ਨਵੇਂ ਸਾਲ ਦੇ ਜਸ਼ਨ ਖ਼ਤਮ ਹੁੰਦੇ ਹੀ ਮਾਘ ਮਹੀਨੇ ਦੀ ਸੰਗਰਾਂਦ ਤੋਂ ਪਹਿਲੀ ਰਾਤ ਮਨਾਏ ਜਾਣ ਵਾਲੇ ਪਲੇਠੇ ਤਿਉਹਾਰ ਲੋਹੜੀ ਦੀਆਂ ਚਾਰ-ਚੁਫ਼ੇਰੇ ਤਿਆਰਿਆਂ ਅਤੇ ਰੌਣਕਾਂ ਇਕੱਠ ਹੋਣੇ ਸ਼ੁਰੂ ਹੋ ਜਾਂਦੇ ਹਨ । ਬਾਜ਼ਾਰਾਂ ਵਿੱਚ ਮੂੰਗਫਲੀ, ਰਿਉੜੀਆਂ, ਗੰਨੇ ਦੀ ਰਸ ਤੇ ਗੱਚਕਾਂ ਦੀ ਭਰਮਾਰ ਦੁਕਾਨਾਂ ਵਿਚ ਨਜ਼ਰ ਆਉਣ ਲੱਗ ਜਾਂਦੀ ਹੈ। ਗ਼ਰੀਬ ਲੋਕ ਖ਼ੁਸ਼ੀਆਂ ਦੇ ਗੀਤ ਗਾਉਂਦਿਆਂ ਘਰਾਂ ਵਿੱਚੋਂ ਲੋਹੜੀ ਮੰਗਦੇ ਹਨ। ਬੱਚੇ ਦੇ ਜਨਮ ਅਤੇ ਵਿਆਹ ਦੀ ਖ਼ੁਸ਼ੀ ਵਾਲੇ ਘਰਾਂ ਵਿੱਚ ਲੋਹੜੀ ਦੇ ਵਿਸ਼ੇਸ਼ ਜਸ਼ਨ ਰੱਖੇ ਜਾਂਦੇ ਹਨ। ਇਨ੍ਹਾਂ ਘਰਾਂ ਵੱਲੋਂ ਆਪਣੀਆਂ ਖ਼ੁਸ਼ੀਆਂ ਸਾਂਝੀਆਂ ਕਰਨ ਲਈ ਰਿਸ਼ਤੇਦਾਰਾਂ, ਗੁਆਂਢੀਆਂ ਤੇ ਦੋਸਤਾਂ-ਮਿੱਤਰਾਂ ਨੂੰ ਵਿਸ਼ੇਸ਼ ਸੱਦੇ ਭੇਜ ਕੇ ਬੁਲਾਇਆ ਜਾਂਦਾ ਹੈ। ਇਨ੍ਹਾਂ ਘਰਾਂ ਵਿੱਚ ਲੋਹੜੀ ਦੀ ਰਾਤ ਦੀਆਂ ਰੌਣਕਾਂ ਵੇਖਣ ਵਾਲੀਆਂ ਹੁੰਦੀਆਂ ਹਨ।
ਅਜੋਕੇ ਸਮੇਂ ’ਚ ਕਈ ਲੋਕਾਂ ਵੱਲੋਂ ਇਹ ਤਿਉਹਾਰ ਵਿਆਹਾਂ ਵਾਂਗ ਪੈਲੇਸਾਂ ਵਿੱਚ ਵੀ ਮਨਾਇਆ ਜਾਂਦਾ ਹੈ। ਲੋਹੜੀ ਵਾਲੇ ਦਿਨ ਬੱਚੇ ਲੋਹੜੀ ਦੇ ਗੀਤ ‘ਦੇ ਮਾਈ ਪਾਥੀ ਤੇਰਾ ਪੁੱਤ ਚੜੂਗਾ ਹਾਥੀ, ਹਾਥੀ ਨੇ ਮਾਰੀ ਟੱਕਰ, ਤੇਰੇ ਪੁੱਤ ਦੀ ਡੁੱਲਗੀ ਸ਼ੱਕਰ’ ਤੇ ‘ਦੇ ਮਾਈ ਲੋਹੜੀ, ਤੇਰਾ ਪੁੱਤ ਚੜੂਗਾ ਘੋੜੀ’ ਆਦਿ ਗਾਉਂਦਿਆਂ ਘਰਾਂ ਵਿੱਚੋਂ ਲੋਹੜੀ ਮੰਗਣ ਜਾਂਦੇ ਹਨ। ਇਸ ਦੌਰਾਨ ਉਹ ਜਿੱਥੇ ਰਾਤ ਨੂੰ ਬਾਲਣ ਲਈ ਲੱਕੜਾਂ ਤੇ ਪਾਥੀਆਂ ’ਕੱਠੀਆਂ ਕਰਦੇ ਹਨ, ਉੱਥੇ ਖਾਣ ਲਈ ਗੱਚਕ, ਰਿਉੜੀਆਂ ਤੇ ਮੂੰਗਫਲੀਆਂ ਵੀ ਇਕੱਤਰ ਕਰਦੇ ਹਨ। ਲੋਹੜੀ ਵਾਲੀ ਰਾਤ ਸਾਰਿਆਂ ਵੱਲੋਂ ਗਲੀ ਵਿੱਚ ਸਾਂਝੀ ਧੂਣੀ ਬਾਲ਼ ਕੇ ਸੇਕਦਿਆਂ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾਉਂਦਿਆਂ ਤੇ ਗੀਤ-ਗਾਉਂਦਿਆਂ ਲੋਹੜੀ ਮਨਾਈ ਜਾਂਦੀ ਹੈ।ਇਸ ਤਿਉਹਾਰ ਦਾ ਵਿਸ਼ੇਸ਼ ਗਾਣਾ ਜਿਸ ਬਿਨਾਂ ਇਹ ਅਧੂਰੀ ਜਾਪਦੀ ਹੈ:
ਸੁੰਦਰ ਮੁੰਦਰੀਏ ...ਹੋ- ਤੇਰਾ ਕੌਣ ਵਿਚਾਰਾ ...ਹੋ
ਕਹਿਰ ਦੀ ਸਰਦੀ ਦਾ ਮੌਸਮ ਇਨਸਾਨਾਂ, ਪਸ਼ੂ-ਪੰਛੀਆਂ ਤੇ ਫ਼ਸਲਾਂ ਲਈ ਖ਼ੁਸ਼ਗਵਾਰ ਨਹੀਂ ਹੁੰਦਾ। ਪੋਹ ਮਹੀਨੇ ਦੀ ਸਮਾਪਤੀ ਨਾਲ ਹੀ ਠੰਡ ਦੀ ਸਮਾਪਤੀ ਦਾ ਕਿਆਸ ਕੀਤਾ ਜਾਂਦਾ ਹੈ। ਪੋਹ ਮਹੀਨਾ ਸਮਾਪਤ ਹੋਣ ’ਤੇ ਸੂਰਜ ਦਾ ਚੜ੍ਹਨਾ ਤੇ ਧੁੱਪਾਂ ਨਿਕਲਣੀਆਂ ਸ਼ੁਰੂ ਹੋ ਜਾਦੀਆਂ ਹਨ। ਦਿਨ ਲੰਮੇ ਤੇ ਰਾਤਾਂ ਛੋਟੀਆਂ ਹੁੰਦੀਆਂ ਜਾਂਦੀਆਂ ਹਨ। ਫ਼ਸਲਾਂ ’ਤੇ ਖੇੜਾ ਆ ਜਾਂਦਾ ਹੈ। ਸਰਦੀ ਕਾਰਨ ਫ਼ਸਲਾਂ ਦਾ ਰੁਕਿਆ ਵਿਕਾਸ ਸ਼ੁਰੂ ਹੋ ਜਾਂਦਾ ਹੈ। ਇਸ ਮੌਕੇ ਬਾਲ਼ੀ ਜਾਂਦੀ ਵੱਡੀ ਧੂਣੀ ਨੂੰ ਸਰਦੀ ਦੇ ਸੀਜ਼ਨ ਦੀ ਅਖੀਰਲੀ ਧੂਣੀ ਸਮਝਿਆ ਜਾਂਦਾ ਹੈ। ਧੂਣੀ ਵਿੱਚ ਤਿਲ ਸੁੱਟਦਿਆਂ ‘ਈਸਰ ਆ ਦਲਿੱਦਰ ਜਾ’ ਦਾ ਗਾਇਆ ਜਾਂਦਾ ਗੀਤ ਵੀ ਠੰਡ ਦੀ ਸਮਾਪਤੀ ਦੀਆਂ ਖ਼ੁਸ਼ੀਆਂ ਵੱਲ ਇਸ਼ਾਰਾ ਕਰਦਾ ਹੈ।
ਬੱਚੇ ਦੇ ਜਨਮ ਤੇ ਵਿਆਹ ਦੀ ਖ਼ੁਸ਼ੀ ਵਾਲੇ ਘਰਾਂ ਵਿਚ ਲੋਹੜੀ ਦੇ ਵਿਸ਼ੇਸ਼ ਜਸ਼ਨ ਮਨਾਏ ਜਾਂਦੇ ਹਨ। ਇਨ੍ਹਾਂ ਘਰਾਂ ਵਲੋਂ ਅਪਣੀਆਂ ਖ਼ੁਸ਼ੀਆਂ ਸਾਂਝੀਆਂ ਕਰਨ ਲਈ ਰਿਸ਼ਤੇਦਾਰਾਂ, ਗੁਆਢੀਆਂ ਤੇ ਦੋਸਤਾਂ-ਮਿੱਤਰਾਂ ਨੂੰ ਵਿਸ਼ੇਸ਼ ਸੱਦੇ ਭੇਜ ਕੇ ਬੁਲਾਇਆ ਜਾਂਦਾ ਹੈ। ਇਨ੍ਹਾਂ ਘਰਾਂ ਵਿਚ ਲੋਹੜੀ ਦੀ ਰਾਤ ਦੀਆਂ ਰੌਣਕਾਂ ਵੇਖਣ ਵਾਲੀਆਂ ਹੁੰਦੀਆਂ ਹਨ। ਅਜੋਕੇ ਸਮੇਂ ਵਿਚ ਕਈ ਲੋਕਾਂ ਵਲੋਂ ਇਹ ਤਿਉਹਾਰ ਵਿਆਹਾਂ ਵਾਂਗ ਪੈਲੇਸਾਂ ਵਿਚ ਵੀ ਮਨਾਇਆ ਜਾਂਦਾ ਹੈ ਤੇ ਗਿੱਧੇ-ਭੰਗੜੇ ਪਾਏ ਜਾਂਦੇ ਹਨ। ਕਿਸੇ ਸਮੇਂ ਮੁੰਡੇ ਦੇ ਜਨਮ ਤੇ ਵਿਆਹ ਵਾਲੇ ਘਰਾਂ ਦੀਆਂ ਖ਼ੁਸ਼ੀਆਂ ਤਕ ਸੀਮਤ ਇਸ ਤਿਉਹਾਰ ਦਾ ਬਦਲਦੇ ਸਮੇਂ ਅਨੁਸਾਰ ਘੇਰਾ ਵਿਸ਼ਾਲ ਹੋਣਾ ਸ਼ੁਰੂ ਹੋ ਗਿਆ ਹੈ।
