ਭਾਰਤ ਦੇ ਪੱਛਮੀ ਤੱਟ ’ਤੇ ਗੋਆ ਨਾਂ ਦਾ ਇਕ ਛੋਟਾ ਜਿਹਾ ਰਾਜ ਹੈ, ਜੋ ਮੇਰੇ ਪੂਰਵਜਾਂ ਦੀ ਜ਼ਮੀਨ ਹੈ, ਜੋ ਹਿੰਦੂ ਸਨ। ਮੇਰੀ ਨਾਨੀ ਨੇ ਮੈਨੂੰ ਦੱਸਿਆ ਕਿ ਸਾਡੇ ਪੂਰਵਜ ਰਿਸ਼ੀ ਪਰਸ਼ੂਰਾਮ ਨਾਲ ਗੋਆ ਆਏ ਸਨ, ਜਿਨ੍ਹਾਂ ਨੇ ਇਕ ਤੀਰ ਚਲਾਇਆ ਸੀ ਜੋ ਗੋਆ ਦੀ ਉਪਜਾਊ ਜ਼ਮੀਨ ’ਤੇ ਡਿੱਗਿਆ ਸੀ, ਜਿਸ ਦੇ ਬਾਅਦ ਗੌੜ ਸਾਰਸਵਤ ਨਾਂ ਦਾ ਭਾਈਚਾਰਾ ਹਜ਼ਾਰਾਂ ਸਾਲਾਂ ਤੋਂ ਗੋਆ ’ਚ ਰਹਿ ਰਿਹਾ ਹੈ।
ਮੈਂ ਆਪਣੀ ਦਾਦੀ ਨਾਲ ਆਖਰੀ ਵਾਰ ਜੂਨ 1952 ’ਚ ਮਿਲਿਆ ਸੀ, ਜਦੋਂ ਮੈਂ ਯੂ. ਪੀ. ਐੱਸ. ਸੀ. ਦੀ ਸਾਲਾਨਾ ਸਿਵਲ ਸਰਵਿਸਿਜ਼ ਪ੍ਰੀਖਿਆ ਦੀ ਤਿਆਰੀ ਲਈ ਸਿਰਫ ਆਪਣੇ ਕੱਪੜੇ ਅਤੇ ਕਿਤਾਬਾਂ ਲੈ ਕੇ ਬਿਨਾਂ ਦੱਸੇ ਉਨ੍ਹਾਂ ਦੇ ਪਿੰਡ ਅਤੇ ਉਨ੍ਹਾਂ ਦੇ ਘਰ ਪਹੁੰਚਿਆ ਸੀ। ਉਹ ਉਸ ‘ਹੰਗ ਹਾਊਸ’ ’ਚ ਇਕੱਲੀ ਰਹਿੰਦੀ ਸੀ, ਉਨ੍ਹਾਂ ਦੇ ਨਾਲ ਸਿਰਫ ਇਕ ਬੁੱਢੀ ਔਰਤ ਸੀ, ਜੋ ਸਾਥ ਦਿੰਦੀ ਸੀ ਅਤੇ ਖਾਣਾ ਬਣਾਉਂਦੀ ਸੀ। ਮੈਂ ਸ਼ਾਮ ਢਲਣ ਤੋਂ ਬਾਅਦ ਪਹੁੰਚਿਆ। ਮੈਨੂੰ ਹੈਰਾਨੀ ਹੋਈ ਕਿ ਸਾਰੇ ਦਰਵਾਜ਼ੇ ਖੁੱਲ੍ਹੇ ਸਨ-ਸਾਰੇ! ਉਨ੍ਹੀਂ ਦਿਨੀਂ ਗੋਆ ’ਚ ਹੱਤਿਆਵਾਂ ਅਤੇ ਚੋਰੀਆਂ ਆਮ ਗੱਲ ਨਹੀਂ ਸੀ। ਮੇਰੀ ਦਾਦੀ, ਜੋ ਉਦੋਂ 60 ਸਾਲ ਦੀ ਸੀ, ਇਕ ਵੱਡੇ ਘਰ ’ਚ ਸਿਰਫ ਉਸੇ ਉਮਰ ਦੀ ਇਕ ਮਹਿਲਾ ਦੇ ਨਾਲ ਰਹਿਣ ’ਚ ਕੋਈ ਬੁਰਾਈ ਨਹੀਂ ਸਮਝਦੀ ਸੀ।
