ਲਹਿਰਾਗਾਗਾ, (ਗਰਗ ਜਿੰਦਲ)- ਨਗਰ ਕੌਂਸਲ ਵੱਲੋਂ ਸ਼ਹਿਰ ਅੰਦਰ ਕਰੋਡ਼ਾਂ ਰੁਪਏ ਖਰਚ ਕਰ ਕੇ ਵਿਕਾਸ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸ਼ਹਿਰ ਦੀਆਂ ਕੁਝ ਸਡ਼ਕਾਂ ਦੀ ਤਰਸਯੋਗ ਹਾਲਤ ਅਤੇ ਮੁੱਖ ਚੌਕਾਂ, ਚੌਰਸਤੇ ਤੇ ਮੋਡ਼ਾਂ ’ਤੇ ਸਪੀਡ ਬ੍ਰੇਕਰ ਨਾ ਬਣਾਉਣਾ ਸ਼ਹਿਰ ਦੇ ਕੀਤੇ ਵਿਕਾਸ ਕੰਮਾਂ ’ਤੇ ਪ੍ਰਸ਼ਨ ਚਿੰਨ੍ਹ ਲਾ ਰਿਹਾ ਹੈ। ਭਾਵੇਂ ਨਗਰ ਕੌਂਸਲ ਨੇ ਪਿਛਲੇ ਦਿਨੀਂ ਸ਼ਹਿਰ ਦੀਆਂ ਕੁਝ ਸਡ਼ਕਾਂ ’ਤੇ ਪੈਚਵਰਕ ਕਰਵਾਇਆ ਅਤੇ ਕੁੱਝ ਥਾਵਾਂ ’ਤੇ ਸਪੀਡ ਬ੍ਰੇਕਰ (ਹੰਪ) ਵੀ ਬਣਵਾਏ ਪਰ ਜਦੋਂ ਉਕਤ ਕੰਮ ਕੀਤਾ ਗਿਆ ਤਾਂ ਉਸ ਸਮੇਂ ਨਗਰ ਕੌਂਸਲ ਦਾ ਕੋਈ ਵੀ ਟੈਕਨੀਕਲ ਅਧਿਕਾਰੀ ਜਾਂ ਕਰਮਚਾਰੀ ਮੌਜੂਦ ਨਹੀਂ ਸੀ, ਜਿਸ ਕਾਰਨ “ਅੱਗਾ ਦੌਡ਼, ਪਿੱਛਾ ਚੌਡ਼’’ ਦੀ ਕਹਾਵਤ ਕਾਰਨ ਠੇਕੇਦਾਰ ਵੱਲੋਂ ਆਪਣੀ ਮਨਮਰਜ਼ੀ ਨਾਲ ਕੰਮ ਕੀਤਾ ਗਿਆ, ਜਿਨ੍ਹਾਂ ਚੌਰਸਤਿਆਂ, ਮੋਡ਼ਾਂ ’ਤੇ ਸਪੀਡ ਬ੍ਰੇਕਰ (ਹੰਪਾਂ) ਦੀ ਲੋਡ਼ ਸੀ, ਉਥੇ ਤਾਂ ਬਣਾਏ ਹੀ ਨਹੀਂ ਗਏ ਅਤੇ ਜੋ ਲੋਕਾਂ ਦੀ ਸਹੂਲਤ ਲਈ ਇਕ ਸਪੀਡ ਬ੍ਰੇਕਰ ਸਥਾਨਕ ਮੰਡੀ ਵਾਲੇ ਮੰਦਰ ਚੌਕ (ਮਹਾਰਾਜਾ ਅਗਰਸੈਨ ਚੌਕ) ਵਿਖੇ ਬਣਾਇਆ ਗਿਆ ਸੀ, ਉਹ ਨਗਰ ਕੌਂਸਲ ਨੇ ਸਿਰਫ ਬਾਰਾਂ ਘੰਟਿਆਂ ਬਾਅਦ ਹੀ ਪੁੱਟ ਦਿੱਤਾ, ਲੋਕ ਹੈਰਾਨ ਸਨ ਕਿ ਇਹ ਹੋ ਕੀ ਰਿਹਾ ਹੈ।
ਸ਼ਹਿਰ ਨਿਵਾਸੀ ਪ੍ਰਸ਼ਾਸਨ ਨੂੰ ਕੋਸ ਰਹੇ ਸਨ ਕਿ ਇਹ ਕਿਹੋ ਜਿਹਾ ਪ੍ਰਸ਼ਾਸਨ ਹੈ ਜੋ ਲੋਕਾਂ ਦੇ ਹਿੱਤਾਂ ਦੀ ਕੋਈ ਪ੍ਰਵਾਹ ਨਹੀਂ ਕਰਦਾ, ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਸ਼ਹਿਰ ਦੀਆਂ ਕੁੱਝ ਸਡ਼ਕਾਂ ’ਤੇ ਜੋ ਪੈਚਵਰਕ ਕੀਤਾ ਗਿਆ ਹੈ ਉਹ ਵੀ ਅਤਿ ਘਟੀਆ ਦਰਜੇ ਦਾ ਹੈ । ਸਥਾਨਕ ਖਾਈ ਰੋਡ ’ਤੇ ਇਕ ਕਿਲੋਮੀਟਰ ਦੇ ਟੋਟੇ ’ਤੇ ਪਾਏ ਪੱਥਰ ਨੂੰ ਜਿਉਂ ਦਾ ਤਿਉਂ ਛੱਡ ਦਿੱਤਾ ਗਿਆ, ਜਿਸ ਦਾ ਸੰਤਾਪ ਉਥੋਂ ਦੇ ਵਸਨੀਕ ਤੇ ਦੁਕਾਨਦਾਰ ਕਈ ਸਾਲਾਂ ਤੋਂ ਭੋਗ ਰਹੇ ਹਨ ਤੇ ਨਗਰ ਕੌਂਸਲ ਨੂੰ ਕੋਸ ਰਹੇ ਹਨ, ਜਦੋਂ ਕਿ ਉਕਤ ਮਾਮਲਾ ਨਗਰ ਕੌਂਸਲ ਦੇ ਧਿਆਨ ’ਚ ਹੋਣ ਦੇ ਬਾਵਜੂਦ ਕੋਈ ਅਸਰ ਨਹੀਂ ਹੋ ਰਿਹਾ। ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਨਗਰ ਕੌਂਸਲ ਉਕਤ ਏਰੀਏ ਨੂੰ ਆਪਣਾ ਹਿੱਸਾ ਹੀ ਨਾ ਮੰਨਦੀ ਹੋਵੇ, ਇਥੇ ਇਹ ਵੀ ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ‘ਜਗ ਬਾਣੀ’ ਨੇ ਸ਼ਹਿਰ ਅੰਦਰ ਸੈਂਕਡ਼ੇ ਚੌਰਸਤਿਆਂ ਅਤੇ ਮੋਡ਼ਾਂ ’ਤੇ ਕੋਈ ਸਪੀਡ ਬ੍ਰੇਕਰ ਨਾ ਹੋਣ ਕਾਰਨ ਅਕਸਰ ਹਾਦਸੇ ਹੋਣ ਦਾ ਮਾਮਲਾ ਉਠਾਇਆ ਸੀ ਕਿਉਂਕਿ ਸਪੀਡ ਬ੍ਰੇਕਰ ਨਾ ਹੋਣ ਕਾਰਨ ਅਕਸਰ ਹੀ ਹਾਦਸੇ ਹੁੰਦੇ ਰਹਿੰਦੇ ਹਨ। ਬੇਸ਼ੱਕ ਅੱਜ ਤੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਲੋਕਾਂ ਦੇ ਵ੍ਹੀਕਲ ਆਪਸ ’ਚ ਟਕਰਾਉਣਾ ਨਿਰੰਤਰ ਜਾਰੀ ਹਨ ।
ਬਹੁਤ ਲੋਕ ਹੁਣ ਤੱਕ ਫੱਟਡ਼ ਹੋ ਚੁੱਕੇ ਹਨ ਤੇ ਵਾਹਨਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋ ਚੁੱਕਾ ਹੈ ਪਰ ਬਾਵਜੂਦ ਇਸ ਦੇ ਨਗਰ ਕੌਂਸਲ ਸ਼ਹਿਰ ਨਿਵਾਸੀਆਂ ਦਾ ਮਜ਼ਾਕ ਬਣਾ ਰਹੀ ਹੈ ਤੇ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਹੀ ਹੈ। ਜ਼ਰੂਰਤ ਹੈ ਕਿ ਸ਼ਹਿਰ ਦੇ ਮੁੱਖ ਚੌਕਾਂ, ਚੌਰਸਤਿਆਂ ’ਚ ਤੁਰੰਤ ਸਪੀਡ ਬ੍ਰੇਕਰ ਬਣਾ ਕੇ ਸ਼ਹਿਰ ਨਿਵਾਸੀਆਂ ਨੂੰ ਕਿਸੇ ਵੀ ਸੰਭਾਵੀ ਹਾਦਸੇ ਤੋਂ ਬਚਾਇਆ ਜਾਵੇ।
ਉਕਤ ਮਾਮਲੇ ’ਤੇ ਜਦੋਂ ਕਾਰਜ ਸਾਧਕ ਅਫਸਰ ਨਾਲ ਗੱਲ ਕਰਨੀ ਚਾਹੀ ਤਾਂ ਉਹ ਦਫ਼ਤਰ ਵਿਚ ਨਹੀਂ ਮਿਲੇ ਅਤੇ ਉਨ੍ਹਾਂ ਫੋਨ ਕੱਟ ਦਿੱਤਾ। ਹੁਣ ਦੇਖਣਾ ਇਹ ਹੈ ਕਿ ਨਗਰ ਕੌਂਸਲ ਜਾਂ ਪ੍ਰਸ਼ਾਸਨ ਉਕਤ ਮਾਮਲੇ ਨੂੰ ਕਿੰਨੀ ਗੰਭੀਰਤਾ ਨਾਲ ਲੈਂਦਾ ਹੈ ਜਾਂ ਫਿਰ ਸ਼ਹਿਰ ਨਿਵਾਸੀਆਂ ਨੂੰ ਰਾਮ ਭਰੋਸੇ ਹੀ ਆਪਣਾ ਜੀਵਨ ਬਸਰ ਕਰਨਾ ਪਵੇਗਾ।
ਲੱਦੇ ਸਾਮਾਨ ਦਾ ਈ-ਬਿੱਲ ਨਾ ਹੋਣ ਕਾਰਨ ਸਰਕਾਰ ਨੂੰ ਟੈਕਸ ’ਚ ਲਗਦਾ ਹੈ ਮੋਟਾ ਚੂਨਾ
NEXT STORY