ਕਿਸੇ ਸਮੇਂ ਮੁੰਡੇ ਦੇ ਜਨਮ ਤੇ ਵਿਆਹ ਵਾਲੇ ਘਰਾਂ ਦੀਆਂ ਖੁਸ਼ੀਆਂ ਤੱਕ ਸੀਮਤ ਇਸ ਤਿਉਹਾਰ ਦਾ ਬਦਲਦੇ ਸਮੇਂ ਅਨੁਸਾਰ ਘੇਰਾ ਵਿਸ਼ਾਲ ਹੋਣਾ ਸ਼ੁਰੂ ਹੋ ਗਿਆ ਹੈ। ਮੁੰਡੇ ਤੇ ਕੁੜੀ ਵਿਚਲੇ ਲਿੰਗ ਭੇਦ ਨੂੰ ਖ਼ਤਮ ਕਰਨ ਦੀ ਸੋਚ ਰੱਖਦੇ ਅਗਾਂਹਵਧੂ ਲੋਕਾਂ ਨੇ ਕੁੜੀ ਦੇ ਜਨਮ ਦੀਆਂ ਖ਼ੁਸ਼ੀਆਂ ਨੂੰ ਵੀ ਲੋਹੜੀ ਦੀਆਂ ਖ਼ੁਸ਼ੀਆਂ ਵਿੱਚ ਸ਼ਾਮਿਲ ਕਰ ਲਿਆ ਹੈ। ਪਿਛਲੇ ਕਈ ਵਰ੍ਹਿਆਂ ਤੋਂ ਕੁੜੀਆਂ ਦੀ ਲੋਹੜੀ ਮਨਾਉਣ ਦਾ ਰਿਵਾਜ਼ ਕਾਫ਼ੀ ਪ੍ਰਚਲਿਤ ਹੋਇਆ ਹੈ।
ਇਕ ਸੱਚ ਇਹ ਵੀ ਹੈ ਕਿ ਅੱਜ-ਕੱਲ੍ਹ ਵਧਦੀ ਮਹਿੰਗਾਈ ਤੇ ਪੈਸੇ ਦੀ ਦੌੜ-ਭੱਜ ਵਾਲੀ ਜ਼ਿੰਦਗੀ ਨੇ ਮਾਹੌਲ ਬਦਲ ਕੇ ਰੱਖ ਦਿੱਤਾ ਹੈ। ਹੁਣ ਬੱਚਿਆਂ ਕੋਲ ਸਾਂਝੀਆਂ ਖ਼ੁਸ਼ੀਆਂ ਮਨਾਉਣ ਲਈ ਫ਼ੁਰਸਤ ਨਹੀਂ ਰਹੀ, ਤੇ ਨਾ ਹੀ ਪਹਿਲਾਂ ਵਾਂਗ ਰਿਸ਼ਤਿਆਂ 'ਚ ਆਪਸੀ ਮੋਹ-ਪਿਆਰ, ਏਕਤਾ ਤੇ ਪ੍ਰਪੱਕਤਾ ਰਹੀ ਹੈ। ਹੁਣ ਤਿਉਹਾਰਾਂ 'ਤੇ ਬਾਜ਼ਾਰੂ ਰੁਚੀ ਵੀ ਭਾਰੂ ਹੋਣ ਲੱਗੀ ਹੈ। ਤੇਜ਼ੀ ਨਾਲ ਉਸਰ ਰਹੇ ਗਲੋਬਲ ਪਿੰਡ ਕਾਰਨ ਰਿਸ਼ਤਿਆਂ ਦਾ ਨਿੱਘ, ਮੋਹ, ਸੱਭਿਆਚਾਰਕ ਸਾਂਝ ਤੇ ਮਿਲਵਰਤਨ ਵੀ ਘਟਦਾ ਜਾ ਰਿਹਾ ਹੈ।
