ਮੋਬਾਈਲ ਫੋਨ ਮਨੁੱਖ ਲਈ ਅਹਿਮ ਜ਼ਰੂਰਤ ਬਣ ਚੁੱਕਾ ਸਭ ਤੋਂ ਵਧੇਰੇ ਵਰਤੋਂ ਵਿਚ ਆਉਣ ਵਾਲਾ ਯੰਤਰ ਹੈ।ਹੁਣ ਇਸਦੀ ਵਰਤੋਂ ਸਿਰਫ ਗੱਲਬਾਤ ਤੱਕ ਸੀਮਤ ਨਹੀਂ ਸਗਂੋ ਇਹ ਕਈ ਕਾਰਜ ਕਰਨ ਦੀ ਸਮਰੱਥਾ ਰੱਖਦਾ ਹੈ।ਜਾਗਦੇ-ਸੁੱਤੇ, ਉਠਦੇ-ਬਹਿੰਦੇ,ਖਾਂਦੇ-ਪੀਂਦੇ,ਘੁੰਮਦੇ-ਫਿਰਦੇ ਗੱਲ ਕੀ ਹਰ ਵੇਲੇ ਦਾ ਸਾਥੀ ਹੈ।ਬੇਸ਼ੱਕ ਇਸਨੇ ਅਸੰਭਵ ਨੂੰ ਸੰਭਵ ਕਰਕੇ ਮਨੁੱਖੀ ਜੀਵਨ ਸੁਖਾਲਾ ਬਣਾ ਦਿੱਤਾ ਹੈ ਮਨੋਰੰਜਨ ਦਾ ਬਹੁਤ ਵਧੀਆ ਜ਼ਰੀਆ ਵੀ ਹੈ।ਵਿਉਪਾਰ ਜਾਂ ਕਾਰੋਬਾਰ ਵਿਚ ਵੀ ਸਹਾਇਕ ਹੈ। ਸਿੱਖਿਆ ਖੇਤਰ ਵਿਚ ਇਸਦੀ ਵਰਤੋਂ ਐਮ ਲਰਨਿੰਗ ਦੇ ਰੂਪ ਵਿਚ ਵਧ ਰਹੀ ਹੈ ਪਰ ਇਸਦੇ ਨੁਕਸਾਨ ਵੀ ਅਣਗਿਣਤ ਹਨ।ਇਸਨੇ ਸਮਾਜਿਕ ਰਿਸ਼ਤਿਆ ਨੂੰ ਚੋਟ ਪਹੁੰਚਾਈ ਹੈ ਘਰ ਦੇ ਮੈਂਬਰ ਕੋਲ ਕੋਲ ਬੈਠੇ ਵੀ ਕੋਹਾਂ ਦੂਰ ਕਰ ਦਿੱਤੇ ਹਨ।ਸਰੀਰਕ ਰੋਗਾਂ ਨੂੰ ਇਸਨੇ ਚੌਖਾ ਵਧਾਇਆ ਹੈ। ਖੋਜਾਂ ਮੁਤਾਬਿਕ ਇਸ ਵਿਚ ਕਈ ਤਰ੍ਹਾਂ ਦੇ ਕੀਟਾਣੂ ਪਨਪਦੇ ਹਨ ਜੋ ਕਈ ਬੀਮਾਰੀਆਂ ਨੂੰ ਸੱਦਾ ਦਿੰਦੇ ਹਨ।ਗਰਭਵਤੀ ਔਰਤਾਂ ਦੇ ਗਰਭ ਵਿਚ ਪਲ ਰਹੇ ਬੱਚੇ ਅਤੇ ਛੋਟੇ ਬੱਚਿਆਂ ਉੱਪਰ ਇਸਦਾ ਭਿਆਨਕ ਅਸਰ ਪੈਂਦਾ ਹੈ।ਹੈੱਡ ਫੋਨ ਲਗਾਉਣ ਨਾਲ ਕੰਨਾ ਅਤੇ ਦਿਮਾਗ ਉੱਪਰ ਬੁਰਾ ਅਸਰ ਪਾਉਂਦਾ ਹੈ।ਜ਼ਿਆਦਾ ਦੇਰ ਤੱਕ ਨਜ਼ਰ ਟਿਕਾਉਣ ਨਾਲ ਅੱਖਾਂ ਦੇ ਕੋਰਨੀਆਂ ਅਤੇ ਲੈਂਜ ਟਿਸ਼ੂ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ।
