ਮੁਰਦਾ ਪੂਜਾ ਦਾ ਦੇਸ਼ ਮੇਰੇ ਵਿਚ, ਚੱਲਦਾ ਪਿਆ ਰਿਵਾਜ਼,
ਲਾ-ਇਲਾਜ਼ ਬੀਮਾਰੀ ਇਹ, ਨਾ ਜਿਸ ਦਾ ਕੋਈ ਇਲਾਜ਼।
ਆਤਮਿਕ ਪੱਖੋਂ ਜੀਵੇ ਜਿਹੜਾ, ਓਸੇ ਦਾ ਮੁਰਝਾਇਆ ਚਿਹਰਾ,
ਮੁਰਦਾ ਰੂਹਾਂ ਜ਼ਸ਼ਨ ਮਨਾਵਣ, ਭੂਤ-ਚੜੇਲਾਂ ਦਾ ਏਥੇ ਪਹਿਰਾ,
ਸਿੱਖਿਅਕ ਭਾਵੇਂ ਹੋ ਗਏ ਨੇ, ਪਰ ਛੱਡਿਆ ਨਾ ਇਹ ਬਾਜ।
ਮੁਰਦਾ ਪੂਜਾ ਦਾ ਦੇਸ਼ ਮੇਰੇ ਵਿਚ, ਚੱਲਦਾ ਪਿਆ ਰਿਵਾਜ਼
ਜਿਊਂਦੇ ਦੀ ਤਾਂ ਕਬਰ ਬਣਾਉਂਦੇ, ਚਿਖਾ ਉੱਤੇ ਰੋਟੀ ਪਕਾਉਂਦੇ,
ਸਭ ਕੁਝ ਏਥੇ ਮੇਰਾ ਈ ਹੈ, ਇਸ ਗੱਲ ਉੱਤੇ ਫੁੱਲ ਚੜ੍ਹਾਉਂਦੇ,
ਬੇਸ਼ਰਮੀ ਦਾ ਕਾਰਜ ਕਰਦੇ, ਆਉਂਦੀ ਨਾ ਕੋਈ ਲਾਜ਼।
ਮੁਰਦਾ ਪੂਜਾ ਦਾ ਦੇਸ਼ ਮੇਰੇ ਵਿਚ, ਚੱਲਦਾ ਪਿਆ ਰਿਵਾਜ਼..
ਅਨਪੜ ਤਾਂਈਂ ਮਾਸਟਰ ਕਹਿੰਦੇ, ਪੜ੍ਹੇ-ਲਿਖੇ ਨਾਲ ਪੰਗੇ ਲੈਂਦੇ,
ਅੰਨਿਆਂ ਦੇ ਵਿਚ ਕਾਣਾ ਰਾਜਾ, ਏਸੇ ਗੱਲ 'ਤੇ ਪਹਿਰਾ ਦਿੰਦੇ,
ਇਨਫੈਕਸ਼ਨ ਨਾਲ ਭਰ ਗਏ ਲੋਕੀ, ਹੋਈ ਪਿੰਡੇ 'ਤੇ ਖਾਜ।
ਮੁਰਦਾ ਪੂਜਾ ਦਾ ਦੇਸ਼ ਮੇਰੇ ਵਿਚ, ਚੱਲਦਾ ਪਿਆ ਰਿਵਾਜ਼।
ਪਰਸ਼ੋਤਮ ਸੱਚ ਦੀ ਕਲਮ ਚਲਾਵੇ, ਦੁਨੀਆ ਨੂੰ ਤਾਂਹੀਂ ਨਾ ਭਾਵੇ,
ਸਰੋਏ ਦੇ ਨਾਲ ਕੂੜੇ ਖਹਿੰਦੇ, ਪਰ ਫੁਕਰਿਆਂ ਦੇ ਭਰਨ ਕਲਾਵੇ,
ਸਤਿਯੁੱਗ ਦੇ ਵੈਰੀ ਨੇ ਲੋਕੀ, ਕੱਲਯੁੱਗ ਨਾਲ ਲਿਹਾਜ।
ਮੁਰਦਾ ਪੂਜਾ ਦਾ ਦੇਸ਼ ਮੇਰੇ ਵਿਚ, ਚੱਲਦਾ ਪਿਆ ਰਿਵਾਜ਼।
ਆਪਣੇ ਹੀ ਤਾਂ ਡੰਗ ਚਲਾਵਣ, ਮੱਝ-ਬੱਕਰੀ ਦਾ ਗਾਣਾ ਗਾਵਣ,
ਮੈਲ਼ ਮਨਾਂ ਵਿਚੋਂ ਲੱਥਣੀ ਨਾਹੀਂ, ਭਾਵੇਂ ਸੌ-ਸੌ ਤੀਰਥ ਨਾਵਣ,
ਧਾਲੀਵਾਲ ਇਨਸਾਨ ਨਾ ਮਿਲਦੇ, ਕਿਸ 'ਤੇ ਕਰੀਏ ਨਾਜ਼।
ਮੁਰਦਾ ਪੂਜਾ ਦਾ ਦੇਸ਼ ਮੇਰੇ ਵਿਚ, ਚੱਲਦਾ ਪਿਆ ਰਿਵਾਜ਼।
ਪਰਸ਼ੋਤਮ ਲਾਲ ਸਰੋਏ
ਮੋਬਾ : 91-92175-44348