ਕੁੜੀਆਂ ਦੀ ਲੋਹੜੀ ਮਨਾਉਣ ਦਾ ਸ਼ੁਰੂ ਹੋਇਆ ਰਿਵਾਜ ਵਾਕਿਆ ਹੀ ਔਰਤ ਜਾਤੀ ਦੇ ਗੌਰਵ ਵਿੱਚ ਇਜ਼ਾਫ਼ਾ ਕਰਦਾ ਹੈ। ਕੁੜੀਆਂ ਦੇ ਮਨਾਂ ਵਿੱਚ ਆਤਮ-ਵਿਸ਼ਵਾਸ ਜਗਾਉਣ ਦਾ ਇਹ ਸਭ ਤੋਂ ਕਾਰਗਰ ਤਰੀਕਾ ਹੈ। ਸੰਸਥਾਵਾਂ, ਕਲੱਬਾਂ ਅਤੇ ਸਰਕਾਰ ਵੱਲੋਂ ਧੀਆਂ ਦੀ ਲੋਹੜੀ ਵੱਡੇ ਪੱਧਰ ’ਤੇ ਮਨਾਈ ਜਾਣ ਲੱਗੀ ਹੈ ।
ਇਕ ਸਵਾਲ ਇਹ ਵੀ ਹੈ ਕਿ ਕੀ ਸਮਾਜ ਧੀਆਂ ਨੂੰ ਉਨ੍ਹਾਂ ਦੀ ਬਣਦੀ ਇੱਜ਼ਤ, ਮਾਣ-ਸਤਿਕਾਰ ਬਰਾਬਰਤਾ ਦਾ ਅਧਿਕਾਰ ਦੇਣ ਦੇ ਯੋਗ ਹੋ ਗਿਆ ਹੈ? ਕੀ ਧੀਆਂ ਸੱਚਮੁੱਚ ਹੀ ਸੁਰੱਖਿਅਤ ਹੋ ਗਈਆਂ ਹਨ? ਅਤੇ ਜਾਂ ਫਿਰ ਕੀ ਮਾਦਾ ਭਰੂਣ ਹੱਤਿਆ ਦੇ ਖ਼ਾਤਮੇ ਦਾ ਕਿਆਸ ਕੀਤਾ ਜਾ ਸਕਦਾ ਹੈ? ਕਿਉਂ ਅੱਜ ਵੀ ਲੋਕ ਪਹਿਲੀ ਔਲਾਦ ਮੁੰਡਾ ਹੀ ਹੋਣ ਦੀਆਂ ਦੁਆਵਾਂ ਕਰਦੇ ਹਨ? ਕਿਉਂ ਹਾਲੇ ਸੋਚ ਇਹ ਹੀ ਹੈ ਕਿ ਵੀ ਵੰਸ਼ ਪੁੱਤਾਂ ਨਾਲ ਹੀ ਚੱਲਦਾ ਹੈ? ਕਿਉਂ ਅੱਜ ਵੀ ਔਰਤ ਹੀ ਔਰਤ ਦੀ ਦੁਸ਼ਮਣ ਬਣੀ ਹੋਈ ਹੈ? ਕਿਉਂ ਧੀਆਂ ਲਈ ਸਥਾਨਕ ਪੱਧਰ ਦੀ ਸਿੱਖਿਆ ਪ੍ਰਾਪਤੀ ਤੋਂ ਬਾਅਦ ਉੱਚੇਰੀ ਸਿੱਖਿਆ ਦੇ ਰਸਤੇ ਬੰਦ ਹੋ ਜਾਂਦੇ ਹਨ? ਕਿਉਂ ਅੱਜ ਵੀ ਕੁੜੀਆਂ ਨੂੰ ਸਮਝਾਉਣ ਦੀ ਬਜਾਏ ਧੀਆਂ 'ਤੇ ਹੀ ਪਹਿਨਣ, ਬੋਲਣ-ਚੱਲਣ ਤੇ ਵਿਹਾਰ ਦੇ ਤਰੀਕਿਆਂ ਦੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ।
