ਆਧੁਨਿਕ ਦੌਰ 'ਚ ਚਾਈਨਾ ਡੋਰ ਦੀ ਵਰਤੋ ਬਹੁਤ ਹੀ ਜਿਆਦਾ ਮਾਤਰਾ ਵਿੱਚ ਹੋਣਾ ਬੇਹੱਦ ਖਤਰਨਾਕ ਰੁਝਾਨ ਹੈ । ਇਸ ਸਮੱਸਿਆ ਦਾ ਹੱਲ ਲੱਭਿਆ ਜਾਣਾ ਸਮੇਂ ਦੀ ਮੁੱਖ ਲੋੜ ਹੈ । ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਪਤੰਗਬਾਜੀ ਇਕ ਵੱਖਰਾ ਮਨੋਰੰਜਨ ਦਾ ਬਹੁਤ ਵਧੀਆ ਸਾਧਨ ਹੈ । ਕੀ ਬੱਚੇ, ਕੀ ਜਵਾਨ ਅਤੇ ਕੀ ਬੁੱਢੇ ਸਾਰੇ ਹੀ ਪਤੰਗਬਾਜੀ ਦਾ ਪੂਰਾ ਆਨੰਦ ਲੈਂਦੇ ਹੋਏ ਖਾਸਕਰ ਠੰਢ ਰੁੱਤ ਵਿਚ ਖੁਸ਼ੀ ਮਹਿਸੂਸ ਕਰਦੇ ਹਨ ।
ਬਸੰਤ ਰੁੱਤ ਅਤੇ ਪਤੰਗਬਾਜੀ ਦਾ ਆਪਸ ਵਿੱਚ ਬਹੁਤ ਹੀ ਗੂੜ੍ਹਾ ਰਿਸ਼ਤਾ ਹੈ । ਬਸੰਤ ਰੁੱਤ 'ਚ ਕੁੱਝ ਕੂ ਦਿਨ ਬਾਕੀ ਹਨ । ਬਸੰਤ ਰੁੱਤ ਦੇ ਦੇ ਆਉਣ ਨਾਲ ਹੀ ਆਸਮਾਨ ਰੰਗ-ਬਿਰੰਗੇ ਪਤੰਗਾਂ ਨਾਲ ਭਰਿਆ ਹੋਇਆ ਨਜ਼ਰ ਆਉਂਦਾ ਹੈ । ਨੌਜਵਾਨਾਂ ਅਤੇ ਬੱਚਿਆਂ 'ਚ ਪਤੰਗ ਉਡਾਉਣ ਦਾ ਜੋਸ਼ ਨੱਚਣ ਕੁੱਦਣ ਲੱਗ ਪੈਂਦਾ ਹੈ । ਚਾਰੇ ਪਾਸਿਓਂ ਆਈ -ਬੋ,ਆਈ-ਬੋ ਦਾ ਸ਼ੋਰ ਸ਼ਰਾਬਾ ਸੁਣਾਈ ਦਿੰਦਾ ਹੈ । ਪਤੰਗਬਾਜੀ ਪੁਰਾਣੇ ਜ਼ਮਾਨੇ ਵਿਚ ਵੀ ਸੀ । ਇਹ ਰਾਜੇ-ਮਹਾਰਾਜਿਆਂ ਦਾ ਇੱਕ ਸ਼ੌਂਕ ਸੀ । ਜਿਵੇਂ ਕਿ ਪਤੰਗਬਾਜੀ ਦਾ ਦੌਰ ਅੱਜ ਵੀ ਜਾਰੀ ਹੈ, ਪਰ ਹੁਣ ਪਤੰਗ ਸੂਤੀ ਧਾਗੇ ਦੀ ਬਜਾਏ ਚਾਈਨਾ ਡੋਰ ਨਾਲ ਉਡਾਉਣ 'ਤੇ ਵਧੇਰੇ ਤਰਜੀਹ ਦਿੱਤੀ ਜਾਂਦੀ ਹੈ । ਇਹ ਇੱਕ ਬਹੁਤ ਹੀ ਖ਼ਤਰਨਾਕ ਵਰਤਾਰਾ ਹੈ । ਨਿਰਸੰਦੇਹ, ਸਮੇਂ-ਸਮੇਂ 'ਤੇ ਮੌਜੂਦਾ ਸਰਕਾਰਾਂ ਇਸ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਹਰ ਯਤਨ ਕਰਦੀਆਂ ਹਨ ।
