ਲੁਧਿਆਣਾ (ਰਾਜ) - ਮਹਾਨਗਰ ਵਿਚ ਖਸਤਾ ਹਾਲ ਸੜਕਾਂ, ਡੂੰਘੇ ਟੋਇਆਂ ਅਤੇ ਬੰਦ ਪਈਆਂ ਸਟ੍ਰੀਟ ਲਾਈਟਾਂ ਕਾਰਨ ਇਕ ਹੋਰ ਬੇਗੁਨਾਹ ਨਾਗਰਿਕ ਦੀ ਜਾਨ ਚਲੀ ਗਈ। ਬਸਤੀ ਜੋਧੇਵਾਲ ਤੋਂ ਜਲੰਧਰ ਬਾਈਪਾਸ ਵੱਲ ਜਾਣ ਵਾਲੇ ਫਲਾਈਓਵਰ ’ਤੇ ਵੀਰਵਾਰ ਰਾਤ ਇਕ ਦਰਦਨਾਕ ਹਾਦਸੇ ਵਿਚ ਬਾਈਕ ਸਵਾਰ 45 ਸਾਲਾਂ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਔਰਤ ਆਪਣੇ ਰਿਸ਼ਤੇਦਾਰ ਨਾਲ ਸਬਜ਼ੀ ਮੰਡੀ ਤੋਂ ਖਰੀਦਦਾਰੀ ਕਰ ਕੇ ਘਰ ਵਾਪਸ ਆ ਰਹੀ ਸੀ ਤਾਂ ਉਸੇ ਸਮੇਂ ਪਿੱਛੋਂ ਆਏ ਇਕ ਤੇਜ਼ ਰਫਤਾਰ ਵਾਹਨ ਨੇ ਉਨ੍ਹਾਂ ਦੇ ਬਾਈਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਸੜਕ ’ਤੇ ਡਿੱਗਦੇ ਹੀ ਵਾਹਨ ਦਾ ਪਿਛਲਾ ਟਾਇਰ ਔਰਤ ਦੇ ਸਿਰ ਦੇ ਉੱਪਰੋਂ ਗੁਜ਼ਰ ਗਿਆ, ਜਿਸ ਕਾਰਨ ਉਸ ਦਾ ਸਿਰ ਬੁਰੀ ਤਰ੍ਹਾਂ ਕੁਚਲਿਆ ਗਿਆ ਤੇ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਮ੍ਰਿਤਕ ਔਰਤ ਦੀ ਪਛਾਣ ਤਾਜਪੁਰ ਰੋਡ ਨਿਵਾਸੀ 45 ਸਾਲਾ ਪੂਨਮ ਵਜੋਂ ਹੋਈ ਹੈ। ਮ੍ਰਿਤਕਾ ਦੇ ਰਿਸ਼ਤੇਦਾਰ ਮਾਸਟਰ ਨੇ ਦੱਸਿਆ ਕਿ ਵੀਰਵਾਰ ਰਾਤ ਉਹ ਬਸਤੀ ਜੋਧੇਵਾਲ ਸਬਜ਼ੀ ਮੰਡੀ ਤੋਂ ਖਰੀਦਦਾਰੀ ਕਰਨ ਤੋਂ ਬਾਅਦ ਬਾਈਕ ’ਤੇ ਜਲੰਧਰ ਬਾਈਪਾਸ ਵੱਲ ਆਪਣੇ ਘਰ ਪਰਤ ਰਹੇ ਸਨ। ਜਿਉਂ ਹੀ ਉਹ ਪੁਲ ਤੋਂ ਗੁਜ਼ਰ ਰਹੇ ਸਨ ਤਾਂ ਉਸੇ ਸਮੇਂ ਪਿੱਛੋਂ ਤੇਜ਼ ਰਫਤਾਰ ਨਾਲ ਆਏ ਇਕ ਵਾਹਨ ਨੇ ਉਨ੍ਹਾਂ ਦੇ ਬਾਈਕ ਨੂੰ ਸਿੱਧੀ ਟੱਕਰ ਮਾਰ ਦਿੱਤੀ। ਟੱਕਰ ਲਗਦੇ ਹੀ ਬਾਈਕ ਦਾ ਸੰਤੁਲਨ ਵਿਗੜ ਗਿਆ ਅਤੇ ਪੂਨਮ ਉੱਛਲ ਕੇ ਸੜਕ ਦੇ ਵਿਚਕਾਰ ਜਾ ਡਿੱਗੀ।
ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਸਕਦਾ, ਟੱਕਰ ਮਾਰਨ ਵਾਲੇ ਵਾਹਨ ਦਾ ਪਿਛਲਾ ਭਾਰੀ ਟਾਇਰ ਪੂਨਮ ਦੇ ਸਿਰ ਨੂੰ ਕੁਚਲਦਾ ਹੋਇਆ ਨਿਕਲ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਘਟਨਾ ਸਥਾਨ ’ਤੇ ਭਾਰੀ ਭੀੜ ਇਕੱਠੀ ਹੋ ਗਈ। ਆਸ-ਪਾਸ ਮੌਜੂਦ ਪ੍ਰਤੱਖ ਦੇਖਣ ਵਾਲਿਆਂ ਅਤੇ ਰਾਹਗੀਰਾਂ ਨੇ ਸ਼ੱਕ ਜਤਾਇਆ ਕਿ ਟੱਕਰ ਮਾਰਨ ਵਾਲਾ ਕੋਈ ਤੇਜ਼ ਰਫਤਰ ਪਿੱਕਅਪ ਵਾਹਨ ਸੀ, ਜਿਸ ਦਾ ਚਾਲਕ ਹਾਦਸੇ ਤੋਂ ਬਾਅਦ ਗੱਡੀ ਭਜਾ ਕੇ ਮੌਕੇ ਤੋਂ ਫਰਾਰ ਹੋ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਸੰਵੇਦਨਾ ਵੈੱਲਫੇਅਰ ਸੋਸਾਇਟੀ ਵੀ ਐਂਬੂਲੈਂਸ ਮੌਕੇ ’ਤੇ ਪੁੱਜੀ। ਰਾਹਤ ਮੁਲਾਜ਼ਮਾਂ ਦੀ ਮਦਦ ਨਾਲ ਨੁਕਸਾਨੀ ਹੋਈ ਲਾਸ਼ ਸੰਭਾਲੀ ਗਈ ਅਤੇ ਸਿਵਲ ਹਸਪਤਾਲ ਪਹੁੰਚਾਈ ਗਈ, ਜਿਥੇ ਡਾਕਟਰਾਂ ਨੇ ਪੁਸ਼ਟੀ ਤੋਂ ਬਾਅਦ ਲਾਸ਼ ਨੂੰ ਮੋਰਚਰੀ ਵਿਚ ਸੁਰੱਖਿਅਤ ਰਖਵਾ ਦਿੱਤਾ।
ਹਨੇਰੇ ਅਤੇ ਜਾਨਲੇਵਾ ਟੋਇਆਂ ’ਤੇ ਫੁੱਟਿਆ ਜਨਤਾ ਦਾ ਗੁੱਸਾ, ਪੁਲ ’ਤੇ ਲਾਇਆ ਜਾਮ
ਔਰਤ ਦੀ ਦਰਦਨਾਕ ਮੌਕ ਤੋਂ ਬਾਅਦ ਸਥਾਨਕ ਨਿਵਾਸੀਆਂ ਅਤੇ ਵਾਹਨ ਚਾਲਕਾਂ ਦਾ ਗੁੱਸਾ ਪ੍ਰਸ਼ਾਸਨ ਤੇ ਨਗਰ ਨਿਗਮ ਖਿਲਾਫ ਫੁੱਟ ਪਿਆ। ਗੁੱਸੇ ਵਿਚ ਆਏ ਲੋਕਾਂ ਨੇ ਪੁਲ ਦੇ ਦੋਵੇਂ ਪਾਸੇ ਵਾਹਨਾਂ ਨੂੰ ਰੋਕ ਕੇ ਚੱਕਾ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕਿ ਇਸ ਵਿਅਸਤ ਪੁਲ ’ਤੇ ਲੰਬੇ ਸਮੇਂ ਤੋਂ ਸਟ੍ਰੀਟ ਲਾਈਟਾਂ ਬੰਦ ਪਈਆਂ ਹਨ ਅਤੇ ਚਾਰੇ ਪਾਸੇ ਘੋਰ ਹਨੇਰਾ ਪੱਸਰਿਆ ਰਹਿੰਦਾ ਹੈ। ਇਸ ਤੋਂ ਇਲਾਵਾ ਸੜਕ ’ਤੇ ਜਗ੍ਹਾ-ਜਗ੍ਹਾ ਜਾਨਲੇਵਾ ਟੋਏ ਬਣੇ ਹੋਏ ਹਨ, ਜਿਨ੍ਹਾਂ ਤੋਂ ਬਚਣ ਦੇ ਚੱਕਰ ਵਿਚ ਆਏ ਦਿਨ ਵਾਹਨ ਚਾਲਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ। ਲੋਕਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਦੀ ਇਸੇ ਅਪਰਾਧਕ ਲਾਪ੍ਰਵਾਹੀ ਕਾਰਨ ਆਏ ਦਿਨ ਬੇਕਸੂਰ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ।
ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰ ਰਹੀ ਪੁਲਸ, ਅਣਪਛਾਤੇ ਚਾਲਕ ’ਤੇ ਮਾਮਲਾ ਦਰਜ
ਜਾਮ ਅਤੇ ਤਣਾਅ ਦੀ ਸੂਚਨਾ ਮਿਲਦੇ ਹੀ ਥਾਣਾ ਦਰੇਸੀ ਦੀ ਪੁਲਸ ਟੀਮ ਤੁਰੰਤ ਮੌਕੇ ’ਤੇ ਪੁੱਜੀ ਅਤੇ ਗੁੱਸੇ ਵਿਚ ਆਏ ਲੋਕਾਂ ਨੂੰ ਸ਼ਾਂਤ ਕਰਵਾ ਕੇ ਆਵਾਜਾਈ ਸੁਚਾਰੂ ਕਰਵਾਈ। ਜਾਂਚ ਅਧਿਕਾਰੀ ਸਹਾਇਕ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਬਾਰੀਕੀ ਨਾਲ ਤਫਤੀਸ਼ ਕਰ ਰਹੀ ਹੈ।
ਏ. ਐੱਸ .ਆਈ. ਨੇ ਕਿਹਾ ਕਿ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ’ਤੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਦੁਰਘਟਨਾ ਵਾਲੀ ਜਗ੍ਹਾ ਅਤੇ ਆਸ-ਪਾਸ ਦੇ ਰਸਤਿਆਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕੀਤੀ ਜਾ ਰਹੀ ਹੈ, ਤਾਂ ਕਿ ਟੱਕਰ ਮਾਰਨ ਵਾਲੇ ਸਟੀਕ ਵਾਹਨ ਤੇ ਉਸ ਦੇ ਨੰਬਰ ਦਾ ਪਤਾ ਲਗਾ ਕੇ ਫਰਾਰ ਚਾਲਕ ਨੂੰ ਜਲਦ ਤੋਂ ਜਲਦ ਸਲਾਖਾਂ ਪਿੱਛੇ ਭੇਜਿਆ ਜਾ ਸਕੇ।
ਚੋਰੀ ਦੇ 3 ਮੋਟਰਸਾਈਕਲਾਂ ਤੇ ਸਕੂਟਰ ਸਮੇਤ ਇਕ ਗ੍ਰਿਫ਼ਤਾਰ
NEXT STORY