ਉਪਰੋਕਤ ਸਵਾਲਾਂ ਦੀ ਕਚਹਿਰੀ ਵਿੱਚ ਖੜ੍ਹਾ ਧੀਆਂ ਦੀ ਲੋਹੜੀ ਮਨਾਉਣ ਦਾ ਰਿਵਾਜ ਆਪਣੇ-ਆਪ ਵਿੱਚ ਬੌਣਾ ਜਿਹਾ ਜਾਪਦਾ ਹੈ। ਲੱਗਦਾ ਹੈ ਕਿ ਧੀਆਂ ਦੀ ਲੋਹੜੀ ਮਨਾਉਣ ਦਾ ਰਿਵਾਜ ਮਹਿਜ਼ ਇੱਕ ਨਵੀਂ ਪਿਰਤ ਤੋਂ ਅਗਾਂਹ ਕੁੱਝ ਵੀ ਨਹੀਂ ਕਿਉਂਕਿ ਧੀਆਂ ਤਾਂ ਅੱਜ ਵੀ ਪਹਿਲਾਂ ਵਾਂਗ ਹੀ ਦਾਜ ਦੀ ਬਲੀ ਚੜ੍ਹ ਰਹੀਆਂ ਹਨ। ਧੀਆਂ ਤਾਂ ਅੱਜ ਵੀ ਪਹਿਲਾਂ ਵਾਂਗ ਹੀ ਕੁੱਖ ਵਿੱਚ ਕਤਲ ਹੋ ਰਹੀਆਂ ਹਨ। ਧੀਆਂ ਤਾਂ ਅੱਜ ਵੀ ਮਰਦ ਪ੍ਰਧਾਨ ਸਮਾਜ ਦੇ ਵਹਿਸ਼ੀਪੁਣੇ ਦਾ ਸ਼ਿਕਾਰ ਹਨ। ਧੀਆਂ ਤਾਂ ਅੱਜ ਵੀ ਪੈਸੇ ਦੇ ਲਾਲਚ ਵਿਚ ਵੇਚੀਆਂ ਜਾ ਰਹੀਆਂ ਹਨ।
ਧੀਆਂ ਦੀ ਲੋਹੜੀ ਮਨਾਉਣ ਦੇ ਪ੍ਰਚਲਿਤ ਹੋ ਰਹੇ ਰਿਵਾਜ ਨੂੰ ਅਸਲੀ ਮਾਇਨਿਆਂ ਤਕ ਪਹੁੰਚਾਉਣ ਲਈ ਸੋਚ ਵਿਚ ਬਦਲਾਅ ਜ਼ਰੂਰੀ ਹੈ। ਮਹਿਜ਼ ਲੋਹੜੀ ਮਨਾ ਲੈਣ ਨਾਲ ਧੀਆਂ ਦਾ ਕੁੱਝ ਸੰਵਰਨ ਵਾਲਾ ਨਹੀਂ। ਇਸ ਰਿਵਾਜ ਨੂੰ ਮੰਜ਼ਿਲ-ਏ-ਮਕਸੂਦ ਤਕ ਪਹੁੰਚਾਉਣ ਲਈ ਧੀਆਂ ਨੂੰ ਧੁਰ ਅੰਦਰੋਂ ਪੁੱਤਰਾਂ ਬਰਾਬਰ ਰੁਤਬਾ ਦੇਣਾ ਪਵੇਗਾ, ਜੋ ਅਜੇ ਤਕ ਅਸਲੀਅਤ ਵਿਚ ਨਹੀਂ ਦਿਤਾ ਜਾ ਸਕਿਆ।
ਸੁਰਜੀਤ ਸਿੰਘ ਫਲੋਰਾ
"ਨੌਜਵਾਨ ਵਰਗ ਬਦਲ ਸਕਦਾ ਹੈ ਦੇਸ਼ ਦੀ ਦਿਸ਼ਾ ਅਤੇ ਦਸ਼ਾ "
NEXT STORY