ਚਾਨਣ ਸੰਸਾਰ ਦੀ ਇਕ ਅਹਿਮ ਲੋੜ ਹੈ। ਪ੍ਰਕਿਤੀ ਵਿਚ ਜੋ ਵੀ ਰੁੱਖ-ਬੂਟੇ, ਫਸਲਾਂ ਅਤੇ ਜੀਵ-ਜਗਤ ਦਿਖਾਈ ਦਿੰਦਾ ਹੈ, ਇਸ ਵਿਚ ਹੋਰ ਤੱਤਾਂ ਦੇ ਨਾਲ ਚਾਨਣ ਦਾ ਵੀ ਮਹੱਤਵਪੂਰਨ ਸਥਾਨ ਹੈ। ਸ੍ਰਿਸਟੀ ਦੀ ਇਸ ਲੋੜ ਨੂੰ ਸੂਰਜ ਪੂਰਾ ਕਰਦਾ ਹੈ। ਬਿਜਲਈ ਅਤੇ ਊਰਜਾ ਦੇ ਕੁਝ ਹੋਰ ਸਾਧਨਾਂ ਤੋਂ ਵੀ ਅਸੀਂ ਸੀਮਿਤ ਚਾਨਣ ਪ੍ਰਾਪਤ ਕਰਦੇ ਹਾਂ। ਚਾਨਣ ਦੇ ਇਹ ਸਾਰੇ ਸਾਧਨ ਸੰਸਾਰ ਦੇ ਕਾਰ-ਵਿਹਾਰ ਨੂੰ ਚਲਦਾ ਰੱਖਣ ਵਿਚ ਸਹਾਇਕ ਹਨ। ਜੇਕਰ ਅਸੀ ਚਾਨਣ ਦੇ ਮੁੱਖ ਸਰੋਤ ਸੂਰਜ ਦੀ ਗੱਲ ਕਰੀਏ ਤਾਂ ਇਹ ਵੀ ਕੇਵਲ ਇਕੋ ਸਮੇਂ ਸਾਰੀ ਦੁਨੀਆਂ ਨੂੰ ਚਾਨਣ ਨਹੀਂ ਦਿੰਦਾ ਹੈ ਕਿਉਂਕਿ ਜਦੋਂ ਸੂਰਜ ਚਮਕਦਾ ਹੈ ਤਾਂ ਅੱਧੀ ਧਰਤੀ ਤੇ ਦਿਨ ਹੁੰਦਾ ਹੈ ਅਤੇ ਬਾਕੀ ਹਿੱਸੇ ਵਿਚ ਹਨ੍ਹੇਰਾ ਅਰਥਾਤ ਰਾਤ ਹੰਦੀ ਹੈ। ਪ੍ਰੰਤੂ ਚਾਨਣ ਦੇ ਸਾਰੇ ਸਰੋਤ ਮਿਲ ਕੇ ਵੀ ਮਨੁੱਖ ਦਾ ਹਰ ਤਰ੍ਹਾਂ ਦਾ ਹਨੇਰਾ ਦੂਰ ਨਹੀਂ ਕਰ ਸਕਦੇ। ਪ੍ਰੰਤੂ ਉਸ ਸਿਰਜਣਹਾਰ ਨੇ ਆਪਣੀ ਸਰਵੋਤਮ ਰਚਨਾ ਮਨੁੱਖ ਦੇ ਮਨ ਨੂੰ ਉਜਵੱਲ ਕਰਨ ਤੋਂ ਵੀ ਵਾਂਝੇ ਨਹੀਂ ਰੱਖਿਆ ਸਗੋਂ ਸਮੇਂ-ਸਮੇਂ ਤੇ ਆਪਣੇ ਨੇਕ ਲੋਕਾਂ ਨੂੰ ਇਸ ਮਾਤਲੋਕ 'ਤੇ ਭੇਜਦਾ ਰਿਹਾ ਹੈ, ਜਿੰਨਾਂ ਨੇ ਆਪਣੇ ਕਰਮ ਅਤੇ ਵਿਚਾਰਾਂ ਰਾਹੀਂ ਅਗਿਆਨ, ਕਰਮ-ਕਾਂਡ ਅਤੇ ਪਾਖੰਡ ਦੇ ਹਨੇਰੇ ਵਿਚ ਭਟਕਦੇ ਲੋਕਾਂ ਨੂੰ ਸਿੱਧੇ ਰਸਤੇ ਤੇ ਚੱਲਣ ਵਿਚ ਉੁਹਨਾਂ ਲੋਕਾਂ ਦਾ ਮਾਰਗ ਦਰਸ਼ਨ ਕੀਤਾ। ਬੇਸ਼ੱਕ ਅਜਿਹੇ ਲੋਕਾਂ ਨੂੰ ਕਿੰਨੇ ਵੀ ਸੰਕਟਾਂ ਦਾ ਸਾਹਮਣਾ ਕਿਉਂ ਨਾ ਕਰਨਾ ਪਿਆ ਹੋਵੇ, ਉਹ ਆਪਣੇ ਸਿਧਾਂਤਾਂ ਤੇ ਦ੍ਰਿੜ ਰਹੇ। ਅਜਿਹੇ ਹੀ ਮਹਾਨ ਪੁਰਸ਼ਾਂ ਵਿਚੋਂ ਇਕ ਹਨ ਪ੍ਰਭੂ ਯਿਸੂ ਮਸੀਹ ਜੀ ਜਿਨ੍ਹਾਂ ਦੀ ਗੱਲ ਅਸੀਂ ਉਹਨਾਂ ਦੇ ਜਨਮ ਦਿਹਾੜੇ ਜੋ ਕ੍ਰਿਸਮਸ ਜਾਂ ਵੱਡੇ ਦਿਨ ਦੇ ਰੂਪ ਵਿਚ ਮਨਾਇਆ ਜਾਂਦਾ ਹੈ, ਮੌਕੇ ਕਰਨ ਜਾ ਰਹੇ ਹਾਂ। ਇਹ ਦਿਨ ਭਾਵੇਂ ਲੰਬਾਈ ਦੇ ਅਧਾਰ ਤੇ ਸਾਡੇ ਦੇਸ਼ ਵਿਚ 21 ਜੂਨ ਨੂੰ ਜਦੋਂ ਸਭ ਤੋਂ ਵੱਡਾ ਦਿਨ ਹੁੰਦਾ ਹੈ, ਵੱਡਾ ਨਹੀਂ ਹੁੰਦਾ ਪ੍ਰੰਤੂ ਉਸ ਮਹਾਨ ਆਤਮਾ ਦੇ ਆਗਮਨ ਦਿਵਸ ਕਰਕੇ ਇਸ ਦਿਨ ਨੂੰ 'ਵੱਡਾ ਦਿਨ' ਕਿਹਾ ਜਾਂਦਾ ਹੈ। ਉਹਨਾਂ ਦਾ ਜਨਮ ਏਸ਼ੀਆ ਮਹਾਂਦੀਪ ਦੇ ਪੱਛਮ ਵਿਚ ਸਥਿੱਤ ਇਕ ਛੋਟੇ ਜਿਹੇ ਦੇਸ਼ ਇਸਰਾਈਲ, ਜਿਸ ਤੋਂ ਸ਼ਾਇਦ ਹੀ ਸੰਸਾਰ ਦਾ ਕੋਈ ਵਿਅਕਤੀ ਅਣਜਾਣ ਹੋਵੇ, ਇਸਦੇ ਇਕ ਸ਼ਹਿਰ ਬੈਤਲਹਮ ਵਿਚ, ਅੱਜ ਤੋਂ ਕੋਈ 2018 ਸਾਲ ਪਹਿਲਾਂ ਹੋਇਆ।
ਉਹਨਾਂ ਦੇ ਜਨਮ ਦੇ ਬਾਰੇ ਪਵਿੱਤਰ ਬਾਈਬਲ ਵਿਚ ਅਨੇਕਾਂ ਭਵਿੱਖਬਾਣੀਆਂ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿਚੋਂ ਯਸਾਯਾਹ ਨਬੀ ਦੇ ਦਆਰਾ ਕੀਤੀ ਗਈ ਇਕ ਭਵਿੱਖਬਾਣੀ ਇਸ ਪ੍ਰਕਾਰ ਹੈ ਜਿਹੜੇ ਲੋਕ ਹਨੇਰੇ ਵਿਚ ਚਲਦੇ ਸਨ, ਉਹਨਾਂ ਨੇ ਇਕ ਵੱਡਾ ਚਾਨਣ ਵੇਖਿਆ, ਜਿਹੜੇ ਮੌਤ ਦੇ ਸਾਏ ਹੇਠ ਵੱਸਦੇ ਸਨ ਉਹਨਾਂ ਉੱਤੇ ਚਾਨਣ ਚਮਕਿਆ। ਇਸੇ ਚਾਨਣ ਬਾਰੇ ਪ੍ਰਭੂ ਯਿਸੂ ਨੂੰ ਨੇੜਿਓਂ ਵੇਖਣ ਵਾਲੇ ਅਤੇ ਉਹਨਾਂ ਦੇ ਅੰਤਿਮ ਸਮੇਂ ਤੱਕ ਉਹਨਾਂ ਦੇ ਨਾਲ ਰਹਿਣ ਵਾਲੇ ਸੰਤ ਯੂਹੰਨਾ ਇਸ ਤਰ੍ਹਾਂ ਬਿਆਨ ਕਰਦੇ ਹਨ ਉਸ ਵਿਚ ਜੀਵਣ ਸੀ ਅਤੇ ਉਹ ਜੀਵਣ ਮਨੁੱਖ ਦਾ ਚਾਨਣ ਸੀ, ਚਾਨਣ ਹਨੇਰੇ ਵਿਚ ਚਮਕਦਾ ਹੈ ਪ੍ਰੰਤੂ ਹਨੇਰੇ ਨੇ ਉਸ ਨੂੰ ਨਾ ਬੁਝਾਇਆ।
ਜਿਸ ਖੇਤਰ ਵਿਚ ਪ੍ਰਭੂ ਯਿਸੂ ਦਾ ਜਨਮ ਹੋਇਆ, ਉਸਨੂੰ ਭੂਗੋਲਿਕ ਮਾਹਿਰ ਮੱਧ-ਪੂਰਬ (ਮਿਡਲ-ਈਸਟ) ਵੀ ਕਹਿੰਦੇ ਹਨ ਅਰਥਾਤ 'ਧਰਤੀ ਦਾ ਵਿਚਕਾਰ'। ਪ੍ਰਭੂ ਯਿਸੂ ਖੁਦ ਕਹਿੰਦੇ ਹਨ ਕਿ ਕੋਈ ਮਨੁੱਖ ਲੈਂਪ ਜਾਂ ਰੌਸ਼ਨੀ ਦੀ ਕੋਈ ਹੋਰ ਚੀਜ਼ ਜਗਾ ਕੇ ਉਸਨੂੰ ਉਹਲੇ ਜਾਂ ਟੋਕਰੇ ਹੇਠ ਨਹੀ ਰੱਖਦਾ, ਸਗੋਂ ਕਿਸੇ ਅਜਿਹੀ ਜਗ੍ਹਾ ਰੱਖਦਾ ਹੈ, ਜਿੱਥੇ ਸਾਰੇ ਘਰ ਨੂੰ ਚਾਨਣ ਪ੍ਰਾਪਤ ਹੋਵੇ । ਇਸੇ ਤਰ੍ਹਾਂ ਹੀ ਪਰਮੇਸ਼ਰ ਨੇ ਵੀ ਪ੍ਰਭੂ ਯਿਸੂ ਰੂਪੀ ਚਾਨਣ ਮੁਨਾਰੇ ਨੂੰ ਪ੍ਰਗਟ ਕਰਨ ਲਈ ਧਰਤੀ ਦੇ ਕੇਂਦਰ ਨੂੰ ਚੁਣਿਆ। ਜਿੱਥੋ ਉਹਨਾਂ ਦੁਆਰਾ ਫੈਲਾਇਆ ਹੋਇਆ ਇਹ ਚਾਨਣ ਪੂਰੇ ਸੰਸਾਰ ਨੂੰ ਪ੍ਰਕਾਸ਼ਮਾਨ ਕਰ ਰਿਹਾ ਹੈ। ਬੇਸ਼ੱਕ ਪਿਛਲੇ 2000 ਸਾਲਾਂ ਤੋਂ ਕਈ ਹਕੂਮਤਾਂ, ਕਾਲਖ ਦੇ ਵਣਜਾਰਿਆਂ ਅਤੇ ਕੱਟੜਪੰਥੀ ਲੋਕਾਂ ਨੇ ਪ੍ਰਭੂ ਯਿਸੂ ਦੁਆਰਾ ਦਿਖਾਏ ਗਏ ਚਾਨਣ ਨੂੰ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪ੍ਰੰਤੂ ਸੰਤ ਯੂਹੰਨਾ ਦੇ ਉਪਰੋਕਤ ਮਹਾਂ ਵਾਕ ਅਨੁਸਾਰ ਉੁਹ ਇਸ ਪ੍ਰਕਾਸ਼ ਨੂੰ ਬੁਝਾ ਨਾ ਸਕੇ।
ਪ੍ਰਭੂ ਯਿਸੂ ਮਸੀਹ ਰੂਪੀ ਸਦੀਵੀਂ ਚਾਨਣ ਦੀ ਸਿੱਖਿਆ ਵਿਚ ਆਖਰ ਅਜਿਹਾ ਕੀ ਹੈ? ਕਿ ਅੱਜ ਵੀ ਦੁਨੀਆਂ ਉਸ ਤੋਂ ਪ੍ਰਭਾਵਿਤ ਹੋ ਰਹੀ ਹੈ। ਇਸ ਦਾ ਉੱਤਰ ਇਹ ਹੈ ਕਿ ਉੁਹਨਾਂ ਦੀ ਸਾਰੀ ਸਿੱਖਿਆ ਪੀੜਤ, ਸ਼ੋਸ਼ਿਤ, ਰੋਗੀ ਅਤੇ ਲੋੜਵੰਦ ਆਮ ਆਦਮੀ ਦੁਆਲੇ ਘੁੰਮਦੀ ਹੈ।ਉਹ ਧਰਤੀ ਤੇ ਇਕ ਅਜਿਹਾ ਪ੍ਰਬੰਧ ਸਿਰਜਣਾ ਚਾਹੁੰਦੇ ਸਨ ਜਿਹੜਾ ਅਮਨ ਅਤੇ ਇਨਸਾਫ ਤੇ ਅਧਾਰਿਤ ਹੋਵੇ। ਧਰਤੀ ਤੇ ਉਹ ਮਨੁੱਖੀ ਜਾਮੇ ਵਿਚਲੇ ਆਪਣੇ ਥੋੜ੍ਹ-ਚਿਰੇ ਜੀਵਨ ਸਫਰ ਵਿਚ ਲੋਕਾਂ ਨੂੰੂ ਇਹੋ ਸਮਝਾਉਣ ਦਾ ਯਤਨ ਕਰਦੇ ਰਿਹੇ ਕਿ ਮਨੁੱਖ ਆਪਸੀ ਭਾਈਚਾਰੇ ਨਾਲ ਇਸ ਧਰਤੀ ਤੇ ਉਸ ਪਰਮ ਪਿਤਾ ਦੀ ਇੱਛਾ ਨੂੰ ਪੂਰਾ ਕਰ ਸਕਦਾ ਹੈ। ਲੋਕਾਂ ਨੂੰ ਆਪਣੀ ਗੱਲ ਸਮਝਾਉਣ ਲਈ ਉਦਾਹਰਣਾਂ ਦੀ ਵਰਤੋਂ ਕਰਦੇ ਸਨ, ਅਜਿਹੀ ਇਕ ਉਦਾਹਰਣ ਇਹ ਹੈ ਕਿ ਇਕ ਵਾਰ ਉਹਨਾਂ ਕੋਲ ਇਕ ਵਿਅਕਤੀ ਆਇਆ, ਜੋ ਆਪਣੇ ਆਪ ਨੂੰ ਬਹਤ ਗੁਣੀ-ਗਿਆਨੀ, ਧਾਰਮਿਕ ਅਤੇ ਉਪਦੇਸ਼ਕ ਸਮਝਦਾ ਸੀ, ਉਹ ਉਹਨਾਂ ਨੂੰ ਕਹਿਣ ਲੱਗਾ, ਗੁਰੂ ਜੀ, ਮੈਂ ਕੀ ਕਰਾਂ? ਕਿ ਮੇਰਾ ਜੀਵਨ ਸਫਲ ਹੋ ਜਾਵੇ। ਇਸ ਤੇ ਪ੍ਰਭੂ ਯਿਸੂ ਉਸ ਮਨੁੱਖ ਨੂੰ ਕਹਿਣ ਲੱਗੇ ਕਿ ਸਾਰੀਆਂ ਧਾਰਮਿਕ ਲਿਖਤਾਂ ਦਾ ਸਾਰ ਇਹ ਹੈ ਕਿ ਤੂੰ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ, ਜਾਨ, ਬੁੱਧੀ ਅਤੇ ਸ਼ਕਤੀ ਨਾਲ ਪਿਆਰ ਕਰ ਅਤੇ ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰ। ਇਸ ਤੇ ਉਹ ਆਦਮੀ ਕਹਿਣ ਲੱਗਾ, ਗੁਰੂ ਜੀ ਮੇਰਾ ਗੁਆਂਢੀ ਕੌਣ ਹੈ?
ਪ੍ਰਭੂ ਯਿਸੂ ਨੇ ਉਸਦੇ ਇਸ ਪ੍ਰਸ਼ਨ ਦਾ ਉੱਤਰ ਦੇਣ ਲਈ ਇਕ ਘਟਨਾ ਦਾ ਬਿਆਨ ਇਸ ਤਰ੍ਹਾਂ ਕੀਤਾ ਕਿ ਕੋਈ ਮਨੁੱਖ ਯਰੂਸ਼ਲਮ ਤੋਂ ਯਰੀਹੋ ਨਗਰ ਨੂੰ ਜਾ ਰਿਹਾ ਸੀ ਕਿ ਰਸਤੇ ਵਿਚ ਡਾਕੂ-ਲੁਟੇਰਿਆਂ ਦੇ ਕਾਬੂ ਆ ਗਿਆ। ਉਹਨਾਂ ਨੇ ਕੁੱਟ-ਮਾਰ ਕਰ ਕੇ ਜੋ ਕੁਝ ਉੁਸ ਕੋਲ ਸੀ, ਖੋਹ ਲਿਆ ਅਤੇ ਅੱਧ ਮਰਿਆ ਕਰਕੇ ਸੜਕ ਦੇ ਇਕ ਪਾਸੇ ਸੁੱਟ ਕੇ ਚਲੇ ਗਏ। ਸਬੱਬ ਨਾਲ ਉਸੇ ਸਮੇਂ ਉਸ ਰਸਤਿਉੁਂ ਦੋ ਆਦਮੀ ਲੰਘੇ ਪ੍ਰੰਤੂ ਉਹ ਉਸ ਫੱਟੜ ਵਿਅਕਤੀ ਦੀ ਬਿਨ੍ਹਾਂ ਕੋਈ ਸਹਾਇਤਾ ਕੀਤੇ, ਦੂਜੇ ਪਾਸੇ ਮੂੰਹ ਕਰਕੇ ਲੰਘ ਗਏ। ਕੁਝ ਚਿਰ ਬਾਅਦ ਇਕ ਤੀਜਾ ਵਿਅਕਤੀ ਜੋ ਉਸ ਸਮੇਂ ਇਕ ਨੀਵੀ ਜਾਤ ਦਾ ਸਮਝਿਆ ਜਾਂਦਾ ਸੀ, ਉਹ ਵੀ ਉਸ ਰਾਹੇ ਲੰਘ ਰਿਹਾ ਸੀ ਤਾਂ ਉਸ ਨੇ ਲੁਟੇਰਿਆਂ ਦੁਆਰਾ ਜ਼ਖ਼ਮੀ ਕੀਤੇ ਵਿਅਕਤੀ ਦੇ ਹੂੰਗਣ-ਕੁਰਹਾਉਣ ਦੀ ਆਵਾਜ਼ ਸੁਣੀਂ ਤਾਂ ਉਹ ਤਰਸ ਖਾ ਕੇ ਆਪਣੀ ਸਵਾਰੀ ਤੋਂ ਉੱਤਰਿਆ, ਉਸ ਨੇ ਆਪਣਾ ਪਰਨਾ ਪਾੜ ਕੇ ਉਸ ਵਿਅਕਤੀ ਦੇ ਜ਼ਖ਼ਮਾਂ ਤੇ ਪੱਟੀ ਬੰਨ੍ਹੀ ਅਤੇ ਆਪਣੀ ਸਵਾਰੀ ਤੇ ਬਿਠਾ ਕੇ, ਨੇੜੇ ਦੇ ਇਕ ਡਾਕਟਰ ਕੋਲ ਲੈ ਗਿਆ ਅਤੇ ਉਸ ਨੂੰ ਕਹਿਣ ਲੱਗਾ, ਇਹ ਵਿਅਕਤੀ ਮੇਰਾ ਮਿੱਤਰ ਹੈ, ਆਹ ਲਵੋ, ਕੁਝ ਪੈਸੇ, ਇਸਦੀ ਚੰਗੀ ਤਰ੍ਹਾਂ ਦੇਖਭਾਲ ਕਰਿਉ ਅਤੇ ਜੋ ਕੁਝ ਤੁਹਾਡਾ ਹੋਰ ਬਣੇਗਾ, ਉਹ ਮੈਂ ਤੁਹਾਨੂੰ ਮੁੜਦਾ ਹੋਇਆ ਦੇ ਜਾਵਾਂਗਾ।
ਇਹ ਗੱਲ ਦੱਸ ਕੇ ਪ੍ਰਭੂ ਯਿਸੂ ਨੇ ਉਸ ਨੂੰ ਪੁੱਛਿਆ ਕੇ ਹੁਣ ਤੂੰ ਦਸ ਕੇ ਤੇਰੀ ਜਾਚੇ ਇਨ੍ਹਾਂ ਤਿੰਨਾਂ ਵਿਚੋਂ ਉਸ ਫੱਟੜ ਮਨੁੱਖ ਦਾ ਗੁਆਂਢੀ ਕੌਣ ਹੋਇਆ। ਇਸ 'ਤੇ ਉਹ ਵਿਅਕਤੀ ਕਹਿਣ ਲੱਗਾ, ਉਹੋ ਹੀ, ਜਿਸ ਨੇ ਮੁਸੀਬਤ ਦੇ ਸਮੇਂ ਉਸ ਤੇ ਤਰਸ ਕਰਕੇ ਉਸ ਦੀ ਜਾਨ ਬਚਾਈ। ਪ੍ਰਭੂ ਯਿਸੂ ਉਸਨੂੰ ਕਹਿਣ ਲੱਗੇ, ਤੂੰ ਠੀਕ ਜਵਾਬ ਦਿੱਤਾ ਹੈ, ਤੂੰ ਵੀ ਇਸੇ ਤਰ੍ਹਾਂ ਜਾ ਕੇ ਬਿਪਤਾ-ਮਾਰੇ ਲੋਕਾਂ ਦੀ ਸੇਵਾ-ਸਹਾਇਤਾ ਬਿਨ੍ਹਾਂ ਕਿਸੇ ਭੇਦ-ਭਾਵ ਦੇ ਕਰ ਤਾਂ ਤੇਰਾ ਜੀਵਨ ਸਫ਼ਲ ਹੋ ਸਕਦਾ ਹੈ। ਪ੍ਰਭੂ ਯਿਸੂ ਅਨੁਸਾਰ ਧਰਤੀ ਦੇ ਸਾਰੇ ਲੋਕ ਇਕ ਹੀ ਅਕਾਲ ਪੁਰਖ ਦੀ ਸੰਤਾਨ ਹਨ। ਇਸੇ ਗੱਲ ਨੂੰ ਉੁਨ੍ਹਾਂ ਨੇ ਆਪਣੇ ਚੇਲਿਆਂ ਨੂੰ ਸਿਖਾਈ ਪ੍ਰਾਰਥਨਾ ਵਿਚ ਸਪੱਸ਼ਟ ਕੀਤਾ ਹੈ ਕਿ ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਇਸ ਤਰ੍ਹਾਂ ਕਹੋ, ਹੇ ਸਾਡੇ ਪਿਤਾ, ਜੋ ਤੂੰ ਸਵਰਗ ਵਿਚ ਹੈਂ.....