ਗੋਆ, ਇੰਡੀਅਨ ਯੂਨੀਅਨ ਦੇ ਕਿਸੇ ਵੀ ਦੂਜੇ ਰਾਜ ਵਰਗਾ ਬਣ ਗਿਆ ਹੈ, ਇਕ ਤਰ੍ਹਾਂ ਨਾਲ ਜ਼ਿੰਦਾ ਹੈ ਕਿਉਂਕਿ ਇਹ ਕ੍ਰਾਈਮ ਅਤੇ ਕੁਰੱਪਸ਼ਨ ’ਚ ਡੁੱਬਿਆ ਹੋਇਆ ਹੈ। ਜਦੋਂ 1961 ’ਚ ਕਾਲੋਨੀਅਲ ਸ਼ਾਸਕਾਂ, ਪੁਰਤਗਾਲੀਆਂ ਨੂੰ ਬਾਹਰ ਕੱਢਿਆ ਗਿਆ, ਤਾਂ ਗੋਆ ਦਾ ਛੋਟਾ ਜਿਹਾ ਰਾਜ ਇੰਡੀਅਨ ਯੂਨੀਅਨ ’ਚ ਮਿਲ ਗਿਆ। ਸ਼ੁਰੂ ’ਚ, ਸਥਾਨਕ ਲੋਕ ਬਹੁਤ ਖੁਸ਼ ਸਨ। ਨਵੇਂ ਸ਼ਾਸਕ ਉਨ੍ਹਾਂ ਦੇ ਆਪਣੇ ਸਨ, ਜਦੋਂ ਤੱਕ ਕਿ ਗੋਆ ’ਚ ਕਸੀਨੋ ਕਲਚਰ ਨੂੰ ਬੜ੍ਹਾਵਾ ਨਹੀਂ ਮਿਲਿਆ, ਨਵੀਂ ਸਰਕਾਰ ’ਚ ਰਾਜ ਕਰਨ ਵਾਲਿਆਂ ਤੋਂ ਨਾਰਾਜ਼ਗੀ ਬਹੁਤ ਘੱਟ ਸੀ। ਕਾਂਗਰਸ ਸਰਕਾਰਾਂ ਨੇ ਭਾਜਪਾ ਨੂੰ ਰਸਤਾ ਦਿੱਤਾ, ਜਿਸ ਨੇ ਅਹੁਦੇ ਦੇ ਲਾਲਚ ’ਚ ਕਾਂਗਰਸ ਦੇ ਜ਼ਿਆਦਾਤਰ ਵਿਧਾਇਕਾਂ ਨੂੰ ਫਸਾ ਲਿਆ ਸੀ।
ਲੰਬੀ ਕਹਾਣੀ ਨੂੰ ਛੋਟਾ ਕਰਦੇ ਹੋਏ, ਇਹ ਕਿਹਾ ਜਾ ਸਕਦਾ ਹੈ ਕਿ ਜਦੋਂ ਤੱਕ ਮਨੋਹਰ ਪਾਰਿਕਰ ਰਾਜ ’ਚ ਭਾਜਪਾ ਦੇ ਮੁੱਖ ਮੰਤਰੀ ਸਨ, ਉਦੋਂ ਤੱਕ ਉੱਤਰੀ ਰਾਜਾਂ, ਖਾਸ ਕਰ ਕੇ ਦਿੱਲੀ ਅਤੇ ਪੰਜਾਬ ਤੋਂ ਸਾਥੀ ਨਾਗਰਿਕਾਂ ਦੇ ਆਉਣ ਅਤੇ ਕਸੀਨੋ ਕਲਚਰ ਦੇ ਕਹਿਰ ਦੇ ਬਾਵਜੂਦ ਕ੍ਰਾਈਮ ਅਤੇ ਕੁਰੱਪਸ਼ਨ ’ਤੇ ਰੋਕ ਲੱਗੀ ਹੋਈ ਸੀ।
ਮੈਨੂੰ ਇਹ ਕਹਿੰਦੇ ਹੋਏ ਦੁੱਖ ਹੋ ਰਿਹਾ ਹੈ ਕਿ ਪ੍ਰਮੋਦ ਸਾਵੰਤ ਦੀ ਮੌਜੂਦਾ ਸਰਕਾਰ ਨੇ ਪ੍ਰਸ਼ਾਸਨ ’ਤੇ ਪਾਰਿਕਰ ਦੀ ਪਕੜ ਨੂੰ ਇੰਨਾ ਢਿੱਲਾ ਛੱਡ ਦਿੱਤਾ ਹੈ ਕਿ ਇਸ ਮੁਸ਼ਕਿਲ ’ਚ ਫਸੇ ਰਾਜ ’ਚ ਕਾਨੂੰਨ ਦਾ ਰਾਜ ਵਾਪਸ ਲਿਆਉਣ ਲਈ ਬਹੁਤ ਮਿਹਨਤ ਕਰਨੀ ਹੋਵੇਗੀ। ਅੱਗ ਨੇ ‘ਬਰਚ ਬਾਏ ਰੋਮੀਓ ਲੇਨ’ ਨਾਂ ਦੇ ਪੂਰੀ ਤਰ੍ਹਾਂ ਨਾਲ ਗੈਰ-ਕਾਨੂੰਨੀ ਰੈਸਟੋਰੈਂਟ ਨੂੰ ਤਬਾਹ ਕਰ ਦਿੱਤਾ, ਜਿਸ ’ਚ 25 ਲੋਕ ਮਾਰੇ ਗਏ, ਜਿਨ੍ਹਾਂ ’ਚ 21 ਬਹੁਤ ਗਰੀਬ ਪ੍ਰਵਾਸੀ ਵੀ ਸ਼ਾਮਲ ਸਨ, ਜੋ ਗੋਆ ’ਚ ਰੋਜ਼ੀ-ਰੋਟੀ ਕਮਾਉਣ ਆਏ ਸਨ।
