ਕਿਰਤ ਸਾਡੀ ਜਿੰਦਗੀ ਦਾ ਅੰਗ ਹੈ ।ਪਰ ਅੱਜ ਜੇ ਬੱਚੇ ਨੂੰ ਕੰਮ ਕਰਨ ਲਈ ਕਿਹਾ ਜਾਵੇ ਤਾਂ ਉਹ ਅੰਗੜਾਈਆਂ ਲੈਣੀਆਂ ਸ਼ੁਰੂ ਕਰ ਦਿੰਦਾ ਹੈ ।ਇਸ ਲਈ ਸਾਡੀ ਸਿੱਖਿਆ ਤੇ ਸਮਜੀਕਰਣ ਜ਼ਿੰਮੇਵਾਰ ਹੈ ।ਕਿਰਤ ਤੋਂ ਕਮਾਈ ਕਰਨ ਲਈ ਅਸੀਂ ਬਚਕਾਨਾ ਕਾਰਵਾਈ ਸੁਭਾਅ 'ਚ ਵਸਾ ਲਈ ਹੈ ।ਕਿਰਤ ਨਾਲ ਕਿਰਤਾਰਥ ਹੁੰਦੀ ਹੈ ।ਕਿਰਤਾਰਥ ਨਾਲ ਮਨੁੱਖ ਦਾ ਕੱਦ ਉੱਚਾ ਹੁੰਦਾ ਹੈ ।ਸਮਾਜ ਦੇ ਵਿਕਾਸ ਦੀ ਅਧਾਰਸ਼ਿਲਾ ਕਿਰਤ ਹੀ ਹੈ ।ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ “ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ'' ਦਾ ਪੈਗਾਮ ਦਿੱਤਾ ਸੀ ।ਗੁਰਬਾਣੀ ਵਿਚ ਅੰਕਿਤ ਹੈ :-
“ਘਾਲਿ ਖਾਹਿ ਕਿਛੁ ਹਥਹੁ ਦੇਹਿ ,ਨਾਨਕ ਰਾਹੁ ਪਛਾਣਹਿ ਸੇਇ''
ਸਾਡੇ ਸਮਾਜ ਦੀ ਸਦਾਚਾਰਕ ਨਿਯਮਾਂਵਲੀ ਵਿਚ ਕਿਰਤ ਕਰਨ ਦੀ ਆਦਤ ਇਕ ਲਹਿਰ ਵਜੋਂ ਹੋਈ ਚਾਹੀਦੀ ਹੈ ।ਜੇ ਮਨੁੱਖ ਨੂੰ ਕਿਰਤ ਰਾਹੀ ਕਮਾਈ ਰਾਸ਼ੀ ਦਾ ਪਤਾ ਹੋਵੇ ਤਾਂ ਲੁੱਟ ਖਸੁੱਟ ਹੋ ਹੀ ਨਹੀਂ ਸਕਦੀ । ਕਿਰਤੀ ਸਮਾਜ ਵਿਚ ਹਮਦਰਦੀ ਦਾ ਪਾਤਰ ਵੀ ਹੁੰਦਾ ਹੈ ।ਕਿਹਾ ਵੀ ਗਿਆ ਹੈ ਕਿ :-
“ਲਗਾਤਾਰ ਜੋ ਕਰਦੇ ਕਾਰ, ਉਹਨਾਂ ਦੇ ਗਲ ਪੈਂਦੇ ਹਾਰ''
ਕਿਰਤ ਕਰਨ ਵਾਲਾ ਮਾਨਸਿਕ ਤੌਰ ਤੇ ਸ਼ੰਤੁਸਟ ਹੁੰਦਾ ਹੈ ।ਰੱਬ ਨੇ ਹੱਥ ਪੈਰ ਕਿਰਤ ਕਰਨ ਨੂੰ ਹੀ ਦਿੱਤੇ ਹਨ।ਕਿਰਤ ਖੁਦ ਨੂੰ ਤੇ ਸਮਾਜ ਨੂੰ ਆਤਮ ਨਿਰਭਰ ਬਣਾਉਂਦੀ ਹੈ। ਕਿਰਤ ਨੂੰ ਪੂਜਾ ਸਮਝਣਾ ਅਜੇ ਸਾਡੇ ਅਧਿਆਏ ਤੋਂ ਬਾਹਰ ਹੈ। ਲਾਡ ਪਿਆਰ ਤੇ ਆਲਸ ਕਿਰਤੀ ਸੁਭਾਅ ਦੇ ਰਾਹ ਵਿਚ ਰੌੜੇ ਹੁੰਦੇ ਹਨ। ਇਸ ਲਈ ਸਿੱਖਿਆ ਪ੍ਰਣਾਲੀ ਵਿਚ ਹੁਨਰਵੰਦੀ ਦੀ ਘਾਟ ਵੀ ਇਕ ਕਾਰਣ ਹੈ ।ਸਾਡੀ ਸਿੱਖਿਆ ਲਈ ਕਿੰਨੀ ਅਚੰਭੇ ਵਾਲੀ ਉਦਾਹਰਣ ਹੈ ਕਿ ਕਿਰਤੀ ਮਿਹਨਤ ਨਾਲ ਭਗਵਾਨ ਦੀ ਮੂਰਤੀ ਘੜਦਾ ਹੈ ਜਿਸ ਨੂੰ ਤੁਛ ਭੇਟਾ ਮਿਲਦੀ ਹੈ।ਪਰ ਮੂਰਤੀ ਤੇ ਹਜਾਰਾਂ ਲੱਖਾਂ ਚੜ੍ਹ ਜਾਂਦੇ ਹਨ ਜੋ ਵਿਹਲੜਾ ਦੀ ਫੋਜ ਦੇ ਕੰਮ ਆਉਂਦੇ ਹਨ।ਕਿਰਤ ਕਰਨ ਨੂੰ ਅਧਿਆਤਮਵਾਦ ਤੋਂ ਬਾਅਦ ਸਾਹਿਤ ਵਿਚ ਵੀ ਮਾਨਤਾ ਹੈ। ਲਾਲ ਧਨੀ ਰਾਮ ਚਾਤਰਿਕ ਲਿਖਦੇ ਹਨ:-
“ਕਿਸਾਨਾਂ, ਮਜ਼ਦੂਰਾਂ, ਤਰਖਾਣਾ, ਲੁਹਾਰਾ ਮੇਰੇ ਕਸਬੀਆ ਕਿਰਤੀ ਦਸਤਕਾਰ,
ਤੂੰ ਹੈ ਦੇਸ਼ ਦਾ ਆਸਰਾ ਸਹਾਰਾ ,ਇਹ ਰੌਣਕ ਦੌਲਤ ਵਧੇ ਨਾਲ ਤੇਰੇ, ਵਧੀ ਚਲ ਅਗੇਰੇ ,ਵਧੀ ਚਲ ਅਗੇਰੇ''
ਜਦੋਂ ਸਾਡੇ ਸਮਾਜਿਕ ਢਾਂਚੇ ਵਿਚ ਕਿਰਤ ਨਾਲ ਬੇਇੰਨਸਾਫੀ ਹੁੰਦੀ ਹੈ। ਤਾਂ ਪਰਾਏ ਹੱਕ ਦੀ ਮਾਨਸਿਕਤਾ ਉਪਜਦੀ ਹੈ। ।ਕਿਰਤ ਕਮਾਈ ਨੂੰ ਜੋਕਾਂ ਵੱਲੋਂ ਚੁਸਣ ਦਾ ਰੁਝਾਨ ਅੱਜ ਵੀ ਜਾਰੀ ਹੈ। ਇਸ ਸਭ ਕਾਸੇ ਲਈ ਸਾਡਾ ਸਮਾਜੀਕਰਨ ਜ਼ਿੰਮੇਵਾਰ ਹੈ ।ਇਸ ਕਰਕੇ ਕਈ ਅਲਾਮਤਾਂ ਰੋਗ ਅਤੇ ਹਿੰਸਾ ਵੀ ਜਨਮ ਲੈਂਦੇ ਹਨ ।ਅੱਜ ਸਮਾਂ ਮੰਗ ਕਰਦਾ ਹੈ ਕਿ ਖੁਸ਼ਹਾਲ ਭਵਿੱਖ ਲਈ ਕਿਰਤੀ ਨਿਯਮਾਂਵਲੀ ਬਣਾਈਏ ਤਾਂ ਜੋ ਵਿਕਸਤ ਦੇਸ਼ਾਂ ਦੀ ਰੀਸ ਕਰ ਸਕੀਏ ।ਨਹੀਂ ਤਾਂ ਘਰੇ ਬੈਠੇ ਉਹਨਾਂ ਦੀਆਂ ਗੱਲਾਂ ਕਰਕੇ ਅਗਲੀ ਪੁਸਤ ਨੂੰ ਵੀ ਲੀਹੋ ਲਾਹ ਦੇਵਾਂਗੇ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 9878111445