ਇਸਦਾ ਅਰਥ ਇਹ ਹੈ ਕਿ ਸੰਸਾਰ ਦੇ ਕਿਸੇ ਵੀ ਹਿੱਸੇ ਵਿਚ ਰਹਿਣ ਵਾਲੇ ਲੋਕ ਚਾਹੇ ਉਹ ਕਿਸੇ ਵੀ ਜਾਤੀ, ਨਸਲ, ਭੇਦ, ਦੇਸ਼, ਰੰਗ ਆਦਿ ਦੇ ਕਿਉਂ ਨਾ ਹੋਣ ਜਦੋਂ ਪ੍ਰਮਾਤਮਾ ਉਹਨਾਂ ਦਾ ਪਿਤਾ ਹੈ ਤਾਂ ਉਹ ਸਾਰੇ ਆਪਸ ਵਿਚ ਭਾਈ-ਬੰਧੂ ਹਨ। ਇਸ ਲਈ ਸਾਡਾ ਲੋਕਾਈ ਨਾਲ ਪਿਆਰ ਸਾਰੀਆਂ ਸੌੜੀਆਂ ਹੱਦਬੰਦੀਆਂ ਤੋਂ ਉੱਪਰ ਹੋਣਾ ਚਾਹੀਦਾ ਹੈ।
ਇਸੇ ਲਈ ਉਹ ਕਹਿੰਦੇ ਹਨ ਜੇਕਰ ਕੋਈ ਕਿਸੇ ਛੋਟੇ ਤੋਂ ਛੋਟੇ ਸਮਝੇ ਜਾਣ ਵਾਲੇ ਮਨੁੱਖ ਦੀ ਉਸ ਦੀ ਭੁੱਖ, ਤ੍ਰੇਹ, ਬੀਮਾਰੀ, ਤੰਗੀ, ਕੈਦ ਆਦਿ ਦੇ ਸਮੇਂ ਸਹਾਇਤਾ ਕਰਦਾ ਹੈ ਤਾਂ ਉਹ ਮੇਰੀ ਹੀ ਸਹਾਇਤਾ ਕਰਦਾ ਹੈ। ਉਹ ਤਾਂ ਇਥੋਂ ਤਕ ਕਹਿੰਦੇ ਹਨ ਕਿ ਜੇਕਰ ਕੋਈ ਮਨੁੱਖ ਇਹ ਦਾਅਵਾ ਕਰੇ ਕਿ ਉਹ ਰੱਬ ਨੂੰ ਪਿਆਰ ਕਰਦਾ ਹੈ ਪ੍ਰੰਤੂ ਮਨੁੱਖਾਂ ਨਾਲ ਕਿਸੇ ਅਧਾਰ ਤੇ ਨਫ਼ਰਤ ਕਰੇ ਤਾਂ ਅਜਿਹਾ ਵਿਅਕਤੀ ਕਪਟੀ, ਪਾਖੰਡੀ ਜਾਂ ਧੋਖੇਬਾਜ਼ ਹੈ ਕਿਉਂਕਿ ਕੋਈ ਮੁਸੀਬਤ-ਮਾਰਿਆ ਆਦਮੀ ਜੋ ਉਸਦੇ ਸਾਹਮਣੇ ਖੜ੍ਹਾ ਹੈ ਉਸ ਲਈ ਤਾਂ ਉਸਦਾ ਹਿਰਦਾ ਪਸੀਜਦਾ ਨਹੀਂ ਪ੍ਰੰਤੂ ਰੱਬ ਜਿਹੜਾ ਉਸ ਨੂੰ ਦਿਖਾਈ ਨਹੀਂ ਦਿੰਦਾ, ਉਸ ਨਾਲ ਉਹ ਕਿਵੇਂ ਪਿਆਰ ਕਰ ਸਕਦਾ ਹੈ? ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਉਹਨਾਂ ਦਾ ਕੋਮਲ ਹਿਰਦਾ ਸਮੁੱਚੀ ਮਾਨਵਤਾ ਪ੍ਰਤੀ ਪਿਆਰ ਨਾਲ ਓਤ-ਪੋਤ ਹੈ। ਬੇਸ਼ੱਕ ਉਹਨਾਂ ਨੂੰ ਇਕ ਵਿਸ਼ੇਸ਼ ਧਰਮ ਜਾਂ ਫਿਰਕੇ ਦਾ ਰਹਿਬਰ ਸਮਝਿਆ ਜਾਂਦਾ ਹੈ, ਕੁਝ ਲੋਕ ਤਾਂ ਉਹਨਾਂ ਨੂੰ ਕੇਵਲ ਪੱਛਮ ਦਾ ਰਹਿਨੁਮਾ ਕਹਿੰਦੇ ਹਨ ਪ੍ਰੰਤੂ ਉਹਨਾਂ ਦਾ ਪਿਆਰ ਦਾ ਫਲਸਫਾ ਸਾਰੀ ਦੁਨੀਆਂ ਲਈ ਇੱਕੋ ਜਿਹਾ ਹੈ।
ਅੱਜ ਜਦੋਂ ਸਾਡੇ ਦੇਸ਼ ਸਮੇਤ ਸਮੁੱਚੇ ਸੰਸਾਰ ਵਿਚ ਉਹਨਾਂ ਦਾ ਪ੍ਰਗਟ ਦਿਵਸ ਕ੍ਰਿਸਮਸ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਤਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀਆਂ ਸਾਰੀਆਂ ਗਿਣਤੀਆਂ-ਮਿਣਤੀਆਂ ਤੋਂ ਉੁੱਪਰ ਉੱਠ ਕੇ ਉਹਨਾਂ ਦੇ ਸਦੀਵੀਂ ਚਾਨਣ ਬਿਖੇਰਨ ਵਾਲੇ ਸੰਦੇਸ਼ ਦੇ ਮਹੱਤਵ ਨੂੰ ਸਮਝੀਏ। ਅਜਿਹਾ ਕਰਕੇ ਹੀ ਅਸੀਂ ਉਸ ਮਹਾਨ ਰਾਹ-ਦੁਸੇਰੇ ਦਆਰਾ ਚਿਤਵੇ ਗਏ ਸਵਰਗ ਰਾਜ ਦੀ ਇਸ ਧਰਤੀ ਤੇ ਸਥਾਪਨਾ ਕਰ ਸਕਦੇ ਹਾਂ। ਜਿੱਥੇ ਹਰੇਕ ਦਾ ਹਰੇਕ ਨਾਲ ਪਿਆਰ ਹੋਵੇਗਾ। ਜਿੱਥੇ ਹਰ ਕੋਈ ਆਪਣਾ ਹੋਵੇਗਾ ਅਤੇ ਬਿਗਾਨਾ ਕੋਈ ਵੀ ਨਹੀਂ ਹੋਵੇਗਾ!
ਡੈਨੀਅਲ ਥੋਬਾ
ਪਿੰਡ ਤੇ ਡਾਕਘਰ ਥੋਬਾ
ਅੰਮ੍ਰਿਤਸਰ
95920-15793
ਪੀ.ਏ.ਯੂ. ਵਿਚ ਵਾਤਾਵਰਨ ਹਿਤੈਸ਼ੀ ਕਿਸਾਨਾਂ ਦੀ ਐਸੋਸੀਏਸ਼ਨ ਦਾ ਗਠਨ
NEXT STORY