ਦੋ ਭਰਾ, ਗੌਰਵ ਅਤੇ ਸੌਰਭ ਲੂਥਰਾ, ਰੈਸਟੋਰੈਂਟ ਦੇ ਮਾਲਕ ਸਨ, ਨਾਲ ਇਕ ਪਾਰਟਨਰ ਅਜੇ ਗੁਪਤਾ ਵੀ ਸਨ। ਜ਼ਮੀਨ ਉਨ੍ਹਾਂ ਨੂੰ ਇਕ ਨਾਈਟ ਕਲੱਬ ਲਈ ਲੀਜ਼ ’ਤੇ ਦਿੱਤੀ ਗਈ ਸੀ, ਹਾਲਾਂਕਿ ਮਾਲਕ, ਇਕ ਨਾਰਥ ਇੰਡੀਅਨ, ਸੁਰਿੰਦਰ ਕੁਮਾਰ ਖੋਸਲਾ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਸ ਜ਼ਮੀਨ ’ਤੇ ਕੋਈ ਕੰਸਟ੍ਰਕਸ਼ਨ ਦੀ ਇਜਾਜ਼ਤ ਨਹੀਂ ਹੈ, ਕਿਉਂਕਿ ਉਹ ਪਹਿਲਾਂ ਨਮਕ ਦੇ ਖੇਤਾਂ ਦੇ ਕਿਨਾਰੇ ਸੀ।
ਖਬਰ ਹੈ ਕਿ ਗੌਰਵ ਅਤੇ ਸੌਰਭ ਲੂਥਰਾ, ਜੋ ਦੋਵੇਂ ਦਿੱਲੀ ਦੇ ਰਹਿਣ ਵਾਲੇ ਹਨ, 42 ਦੂਜੀਆਂ ਕੰਪਨੀਆਂ ਨਾਲ ਇਕ ਹੀ ਘਰ ਦਾ ਪਤਾ ਸਾਂਝਾ ਕਰਦੇ ਹਨ, ਜਿਨ੍ਹਾਂ ’ਚੋਂ ਵੱਧ ਸ਼ਾਇਦ ਸ਼ੈਲ ਕੰਪਨੀਆਂ ਹਨ। ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਨੂੰ ਇਹ ਪਤਾ ਲਗਾਉਣ ਦੀ ਸਲਾਹ ਦਿੱਤੀ ਜਾਵੇਗੀ ਕਿ ਕੀ ਇਹ 42 ਕੰਪਨੀਆਂ ਮਨੀ ਲਾਂਡਰਿੰਗ ਦਾ ਜ਼ਰੀਆ ਹਨ? ਮੈਂ ਇਕ ਵੱਡੇ ਅੰਗਰੇਜ਼ੀ ਅਖਬਾਰ ’ਚ ਇਕ ਰਿਪੋਰਟ ਪੜ੍ਹੀ ਕਿ ਜਦੋਂ ਇਲੈਕਟੋਰਲ ਬਾਂਡਸ ਦਾ ਬੋਲਬਾਲਾ ਸੀ, ਤਾਂ ਇਨ੍ਹਾਂ ਦੋਵਾਂ ਭਰਾਵਾਂ ਜਾਂ ਇਨ੍ਹਾਂ ਦੇ ਕੰਟਰੋਲ ਵਾਲੀਆਂ ਕੰਪਨੀਆਂ ਨੇ ਉਸ ਸਮੇਂ ਦੀ ਬਾਂਡ ਸਕੀਮ ’ਚ 37 ਕਰੋੜ ਰੁਪਏ ਜਮ੍ਹਾ ਕੀਤੇ ਸਨ।
