ਭਾਰਤੀ ਭੂਮੀ ਵਿਗਿਆਨ ਸੁਸਾਇਟੀ ਦੀ ਲੁਧਿਆਣਾ ਇਕਾਈ ਨੇ ਅੱਜ ਪੀ.ਏ.ਯੂ. ਵਿਖੇ 16ਵਾਂ ਡਾ.ਆਰ. ਆਰ ਅਗਰਵਾਲ ਯਾਦਗਾਰੀ ਭਾਸ਼ਣ ਕਰਵਾਇਆ । ਇਹ ਭਾਸ਼ਣ ਸ਼ਿਕਾਗੋ ਅਮਰੀਕਾ ਵਿਚ ਸੀਨੀਅਰ ਵਾਤਾਵਰਨ ਅਤੇ ਭੂਮੀ ਵਿਗਿਆਨੀ ਵਜੋਂ ਕਾਰਜਸ਼ੀਲ ਅਤੇ ਪੀਏਯੂ ਦੇ ਸਾਬਕਾ ਵਿਦਿਆਰਥੀ ਡਾ. ਕੁਲਦੀਪ ਕੁਮਾਰ ਨੇ ਦਿੱਤਾ। ਇਸ ਭਾਸ਼ਣ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਮੁੱਖ ਤੌਰ ਤੇ ਸ਼ਾਮਿਲ ਹੋਏ। ਡਾ. ਕੁਲਦੀਪ ਕੁਮਾਰ ਨੇ ਆਪਣਾ ਭਾਸ਼ਣ ਦਿੰਦਿਆਂ ਪਾਣੀ ਦੇ ਮਿਆਰ ਅਤੇ ਮਿਕਦਾਰ ਵਿਚ ਸੁਧਾਰ ਬਾਰੇ ਕਈ ਨੁਕਤੇ ਸਾਂਝੇ ਕੀਤੇ। ਉਹਨਾਂ ਨੇ ਉਹਨਾਂ ਨਵੀਆਂ ਤਕਨੀਕਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਕਰਕੇ ਪਾਣੀ ਦਾ ਮਿਆਰ ਸੁਧਾਰਿਆ ਜਾ ਸਕਦਾ ਹੈ। ਇਸ ਨਾਲ ਹੀ ਉਹਨਾਂ ਨੇ ਜ਼ਮੀਨ ਹੇਠਲੇ ਪਾਣੀ ਦੇ ਰੀਚਾਰਜ ਸੰਬੰਧੀ ਪੱਛਮੀ ਦੇਸ਼ਾਂ ਵਿਚ ਗ੍ਰਹਿਣ ਕੀਤੇ ਆਪਣੇ ਅਨੁਭਵ ਸਾਂਝੇ ਕੀਤੇ। ਉਹਨਾਂ ਨੇ ਭੂਮੀ ਵਿਗਿਆਨੀਆਂ ਨੂੰ ਇਸ ਗੱਲ ਲਈ ਪ੍ਰੇਰਿਤ ਕਰਨ ਵਾਲੇ ਸ਼ਬਦ ਕਹੇ ਕਿ ਉਹ ਉਦਯੋਗਿਕ ਅਤੇ ਖੇਤੀ ਇਕਾਈਆਂ ਵਿਚ ਰਸਾਇਣਾਂ ਦੀ ਦੁਰਵਰਤੋਂ ਨਾਲ ਹੋ ਰਹੇ ਪਾਣੀ ਦੇ ਨੁਕਸਾਨ ਵੱਲ ਧਿਆਨ ਦੇਣ।
ਭੂਮੀ ਵਿਗਿਆਨ ਸੁਸਾਇਟੀ ਦੀ ਲੁਧਿਆਣਾ ਇਕਾਈ ਦੇ ਸਕੱਤਰ ਡਾ. ਧਰਮਿੰਦਰ ਸਿੰਘ ਨੇ ਡਾ. ਆਰ. ਆਰ. ਅਗਰਵਾਲ ਦੀਆਂ ਭੂਮੀ ਵਿਗਿਆਨੀ ਦੇ ਤੌਰ ਤੇ ਰਾਸ਼ਟਰੀ ਅੰਤਰ-ਰਾਸ਼ਟਰੀ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਪੀਏਯੂ ਦੇ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਓ.ਪੀ. ਚੌਧਰੀ ਨੇ ਭਾਸ਼ਣ ਕਰਤਾ ਵਿਦਵਾਨ ਬਾਰੇ ਸੰਖੇਪ ਵਿਚ ਜਾਣਕਾਰੀ ਦਿੰਦਿਆਂ ਉਹਨਾਂ ਦਾ ਸੁਆਗਤ ਕੀਤਾ। ਅੰਤ ਵਿਚ ਮੁੱਖ ਡਾ. ਬੈਂਸ ਨੇ ਡਾ. ਕੁਲਦੀਪ ਕੁਮਾਰ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੰਦਿਆਂ ਉਹਨਾਂ ਦੇ ਵਿਚਾਰਾਂ ਦੀ ਸ਼ਲਾਘਾ ਕੀਤੀ। ਡਾ. ਬੀ.ਐਸ. ਸੇਖੋਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਸੇਵਾ ਮੁਕਤ ਭੂਮੀ ਵਿਗਿਆਨੀਆਂ ਅਤੇ ਪੀ.ਏ.ਯੂ. ਦੇ ਭੂਮੀ ਮਾਹਿਰਾਂ ਤੋਂ ਬਿਨਾਂ ਪੋਸਟ ਗਰੈਜੂਏਟ ਵਿਦਿਆਰਥੀ ਹਾਜ਼ਰ ਸਨ।
ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀਆਂ ਦਾ ਦੋ ਰੋਜ਼ਾ ਸਿਖਲਾਈ ਕੈਂਪ ਸ਼ੁਰੂ ਹੋਇਆ
NEXT STORY