ਮਨੁੱਖ ਦਾ ਮਨ ਬਹੁਤ ਹੀ ਚੰਚਲ ਏ, ਮਿੰਟਾਂ ਸਕਿੰਟਾਂ ਵਿੱਚ ਕਿਤੇ ਤੋਂ ਕਿਤੇ ਦੀ ਉਡਾਰੀ ਲਗਾਉਂਦਾ ਏ । ਕਦੇ ਇਮਾਨਦਾਰੀ ਦੇ ਪਹਾੜ ਦੇ ਸਿਖਰ ਤੇ ਪਹੁੰਚ ਜਾਂਦਾ ਹੈਂ ਅਤੇ ਕਦੇ ਬੇਈਮਾਨੀ ਦੇ ਡੂੰਘੇ ਸਮੁੰਦਰ ਵਿਚ ਗੋਤੇ ਖਾਂਦਾ ਏ । ਕਹਿੰਦੇ ਨੇ ਇਕ ਵਾਰ ਇਕ ਦਰਿਆ ਨੂੰ ਪਾਰ ਕਰਨ ਲਈ ਬੇੜੇ ਤੇ ਬੈਠ ਜਾਣਾ ਪੈਂਦਾ ਸੀ । ਬੇੜੇ ਦਾ ਮਲਾਹ ਭਲਾ ਇਨਸਾਨ ਸੀ। ਹਰ ਰੋਜ਼ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਦਾ ਅਤੇ ਫਿਰ ਸ਼ਾਮ ਪੈਂਣ ਤੇ ਆਪਣੇ ਘਰ ਚਲਾ ਜਾਂਦਾ ਫਿਰ ਦੂਜੇ ਦਿਨ ਆਪਣੇ ਕੰਮ ਤੇ ਆ ਜਾਂਦਾ ।
ਇਕ ਦਿਨ ਇਕ ਵਪਾਰੀ ਨੇ ਉਸਦੇ ਬੇੜੇ ਵਿਚ ਬੈਠ ਕੇ ਦਰਿਆ ਪਾਰ ਕੀਤਾ ਪਰ ਉਹ ਜਾਣ ਸਮੇਂ ਮੋਹਰਾਂ ਦੀ ਇਕ ਛੋਟੀ ਪੋਟਲੀ ਬੇੜੇ ਵਿਚ ਹੀ ਭੁੱਲ ਗਿਆ । ਉਸ ਮਲਾਹ ਨੇ ਉਹ ਪੋਟਲੀ ਖੋਲ੍ਹ ਕੇ ਦੇਖੀ ਤਾਂ ਹੈਰਾਨ ਰਹਿ ਗਿਆ ਕਿ ਉਸ ਵਿਚ ਸੋਨੇ ਦੀਆਂ ਮੋਹਰਾਂ ਸਨ । ਉਹ ਤੁਰੰਤ ਉਸ ਵਪਾਰੀ ਦੇ ਪਿੱਛੇ ਦੌੜਿਆ ਅਤੇ ਬੜੇ ਅਦਬ ਨਾਲ ਮੋਹਰਾਂ ਵਾਲੀ ਥੈਲੀ ਉਸਨੂੰ ਵਾਪਸ ਕਰ ਦਿੱਤੀ। ਵਪਾਰੀ ਨੇ ਵੀ ਉਸਦਾ ਧੰਨਵਾਦ ਕੀਤਾ । ਮਲਾਹ ਦੇ ਮਨ ਨੂੰ ਵੀ ਅਥਾਹ ਖੁਸ਼ੀ ਮਿਲੀ।
ਫਿਰ ਕੁਝ ਦਿਨਾਂ ਬਾਅਦ ਇਕ ਬੱਚਾ ਸਕੂਲ ਜਾਣ ਲਈ ਬੇੜੇ ਵਿਚ ਬੈਠ ਕੇ ਗਿਆ ਤਾਂ ਜਦੋਂ ਬਾਕੀ ਸਾਰੇ ਲੋਕ ਬੇੜੇ ਚੋਂ ਉਤਰ ਗਏ ਤਾਂ ਪਿਛੇ ਉਹ ਬੱਚਾ ਹੀ ਰਹਿ ਗਿਆ । ਉਸ ਬੱਚੇ ਦਾ ਇਕ ਰੁਪਏ ਦਾ ਇਕ ਸਿੱਕਾ ਬੇੜੇ ਵਿੱਚ ਡਿੱਗ ਗਿਆ ਸੀ ਜੋ ਮਲਾਹ ਨੇ ਦੇਖ ਲਿਆ ਅਤੇ ਉਸ ਪਰ ਆਪਣਾ ਪੈਰ ਰੱਖ ਲਿਆ । ਬੱਚਾ ਉਹ ਸਿੱਕਾ ਲੱਭਦਾ ਰਿਹਾ ਪਰ ਉਸਨੂੰ ਨਾ ਮਿਲਿਆ । ਮਲਾਹ ਨੇ ਉਸਨੂੰ ਪੁੱਛਿਅੱ, “''ਬੱਚੇ ਕੀ ਲੱਭ ਰਿਹਾ ਏ?''ਤਾਂ ਬੱਚੇ ਨੇ ਕਿਹਾ, ''ਮੇਰਾ ਇਕ ਰੁਪਏ ਦਾ ਸਿੱਕਾ ਗੁੰਮ ਗਿਆ, ਮਿਲ ਨਹੀਂ ਰਿਹਾ।'' ਮਲਾਹ ਨੇ ਕਿਹਾ, ''ਸ਼ਾਇਦ ਦਰਿਆ ਵਿਚ ਡਿੱਗ ਗਿਆ ਹੋਵੇਗਾ।'' ਬੱਚਾ ਬੇੜੇ ਚੋਂ ਉਤਰ ਕੇ ਚਲਾ ਗਿਆ। ਮਲਾਹ ਨੇ ਉਹ ਰੁਪਿਆ ਚੁੱਕਿਆ ਅਤੇ ਆਪਣੀ ਜੇਬ ਵਿੱਚ ਪਾ ਲਿਆ । ਇਸ ਤਰ੍ਹਾਂ ਜਿਹੜਾ ਮਨ ਕਦੇ ਸੋਨੇ ਦੀਆ ਮੋਹਰਾਂ ਦੀ ਥੈਂਲੀ ਦੇਖ ਨਹੀਂ ਸੀ ਡੋਲਿਆ ਉਸ ਦਿਨ ਉਸ ਬੱਚੇ ਦੇ ਇਕ ਰੁਪਏ ਪਰ ਡੋਲ ਗਿਆ ।
ਬਹਾਦਰ ਸਿੰਘ ਗੋਸਲ
ਮੋ.ਨੰ: 98764-52223
ਅੱਛਾ ਇਸ ਨੂੰ ਕਹਿੰਦੇ ਨੇ ਵਾਈਫ਼
NEXT STORY