ਅਫ਼ਸੋਸ ਹੈ ਕਿ ਪਾਬੰਦੀ ਦੇ ਬਾਵਜੂਦ ਚਾਈਨਾ ਡੋਰ ਦੀ ਵਿਕਰੀ ਨਿਰੰਤਰ ਜਾਰੀ ਹੈ । ਨੌਜਵਾਨ ਚਾਈਨਾ ਡੋਰ ਨਾਲ ਹੀ ਪਤੰਗ ਉਡਾਉਣ ਵਿਚ ਖੁਸ਼ੀ ਮਹਿਸੂਸ ਕਰਦੇ ਹਨ ਪਰ ਉਨ੍ਹਾਂ ਦੀ ਖੁਸ਼ੀ ਜਾਨਵਰਾਂ, ਪੰਛੀਆਂ ਅਤੇ ਮਨੁੱਖਾਂ ਲਈ ਸਜ਼ਾ ਤੋਂ ਘੱਟ ਨਹੀਂ ਹੁੰਦੀ ।ਇਸ ਜਾਨਲੇਵਾ ਡੋਰ ਨਾਲ ਜਾਨਵਰਾਂ ਅਤੇ ਪੰਛੀਆਂ ਦੀ ਮੌਤ ਹੋ ਸਕਦੀ ਹੈ । ਰਾਹ ਚਲਦੇ ਰਾਹੀ ,ਮਾਸੂਮ ,ਅਤੇ ਵਾਹਨ ਚਾਲਕ ਬਹੁਤ ਬੁਰੀ ਤਰ੍ਹਾਂ ਜਖਮੀ ਹੋ ਜਾਂਦੇ ਹਨ । ਚਾਈਨਾ ਡੋਰ ਦੀ ਵਰਤੋਂ ਹੋਰ ਅੱਗੇ ਵਧੇਗੀ ਤਾਂ ਇਹ ਸਮਾਜ ਲਈ ਬਹੁਤ ਹੀ ਘਾਤਕ ਹੈ ।
ਕੁਝ ਕੁ ਦਹਾਕੇ ਪਹਿਲਾਂ ਵੀ ਪਤੰਗ ਇਸੇ ਤਰ੍ਹਾਂ ਉਡਾਏ ਜਾਂਦੇ ਸੀ । ਉਸ ਸਮੇਂ ਕੱਚ ਅਤੇ ਸਮੋਸ਼ਨ ਨਾਲ ਡੋਰ ਨੂੰ ਮਾਝਾ ਲਗਾਇਆ ਜਾਂਦਾ ਸੀ । ਇਸ ਨਾਲ ਡੋਰ ਨੂੰ ਮਜ਼ਬੂਤ ਕੀਤਾ ਜਾਂਦਾ ਸੀ । ਇਹ ਡੋਰ ਹਾਨੀਕਾਰਕ ਨਹੀਂ ਸੀ । ਚਾਈਨਾ ਡੋਰ ਪਲਾਸਟਿਕ ਦੀ ਬਣੀ ਹੋਣ ਕਰਕੇ ਇਹ ਟੁੱਟਦੀ ਨਹੀਂ । ਇਸ ਲਈ ਇਹ ਸਾਡੇ ਸਰੀਰ ਦੇ ਜਿਸ ਹਿੱਸੇ ਨੂੰ ਛੂੰਹਦੀ ਹੈ, ਉਥੇ ਡੂੰਘਾ ਜਖਮ ਕਰ ਦਿੰਦੀ ਹੈ ।ਇਸ ਦਾ ਪ੍ਰਤੱਖ ਪ੍ਰਮਾਣ ਹੈ ਸਾਡੇ ਆਪਣੇ ਸਕੂਲ ਦੇ ਹੀ ਸਾਥੀ ਦੇ ਗੱਲ 'ਚ ਸਕੂਟਰੀ ਚਲਾਉਣ ਲੱਗਿਆਂ ਚਾਈਨਾ ਡੋਰ ਨਾਲ ਗਹਿਰਾ ਜਖਮੀ ਹੋਣਾ ।ਕਿਸੇ ਪ੍ਰਾਣੀ, ਜਾਨਵਰ ਅਤੇ ਪੰਛੀ ਨੂੰ ਜਖਮੀ ਕਰਕੇ ਜਾਂ ਜਾਨੋ ਮਾਰਨ ਨਾਲ ਮਿਲੀ
ਖੁਸ਼ੀ ਵੀ ਕਾਹਦੀ ਖੁਸ਼ੀ ?
