ਸਰਹੱਦ ਉੱਤੇ ਲੜਾਈ ਖਤਮ ਹੋਣ ਤੋਂ ਬਾਅਦ ਫੌਜੀ ਜਵਾਨ ਆਪਣੇ ਘਰ ਛੁੱਟੀ ਮਨਾਉਣ ਆਇਆ।ਲੜਾਈ ਦੌਰਾਨ ਉਸਨੇ ਦੁਸ਼ਮਣਾਂ ਦੀਆਂ ਫੌਜਾਂ ਦੇ ਮੂੰਹ ਮੋੜੇ,ਕਈਆਂ ਦੁਸ਼ਮਣਾਂ ਨੂੰ ਗੋਲੀਆਂ ਨਾਲ ਭੁੰਨ ਕੇ ਮਾਰ ਮੁਕਾਇਆ ਅਤੇ ਦੁਸ਼ਮਣ ਫੌਜਾਂ ਦੇ ਟੈਂਕ ਤਬਾਹ ਕੀਤੇ।ਉਸ ਦੀ ਬਹਾਦਰੀ ਤੋਂ ਖੁਸ਼ ਹੋ ਕੇ ਸਰਕਾਰ ਨੇ ਉਸਨੂੰ ਇਕ ਮੈਡਲ ਦੇ ਕੇ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ।ਅੱਜ ਜਦ ਉਹ ਬੜੀ ਖੁਸ਼ੀ ਨਾਲ ਘਰ ਆਇਆ ਤਾਂ ਉਸਦੀ ਪਤਨੀ ਨੇ ਖੁਸ਼ੀ-ਖੁਸ਼ੀ ਉਸਦੀ ਸੇਵਾ ਕਰਨੀ ਸ਼ੁਰੂ ਕੀਤੀ ਕਿ ਮੇਰਾ ਪਤੀ ਬੜੇ ਦਿਨਾਂ ਬਾਅਦ ਘਰ ਆਇਆ ਜੰਗ ਜਿੱਤ ਕੇ ਅਤੇ ਸੋਚਦੀ ਏ 'ਸਰਕਾਰ ਨੇ ਉਸਨੂੰ ਇਨਾਮ ਵੀ ਦਿੱਤਾ ਬਹੁਤ ਸਾਰੇ ਪੈਸੇ ਵੀ ਮਿਲੇ ਹੋਣੇ ਐ'।ਪਰ ਉਸਨੂੰ ਫੌਜੀ ਦੇ ਟਰੰਕ ਵਿਚੋਂ ਕੱਪੜੇ ਅਤੇ ਮੈਡਲ ਤੋਂ ਬਿਨ੍ਹਾ ਜਦ ਕੁੱਝ ਨਾ ਮਿਲਿਆ ਤਾਂ ਗੁੱਸੇ ਵਿਚ ਲਾਲ-ਪੀਲੀ ਹੁੰਦੀ ਹੋਈ ਨੇ ਆਪਣੇ ਪਤੀ ਨੂੰ ਕਿਹਾ “ਆਹ ਕੀ ਬੀਟਾ ਜਾ ਚੁੱਕ ਲਿਆਇਆ ਇਹ ਗੱਲ ਸੁਣ ਕੇ ਫੌਜੀ ਜਵਾਨ ਨੂੰ ਇਉਂ ਮਹਿਸੂਸ ਹੋਇਆ ਜਿਵੇਂ ਦੁਸ਼ਮਣ ਦੀ ਤੋਪ ਦੇ ਗੋਲੇ ਨੇ ਉਸਨੂੰ ਫੱਟੜ ਕਰ ਦਿੱਤਾ ਹੋਵੇ।
ਮਨਜੀਤ ਪਿਉਰੀ 94174 47986
ਮਨਜੀਤ ਸਟੂਡੀਓ,ਨੇੜੇ ਭਾਰੂ ਗੇਟ ਗਿੱਦੜਬਾਹਾ