ਹੁਣ, ਭਾਜਪਾ ਨੂੰ ਵੀ, ਕਿਸੇ ਵੀ ਦੂਜੀ ਪਾਲੀਟੀਕਲ ਪਾਰਟੀ ਵਾਂਗ, ਆਪਣੀ ਚੋਣ ਮਸ਼ੀਨ ਚਲਾਉਣ ਲਈ ਦੂਜੇ ਤਰੀਕਿਆਂ ਨਾਲ ਪੈਸਾ ਇਕੱਠਾ ਕਰਨਾ ਪੈਂਦਾ ਹੈ। ਗੋਆ ’ਚ ਨਾਈਟ ਕਲੱਬ ਅਤੇ ਕਸੀਨੋ ਨੇਤਾਵਾਂ ਨੂੰ ਸਭ ਤੋਂ ਆਸਾਨ ਸ਼ਿਕਾਰ ਦਿੰਦੇ ਹਨ, ਜਿਨ੍ਹਾਂ ਬਿਲਡਿੰਗ ਕੰਸਟ੍ਰਕਸ਼ਨਜ਼ ਨੇ ਗੋਆ ਦੇ ਪੇਂਡੂ ਇਲਾਕਿਆਂ ਦੀ ਸੂਰਤ ਬਦਲ ਦਿੱਤੀ ਹੈ, ਉਹ ਬੇਸ਼ੱਕ ਉਨ੍ਹਾਂ ਦੀ ਫੰਡਿੰਗ ਦਾ ਮੁੱਖ ਸਰੋਤ ਹਨ।
ਲੂਥਰਾ ਭਰਾ ਦਿੱਲੀ ’ਚ ਸਨ, ਜਦੋਂ ਉਨ੍ਹਾਂ ਦੇ ਨਾਈਟ ਕਲੱਬ ’ਚ ਅੱਗ ਲੱਗੀ, ਜੋ ਬਰਚ ਦੀ ਲੱਕੜੀ ਅਤੇ ਛੱਪਰ ਵਾਲੀਆਂ ਛੱਤਾਂ ਨਾਲ ਬਣਿਆ ਸੀ, ਜੋ ਪੂਰੀ ਤਰ੍ਹਾਂ ਨਾਲ ਜਲਣ ਵਾਲਾ ਪਦਾਰਥ ਹੈ। ਉਨ੍ਹਾਂ ਨੂੰ ਹਾਦਸੇ ਦੇ ਕੁਝ ਹੀ ਮਿੰਟਾਂ ’ਚ ਟੈਲੀਫੋਨ ’ਤੇ ਦੱਸਿਆ ਗਿਆ। ਗ੍ਰਿਫਤਾਰੀ ਤੋਂ ਬਚਣ ਲਈ ਉਨ੍ਹਾਂ ਨੇ ਤੁਰੰਤ ਥਾਈਲੈਂਡ ਲਈ ਆਪਣੀ ਫਲਾਈਟ ਬੁੱਕ ਕਰ ਲਈ। ਪ੍ਰਮੋਦ ਸਾਵੰਤ ਦੇ ਗੁਰਗੇ ਪੂਰੀ ਤਾਕਤ ਨਾਲ ਕੰਮ ਕਰਨ ਲੱਗੇ ਅਤੇ ਦੱਸਿਆ ਕਿ ਇਕ ਹੋਟਲ ’ਚ ਭਰਾਵਾਂ ਨੂੰ ਗ੍ਰਿਫਤਾਰ ਕਰਵਾਉਣ ’ਚ ਕਾਮਯਾਬ ਹੋ ਗਏ। ਇਹ ਖਬਰ ਸਾਰੀਆਂ ਵੱਡੀਆਂ ਅਖਬਾਰਾਂ ’ਚ ਇਸ ਉਮੀਦ ’ਚ ਛਾਪੀ ਗਈ ਕਿ ਜਨਤਾ ਭੁੱਲ ਜਾਵੇਗੀ ਕਿ ਅਸਲੀ ਗੁਨਾਹਗਾਰ ਉਹ ਲੋਕ ਸਨ, ਜਿਨ੍ਹਾਂ ਨੇ ਸਾਰੇ ਗੈਰ-ਕਾਨੂੰਨੀ ਕੰਮਾਂ ’ਤੇ ਆਪਣੀਆਂ ਅੱਖਾਂ ਬੰਦ ਕਰ ਲਈਆਂ।
ਉਹ ਕੌਣ ਅਧਿਕਾਰੀ ਹਨ, ਜਿਨ੍ਹਾਂ ਨੇ ਨਾਈਟ ਕਲੱਬ ਨੂੰ ਇੰਨੀ ਬੇਸ਼ਰਮੀ ਨਾਲ ਉਸ ਜ਼ਮੀਨ ’ਤੇ ਚੱਲਣ ਦਿੱਤਾ, ਜਿਸ ’ਚ ਕਾਨੂੰਨੀ ਤੌਰ ’ਤੇ ਕੋਈ ਕੰਸਟ੍ਰਕਸ਼ਨ ਦੀ ਇਜਾਜ਼ਤ ਨਹੀਂ ਸੀ। ਜੇਕਰ ਕਿਸੇ ਨੇਤਾ ਨੇ ਹਰੀ ਝੰਡੀ ਦਿੱਤੀ ਹੈ ਤਾਂ ਉਸ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ। ਜੇਕਰ ਅਖਬਾਰਾਂ ’ਚ ਹੁਣ ਦੱਸੀ ਜਾ ਰਹੀ ਗੈਰ-ਕਾਨੂੰਨੀ ਕੰਮਾਂ ਬਾਰੇ ਰਿਪੋਰਟ ਭੇਜੀ ਗਈ ਹੈ, ਤਾਂ ਉਹ ਕਿਹੜੇ ਅਫਸਰ ਹਨ, ਜਿਨ੍ਹਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਜਾਂ ਆਪਣੇ ਹੇਠਾਂ ਕੰਮ ਕਰਨ ਵਾਲਿਆਂ ਨੂੰ ਅੱਖਾਂ ਬੰਦ ਕਰਨ ਦਾ ਹੁਕਮ ਦਿੱਤਾ। ਉਨ੍ਹਾਂ ਨੂੰ ਲੂਥਰਾ ਭਰਾਵਾਂ ਅਤੇ ਜ਼ਮੀਨ ਦੇ ਮਾਲਕ ਨਾਲ ਸਹਿ-ਮੁਲਜ਼ਮ ਵਜੋਂ ਕਿਉਂ ਨਹੀਂ ਦੱਸਿਆ ਗਿਆ, ਜਿਸ ਦਾ ਅਜੇ ਤੱਕ ਪਤਾ ਨਹੀਂ ਲੱਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਜਿਸ ਪੁਲਸ ਸਟੇਸ਼ਨ ਅਧੀਨ ਨਾਈਟ ਕਲੱਬ ਚੱਲ ਰਿਹਾ ਸੀ, ਉਸ ਦੇ ਇੰਚਾਰਜ ਆਫਿਸਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਇਕ ਰਿਪੋਰਟ ਲਿਖੀ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ‘ਚੁੱਪ ਰਹਿਣ’ ਲਈ ਕਿਹਾ ਗਿਆ ਸੀ। ਜੇਕਰ ਅਜਿਹਾ ਹੈ, ਤਾਂ ਗੋਆ ਦੇ ਕਾਨੂੰਨ ਮੰਨਣ ਵਾਲੇ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲ ਸਕਦੀ, ਜੇਕਰ ਜਿਨ੍ਹਾਂ ਸੀਨੀਅਰ ਅਧਿਕਾਰੀਆਂ ਨੂੰ ਕਾਨੂੰਨ ਲਾਗੂ ਕਰਨਾ ਚਾਹੀਦਾ ਸੀ, ਉਹ ਖੁਦ ਹੀ ਆਪਣੇ ਹੀ ਅੰਡਰ ਕੀਤੇ ਜਾ ਰਹੇ ਖੁੱਲ੍ਹੇਆਮ ਜੁਰਮ ’ਚ ਸ਼ਾਮਲ ਹਨ।
ਜੂਲੀਓ ਰਿਬੈਰੋ (ਸਾਬਕਾ ਡੀ.ਜੀ.ਪੀ. ਪੰਜਾਬ ਅਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ)
ਤਿਰੂਪਤੀ ਦੇਵਸਥਾਨਮ ਮੰਦਰ 'ਚ ਚਰਬੀ ਵਾਲੇ ਘਿਓ ਦੇ ਬਾਅਦ ਸਿਲਕ ਦੁਪੱਟਾ ਘਪਲਾ!
NEXT STORY