ਇਸ ਲਈ ਕੌਣ ਜ਼ਿੰਮੇਵਾਰ ਹੈ? ਚੀਨ ਦੀ ਡੋਰ 'ਤੇ ਪਾਬੰਦੀ ਬਹੁਤ ਹੀ ਜਰੂਰੀ ਹੈ । ਬਸੰਤ ਪੰਚਮੀ ਦਾ ਤਿਉਹਾਰ ਅਨੰਦ ਨਾਲ ਮਨਾਇਆ ਜਾਣਾ ਚਾਹੀਦਾ ਹੈ । ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਤਿਉਹਾਰਾਂ ਵਿਚ ਆਪਸੀ ਪਿਆਰ ਪੈਦਾ ਹੁੰਦਾ ਹੈ , ਜੇ ਇਹ ਆਪਸੀ ਨਫ਼ਰਤ ਪੈਦਾ ਕਰਦੇ ਹਨ ਤਾਂ ਫਿਰ ਸਾਡਾ ਸਮਾਜ ਕਿਸ ਪਾਸੇ ਵੱਲ ਜਾਵੇਗਾ? ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਪਤੰਗਬਾਜਾਂ ਨੇ ਡਰਾਈਵਰਾਂ ਦੀਆਂ ਜਾਨਾਂ ਅਤੇ ਬੇਜੁਬਾਨ ਪੰਛੀਆਂ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਦੀ ਆਜ਼ਾਦੀ ਖੁੱਸ ਚੁੱਕੀ ਹੈ। ਪਤੰਗਾਂ ਅਤੇ ਚਾਈਨਾ ਡੋਰ ਦੇ ਵੇਚਣ ਵਾਲੇ ਆਪਣਾ ਨਫਾ ਹੀ ਦੇਖਦੇ ਹਨ । ਉਹਨਾਂ ਨੂੰ ਕਿਸੇ ਦੀ ਬੇਸ਼ਕੀਮਤੀ ਜਾਨ ਨਾਲ ਕੋਈ ਮਤਲਬ ਨਹੀਂ ।
ਪਤੰਗਬਾਜਾਂ ਨੂੰ ਕੇਵਲ ਆਪਣੀ ਮੌਜ ਮਸਤੀ ਲਈ ਲੋਕਾਂ ਦੇ ਜਿਉਣ ਦਾ ਅਧਿਕਾਰ ਨਹੀਂ ਖੋ ਲੈਣਾ ਚਾਹੀਦਾ, ਖਾਸ ਤੌਰ 'ਤੇ ਦੋ ਪਹੀਆ ਚਾਲਕ, ਬੇਜੁਬਾਨ ਪੰਛੀਆਂ ਦੀ ।ਕੀ ਚਾਈਨਾ ਡੋਰ ਦੀ ਵਰਤੋਂ ਕਰਕੇ ਪਤੰਗ ਉਡਾਉਣੀ ਜ਼ਰੂਰੀ ਹੈ? ਚਾਈਨਾ ਡੋਰ ਦੇ ਘੇਰੇ ਵਿਚ ਆਉਣ ਨਾਲ ਯਾਤਰੀ, ਬੱਚੇ ਅਤੇ ਪੰਛੀ ਜ਼ਖਮੀ ਹੋ ਜਾਂਦੇ ਹਨ । ਕਈ ਵਾਰ ਉਨ੍ਹਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣਾ ਵੀ ਪੈ ਜਾਂਦਾ ਹੈ। ਕੁਝ ਮੁਨਾਫੇ ਲਈ ਚਾਈਨਾ ਡੋਰ ਵੇਚਣ ਵਾਲਿਓ! ਇਸ ਬਾਰੇ ਵੀ ਸੋਚੋ ਜਰਾ ।
