ਅੱਜ ਉਹ ਬੜੇ ਚਾਂਅਵਾ ਨਾਲ ਚਾਰ ਕੁ ਪੈੱਗ ਲਾ ਕੇ ਵਿਆਹ ਵਿਚ ਡਾਂਸ ਕਰ ਰਿਹਾ ਸੀ ਤੇ ਲੁੱਡੀਆਂ ਪਾਉਂਦਾ ਹੋਇਆ ਹੱਥ ਵਿਚ ਫੜੀ ਨੋਟਾਂ ਵਾਲੀ ਗੁੱਟੀ ਵਿਚੋਂ ਨੋਟ ਕੱਢ-ਕੱਢ ਵਾਰ ਰਿਹਾ ਸੀ।ਕਰਤਾਰੇ ਨੇ ਆਪਣੇ ਪੁੱਤਰ ਦੇ ਵਿਆਹ ਲਈ ਸ਼ਹਿਰ ਦਾ ਚੰਗਾ ਪੈਲਸ ਬੁੱਕ ਕੀਤਾ ਹੋਇਆ ਸੀ ਅਤੇ ਜਿੰਨ੍ਹਾਂ ਲੋਕਾਂ ਨੇ ਕਦੇ ਉਸਨੂੰ ਆਪਣੇ ਕਿਸੇ ਵੀ ਸਮਾਗਮ ਵਿਚ ਨਹੀਂ ਬੁਲਾਇਆ ਸੀ ਉਨ੍ਹਾਂ ਵੱਡੇ ਘਰਾਣਿਆਂ ਦੇ ਲੋਕਾਂ ਨੂੰ ਵੀ ਸੱਦਾ ਦਿੱਤਾ ਹੋਇਆ ਸੀ।ਤਰ੍ਹਾਂ-ਤਰ੍ਹਾਂ ਦੇ ਖਾਣਿਆਂ ਵਿਚ ਸਭ ਲੋਕ ਖਾਣ-ਪੀਣ ਤੇ ਕੁੱਝ ਮੇਜਾਂ 'ਤੇ ਬੈਠੇ ਸਰਾਬ ਦੇ ਦੌਰ ਵਿਚ ਮਸਤ ਸਨ।ਕਰਤਾਰਾ ਵੀ ਆਰਕੈਸਟਰਾ ਵਾਲੀਆਂ ਕੁੜੀਆਂ ਉੱਤੋਂ ਟੌਹਰ ਬਨਾਉਣ ਲਈ ਗੁੱਟੀਆਂ ਵਿਚੋਂ ਨੋਟ ਕੱਢ-ਕੱਢ ਵਾਰ ਰਿਹਾ ਸੀ ਤਾਂ ਪਿੱਛਲੇ ਮੇਜ 'ਤੇ ਬੈਠਾ ਉਸਦਾ ਯਾਰ ਚਰਨਾਂ ਕੁਲਦੀਪ ਨੂੰ ਘੁਸਰ-ਮੁਸਰ ਕਰਦਾ ਕਹਿ ਰਿਹਾ ਸੀ ਕਿ ਵਿਚਾਰੇ ਕਰਤਾਰੇ ਨੇ ਤਾਜ਼ਾ ਹੀ ਆੜ੍ਹਤੀਏ ਦੀ ਬਹੀ ਵਿਚ ਗੂਠਾ ਲਾਇਆ ਐ ਤੇ ਉਹ ਵੀ ਦੁਗਣੇ ਵਿਆਜ ਤੇ ਚੱਕੇ ਐ' ਚਰਨੇ ਦੀ ਗੱਲ ਵਿਚੇ ਟੋਕਦਿਆਂ ਜਦ ਕੁਲਦੀਪ ਨੇ ਵਿਆਹ ਵਿਚ ਹੋ ਰਹੀ ਫਜ਼ੂਲ ਖਰਚੀ ਤੇ ਆਪਣਾ ਭਾਸ਼ਣ ਦੇਣਾ ਚਾਹਿਆ ਤਾਂ ਨਸ਼ੇ ਦੀ ਲੋਰ ਵਿਚ ਚਰਨੇ ਨੇ ਵੀ ਕਹਾਵਤ ਕੱਢ ਮਾਰੀ ਕਿ 'ਲਹਿਣਗੇ ਤਾਂ ਲਹਿਣਗੇ ਨਹੀਂ ਤਾਂ ਬਹੀਆਂ 'ਚ ਪਏ ਖਹਿਣਗੇ'' ਤੇ ਉਹ ਹੱਸਦੇ ਹੋਏ ਅਗਲਾ ਪੈੱਗ ਲਾਉਣ ਦੀ ਤਿਆਰੀ ਵਿਚ ਹੋ ਗਏ। ਉਨ੍ਹਾਂ ਦੀ ਇਸ ਕਹਾਵਤ ਨੇ ਮੈਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਕਿ ਜੇਕਰ ਮੈਂ ਆੜਤੀਏ ਦੀ ਜਾਮਨੀ ਦੇ ਦਿੰਦਾ ਤਾਂ ਉਹਨੇ ਕਰਤਾਰੇ ਦੇ ਨਾਲ ਮੈਨੂੰ ਵੀ ਥਾਣੇ-ਕਚਹਿਰੀਆਂ ਦੇ ਧੱਕੇ ਖੁਆ ਦੇਣੇ ਸੀ ਕਿਉਂਕਿ ਦਸ ਕੁ ਦਿਨ ਪਹਿਲਾਂ ਇਹੀ ਕਰਤਾਰਾ ਮੈਨੂੰ ਆ ਕੇ ਕਹਿ ਰਿਹਾ ਸੀ ਕਿ 'ਯਾਰ ਤੈਨੂੰ ਤਾਂ ਸ਼ਹਿਰ 'ਚ ਰਹਿਣ ਕਰਕੇ ਆੜਤੀਏ ਜਾਂ ਪੈਸੇ ਵਿਆਜੁ ਦੇਣ ਵਾਲੇ ਲੋਕ ਜਾਣਦੇ ਹੋਨੇ ਐ, ਮੈਨੂੰ ਲੜਕੇ ਦੇ ਵਿਆਹ ਲਈ ਕੁੱਝ ਪੈਸੇ ਵਿਆਜ ਤੇ ਦੁਆ ਦੇ, ਮੈਂ ਹਾੜੀ ਵੇਲੇ ਪੈਸੇ ਮੋੜ ਦਿਆਂਗਾ' ।ਲੋਕਾਂ ਦੀ ਇਹੀ ਸੋਚ ਉਨ੍ਹਾਂ ਨੂੰ ਰੱਸੀਆਂ ਦੇ ਫੰਦੇ ਜਾਂ ਕੀਟ ਨਾਸ਼ਕ ਦਵਾਈਆਂ ਪੀ ਕੇ ਮਰਨ ਲਈ ਮਜ਼ਬੂਰ ਕਰ ਰਹੀਆਂ ਹਨ।ਕਿਉਂ ਅੱਜ ਸਾਡੇ ਪੰਜਾਬੀ ਲੋਕ ਸਮਾਜ ਵਿਚ ਵੱਡਿਆਂ ਦੀ ਰੀਸ ਕਰਕੇ ਆਪਣੀ ਝੂਠੀ ਸ਼ੋਹਰਤ ਬਨਾਉਣ ਲਈ ਅੱਡੀਆਂ ਚੁੱਕ ਕੇ ਫਾਹਾ ਲੈ ਰਹੇ ਹਨ?
ਮਨਜੀਤ ਪਿਉਰੀ
ਮਨਜੀਤ ਸਟੂਡੀਓ, ਨੇੜੇ ਭਾਰੂ ਗੇਟ
ਗਿੱਦੜਬਾਹਾ 94174 47986