ਕਿਸਾਨ ਕਾਨੂੰਨੀ ਸਹਾਇਤਾ ਲੈਣ ਲਈ ਕਰ ਸਕਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਿਸਾਨ ਅੰਦੋਲਨ: SKM ਦੀ ਦੋਵਾਂ ਮੋਰਚਿਆਂ ਨੂੰ ਨਸੀਹਤ, 'ਸੰਘਰਸ਼ ਦੀ ਜਿੱਤ ਲਈ ਏਕਤਾ ਜ਼ਰੂਰੀ' (ਵੀਡੀਓ)
NEXT STORY