ਸਾਡੇ ਦੇਸ਼ ਵਿੱਚ ਸਵਦੇਸ਼ੀ ਜਾਗਰਨ ਬਾਰੇ ਚੰਗੀ ਵਿਚਾਰ ਚਰਚਾ ਹੁੰਦੀ ਹੈ।ਬਹੁਤ ਜ਼ਿਆਦਾ ਸਵਦੇਸ਼ੀ ਵਸਤਾਂ ਖ਼ਰੀਦਣ ਲਈ
ਉਤਸ਼ਾਹਿਤ ਕੀਤਾ ਜਾਂਦਾ ਹੈ ਪਰ ਜਦੋਂ ਚੀਜ਼ਾਂ ਖ਼ਰੀਦਣ ਦੀ ਗੱਲ ਆਉਂਦੀ ਹੈ, ਤਾਂ ਹਰ ਕੋਈ ਸਵਦੇਸ਼ੀ ਚੀਜ਼ ਨੂੰ ਭੁਲਾ ਕੇ ਵਿਦੇਸ਼ੀ ਵਸਤੂਆਂ ਖਰੀਦਣ ਨੂੰ ਪਹਿਲ ਦਿੰਦਾ ਹੈ । ਚਾਈਨਾ ਡੋਰ ਖਰੀਦਣਾ ਇਸਦੀ ਇੱਕ ਜਿਊਂਦੀ ਜਾਗਦੀ ਉਦਾਹਰਨ ਹੈ । ਇਹ ਕਿਉਂ ਹੋ ਰਿਹਾ ਹੈ? ਇਹ ਇਕ ਗੰਭੀਰ ਵਿਸ਼ਾ ਹੈ। ਇਸ ਸਮੱਸਿਆ ਦਾ ਹੱਲ ਕੱਢਣ ਲਈ ਯਤਨਸ਼ੀਲ ਹੋਣਾ ਲਾਜ਼ਮੀ ਹੈ ।
ਚਾਈਨਾ ਡੋਰ 'ਤੇ ਪਾਬੰਦੀ ਬਸੰਤ ਪੰਚਮੀ ਨੇੜੇ ਆਉਣ 'ਤੇ, ਕਾਰਵਾਈ ਦੀ ਖੂਬ ਚਰਚਾ ਹੁੰਦੀ ਹੈ ।ਕਈ ਸ਼ਹਿਰਾਂ ਵਿੱਚ ਛਾਪਾਮਾਰੀ ਵੀ ਕੀਤੀ ਜਾਂਦੀ ਹੈ। ਚਾਈਨਾ ਡੋਰ ਜਮਾਂਖੋਰਾਂ ਦਾ ਇਹੀ ਸੀਜ਼ਨ ਹੈ।ਉਨ੍ਹਾਂ ਨੂੰ ਫੜੵ ਲੈਣ ਤੋਂ ਬਾਅਦ ਵੀ ਉਹ ਆਪਣੇ ਘਿਨਾਉਣੇ ਕਾਰੋਬਾਰ ਨੂੰ ਨਹੀਂ ਛੱਡਦੇ ਕਿਉਂਕਿ ਉਨ੍ਹਾਂ ਖਿਲਾਫ ਕੋਈ ਸਖਤ ਕਾਰਵਾਈ ਨਹੀਂ ਹੁੰਦੀ । ਇਹ ਜੁਰਮ ਜ਼ਮਾਨਤ ਵਾਲਾ ਹੈ।ਜ਼ਮਾਨਤ 'ਤੇ ਰਿਹਾ ਹੋਣ' ਤੇ, ਇਹ ਦੁਕਾਨਦਾਰ ਫਿਰ ਲਾਲਚਵਸ਼ ਚਾਈਨਾ ਡੋਰ ਵੇਚਣ ਵਿੱਚ ਲੱਗ ਜਾਂਦੇ ਹਨ ।ਲੋਕਾਂ ਨੂੰ ਆਪਣੇ ਫਰਜ ਪਹਿਚਾਣਦਿਆਂ, ਉਨ੍ਹਾਂ ਨੂੰ ਇਸ ਮੁੱਦੇ 'ਤੇ ਪਹਿਲ ਕਰਨੀ ਚਾਹੀਦੀ ਹੈ । ਵਿਦਿਅਕ ਸੰਸਥਾਵਾਂ ਵਿੱਚ ਚਾਈਨਾ ਡੋਰ ਕਾਰਨ ਹੋਏ ਨੁਕਸਾਨ ਬਾਰੇ ਬੱਚਿਆਂ ਨੂੰ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਸਮੇਂ-ਸਮੇਂ ਤੇ ਦੱਸਿਆ ਜਾਣਾ ਚਾਹੀਦਾ ਹੈ।