ਅੱਜ ਕੱਲ ਵੱਡੇ ਸ਼ਹਿਰਾਂ ਵਿੱਚ, ਖਾਸ ਕਰਕੇ ਚੰਡੀਗੜ੍ਹ ਵਰਗੇ ਸ਼ਹਿਰ ਵਿੱਚ ਛੋਟੇ ਬੱਚਿਆਂ ਨੂੰ ਦਾਲਾਂ ਦੇ ਨਾਂ ਤੱਕ ਨਹੀਂ ਆਉਂਦੇ। ਉਹ ਕਾਲੀ ਦਾਲ, ਪੀਲੀ ਦਾਲ ਜਾਂ ਹਰੀ ਦਾਲ ਕਰਕੇ ਹੀ ਦਾਲਾਂ ਨੂੰ ਪਹਿਚਾਣਦੇ ਹਨ।
ਇਕ ਦਿਨ ਬਾਬੂ ਰਾਮੇਸ਼, ਦਫਤਰ ਵਿੱਚ ਕੰਮ ਵੱਧ ਹੋਣ ਕਰਕੇ ਦਫਤਰੋਂ ਲੇਟ ਹੋ ਗਿਆ। ਉਸ ਨੂੰ ਭੁੱਖ ਵੀ ਡਾਢੀ ਲੱਗੀ ਹੋਈ ਸੀ। ਜਦੋਂ ਉਹ ਘਰ ਆਇਆ ਤਾਂ ਉਸਨੇ 5-6 ਸਾਲ ਦੇ ਬੇਟੇ ਨੂੰ ਪੁੱਛਿਆ , ''ਬੇਟਾ ਚਿਮਨੀ, ਅੱਜ ਕੀ ਬਣਾਇਆ ਏ? '' ਚਿਮਨੀ ਸਮਝ ਗਿਆ ਕਿ ਉਹ ਦਾਲ ਬਾਰੇ ਪੁਛਦੇ ਹਨ ਤਾਂ ਉਹ ਅਧੂਰਾ ਵਾਕ ਹੀ ਬੋਲਦੇ ਹੋਏ ਕਹਿ ਗਿਆ, ''ਮੰਮਾ- ਰੌਂਦੀ ਆ '' ਰਾਮੇਸ਼ ਹੈਰਾਨ ਹੋ ਗਿਆ ਅਤੇ ਕਿਹਾ, ''ਕਿਉੁਂਂ? ਕਿੱਥੇ ਆ? ''
ਚਿਮਨੀ ਨੇ ਵੀ ਫੁਰਤੀ ਨਾਲ ਕਹਿ ਦਿੱਤਾ, '' ਰਸੋਈ ਵਿੱਚ, ਗੈਸ ਤੇ। '' ਰਾਮੇਸ਼ ਜਲਦੀ ਨਾਲ ਰਸੋਈ ਵਿੱਚ ਗਿਆ ਅਤੇ ਗੈਸ ਤੇ ਪਏ ਕੁਕਰ ਦਾ ਢੱਕਣ ਚੁੱਕ ਕੇ ਦੇਖਿਆ ਤਾਂ ਉਸ ਵਿੱਚ ਰੌਂਗੀ ਦੀ ਦਾਲ ਬਣੀ ਹੋਈ ਸੀ। ਉਹ ਤੁਰੰਤ ਸਮਝ ਗਿਆ ਅਤੇ ਵਾਪਸ ਆ ਕੇ ਚਿਮਨੀ ਨੂੰ ਕਿਹਾ, ''ਓਏ! ਇਸਨੂੰ ਰੌਂਦੀ ਨਹੀਂ ਰੌਂਗੀ ਕਹਿੰਦੇ ਹਨ। '' ਇਤਨੀ ਦੇਰ ਨੂੰ ਸ਼ੀਲਾ ਵੀ ਆ ਗਈ ਅਤੇ ਬੇਟੇ ਦੀ ਗੱਲ ਤੇ ਦੋਵੇਂ ਹੱਸਣ ਲੱਗੇ।
ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ -37ਡੀ,
ਚੰਡੀਗੜ੍ਹ। ਮੋ. ਨੰ: 98764-52223
ਕਿਸੇ ਪਿੱਛੇ ਲੱਗ ਘਰ ਵਿੱਚ....
NEXT STORY