ਬੱਚੇ ਅਜੇ ਵੀ ਬੱਚੇ ਹਨ ਨੌਜਵਾਨਾਂ ਦਾ ਨੈਤਿਕ ਫ਼ਰਜ਼ ਹੈ ਕਿ ਉਹ ਆਪਣੇ ਛੋਟੇ ਸਾਥੀਆਂ ਨੂੰ ਸਮਝਾਉਣ ।
ਅੰਤ ਵਿੱਚ, ਇਹ ਕਿਹਾ ਜਾ ਸਕਦਾ ਹੈ ਕਿ ਚਾਈਨਾ ਡੋਰ ਦੇ ਇਸ ਬੇਹੱਦ ਖਤਰਨਾਕ ਰੁਝਾਨ ਨੂੰ ਰੋਕਣ ਲਈ ਯਤਨਸ਼ੀਲ ਹੋਣਾ ਲਾਜ਼ਮੀ ਹੈ । ਜੇ ਸਮਾਜ ਹੁਣ ਚੇਤੰਨ ਨਹੀਂ ਹੈ ਤਾਂ ਸਮਾਂ ਆ ਕੇ ਹੱਥੋਂ ਨਿਕਲ ਜਾਏਗਾ, ਫਿਰ ਪਛਤਾਉਣ ਤੋਂ ਬਿਨਾਂ ਕੁਝ ਵੀ ਨਹੀਂ ਮਿਲੇਗਾ। ਪਤੰਗਾਂ ਦਾ ਤਿਉਹਾਰ ਮਨਾਓ ਹਰ ਘਰ ਵਿੱਚ ਖੁਸ਼ੀ ਮਨਾਓ ।ਸਾਨੂੰ ਸਭ ਨੂੰ ਚਾਈਨਾ ਡੋਰ ਦਾ ਬਾਈਕਾਟ ਕਰਨਾ ਚਾਹੀਦਾ ਹੈ । ਖੁਸ਼ੀ ਦੇ ਤਿਉਹਾਰ ਤੇ ਕਿਸੇ ਲਈ ਵੀ ਕੋਈ ਸੋਗ ਨਹੀਂ ਹੋਣਾ ਚਾਹੀਦਾ। ਪਤੰਗ ਉਡਾਉਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਜਾਵੇ ਤਾਂ ਵੀ ਇਸ ਖਤਰਨਾਕ ਰੁਝਾਨ ਨੂੰ ਰੋਕਣ ਲਈ ਅਸੀਂ ਜਲਦੀ ਹੀ ਕਾਮਯਾਬ ਹੋ ਸਕਦੇ ਹਾਂ । ਆਓ ਅਸੀਂ ਸਾਰੇ ਇਕੱਠੇ ਇਸ ਸਮੱਸਿਆ ਦੇ ਹੱਲ ਲਈ ਯਤਨ ਕਰੀਏ ।. ਚਾਈਨਾ ਡੋਰ ਦੀ ਵਰਤੋ ਨਾਲੋਂ ਸਵਦੇਸ਼ੀ ਡੋਰ ਨੂੰ ਅਪਨਾਓ ।ਇਸ ਵਿੱਚ ਹੀ ਸਭ ਦਾ ਭਲਾ ਹੈ । ਮੌਤ ਦਾ ਸਮਾਨ ਖਰੀਦਣ ਦੀ ਬਜਾਏ ਖੁਸ਼ੀਆਂ ਖੇੜਿਆਂ ਭਰਿਆ ਜੀਵਨ ਬਿਤਾਉਂਦੇ ਹੋਏ ਆਪ ਵੀ ਹਮੇਸ਼ਾ ਖੁਸ਼ ਰਹਿਏ ਅਤੇ ਸਭ ਨੂੰ ਵੀ ਖੁਸ਼ ਰਖਿਏ । ਇਹ ਹੀ ਤਾਂ ਜਿੰਦਗੀ ਦੀ ਅਸਲੀਅਤ ਹੈ ।
ਰੱਬ ਨਾ ਕਿਸੇ ਨੂੰ, ਭੁੱਲੇ ਯਾਰੋ
NEXT STORY