ਸਰੀਰਕ ਸਮੱਸਿਆਵਾਂ ਦੇ ਨਾਲ ਨਾਲ ਕਈ ਤਰਾਂ ਦੇ ਮਨੋਵਿਗਿਆਨਕ ਜਾਂ ਮਾਨਸਿਕ ਵਿਕਾਰਾਂ ਨੂੰ ਵੀ ਇਸਨੇ ਜਨਮ ਦਿੱਤਾ ਹੈ ਮਨੋਵਿਗਿਆਨੀਆਂ ਅਤੇ ਮਨੋਚਕਿਤਸਕਾਂ ਨੇ ਨਿਰੰਤਰ ਵਿਕਾਰਾਂ ਦੇ ਵਾਧੇ ਪ੍ਰਤੀ ਡਰ ਜ਼ਾਹਿਰ ਕੀਤਾ ਹੈ ਸਭ ਤੋਂ ਵੱਡੀ ਗੱਲ ਬਹੁਗਿਣਤੀ ਇਹਨਾ ਵਿਕਾਰਾਂ ਪ੍ਰਤੀ ਜਾਣੂ ਨਹੀਂ।ਖੋਜਾਂ ਅਨੁਸਾਰ ਮੋਬਾਈਲ ਕਾਰਨ ਉਤਪੰਨ ਮਾਨਸਿਕ ਵਿਕਾਰਾਂ ਨਾਲ ਅੱਗੋਂ ਹੋਰ ਮਨੋਵਿਗਿਆਨਕ ਸਮੱਸਿਆਵਾਂ ਦੀ ਲੜੀ ਜੁੜੀ ਹੋਈ ਹੈ।ਅਸਹਿਣਸ਼ੀਲਤਾ,ਇਕਾਗਰਤਾ ਦਾ ਘੱਟ ਜਾਣਾ,ਚਿੜਚਿੜਾ ਪਣ,ਇਕੱਲਤਾ, ਛੋਟੀ ਛੋਟੀ ਗੱਲ ਤੇ ਤਣਾਅ ਜਾਂ ਚਿੰਤਾ,ਨੀਂਦ ਚ ਵਿਗਾੜ ਜਾਂ ਅਨੀਂਦਰਾ ਰੋਗ,ਪਾਚਨ ਤੰਤਰ ਦੀ ਖਰਾਬੀ, ਵਿਵਹਾਰ ਸੰਬੰਧੀ ਸੱਮਸਿਆਵਾਂ,ਗਲਤ ਜੀਵਨ ਸ਼ੈਲੀ,ਮਾਨਸਿਕ ਸਿਹਤ ਦਾ ਵਿਗੜਨਾ ,ਮਾਨਸਿਕ ਥਕਾਵਟ,ਯਾਦ ਸ਼ਕਤੀ ਘਟਣਾ ਆਦਿ ਸਮੱਸਿਆਵਾਂ ਦੇ ਵਧਣ ਵਿਚ ਮੋਬਾਈਲ ਫੋਨ ਦਾ ਪੂਰਾ ਪੂਰਾ ਹੱਥ ਹੈ ਮੰਨਿਆ ਜਾਂਦਾ ਹੈ ਕਿ ਦਿਮਾਗ ੨੫ ਕੁ ਸਾਲ ਤੱਕ ਪੂਰਨ ਵਿਕਸਿਤ ਹੁੰਦਾ ਹੈ ਇਸ ਤੋਂ ਪਹਿਲਾ ਕਿਸ਼ੋਰ ਜਾਂ ਬਚਪਨ ਅਵਸਥਾ ਵਿੱਚ ਮੋਬਾਇਲ ਦੀ ਜਿਆਦਾ ਵਰਤੋਂ ਦਿਮਾਗ ਉਪਰ ਬੁਰਾ ਪ੍ਰਭਾਵ ਪਾਉਂਦੀ ਹੈ।ਪਰ ਮਾੜੀ ਗੱਲ ਇਹ ਹੈ ਕਿ ੧੮-੨੪ ਸਾਲ ਦੇ ਬੱਚੇ ਮੋਬਾਈਲ ਫੋਨ ਵਧੇਰੇ ਵਰਤਦੇ ਹਨ।ਮੋਬਾਈਲ ਦੀ ਵਰਤੋਂ ਨਸ਼ੇ ਵਾਂਗ ਇਕ ਆਦਤ ਦਾ ਰੂਪ ਲੈ ਬੈਠੀ ਹੈ ਅਤੇ ਪੂਰੀ ਦੁਨੀਆਂ ਇਸਦੀ ਆਦੀ ਹੋ ਚੁੱਕੀ ਹੈ ਜਿਸ ਤਰਾਂ ਇਕ ਨਸ਼ੇੜੀ ਨਸ਼ੇ ਦੀ ਲਤ ਨਹੀਂ ਛੱਡ ਸਕਦਾ ਉਸੇ ਤਰਾਂ ਮੋਬਾਇਲ ਫੋਨ ਨੂੰ ਛੱਡਣਾ ਨਸ਼ੇ ਤੋ ਵੱਧ ਮੁਸ਼ਕਿਲ ਹੈ ਕਿਉਂਕਿ ਮੋਬਾਈਲ ਫੋਨ ਛੁਡਾਉਣ ਸੰਬੰਧੀ ਕੇਂਦਰਾਂ ਦਾ ਸੰਕਲਪ ਵਿਕਸਿਤ ਨਹੀਂ ਹੋਇਆ।ਪਰ ਕਈ ਸਰਕਾਰੀ ਹਸਪਤਾਲਾਂ ਵਿੱਚ ਮਨੋਚਕਿਤਸਕ ਅਤੇ ਸਲਾਹਕਾਰ ਨਿਯੁਕਤ ਕੀਤੇ ਗਏ ਹਨ
ਜਿੱਥੇ ਇਸਨੇ ਸਾਨੂੰ ਦੁਨੀਆ ਨਾਲ ਜੋੜ ਦਿੱਤਾ ਹੈ ਉੱਥੇ ਸੰਸਾਰ ਪੱਧਰ ਤੇ ਨੋਮੋਫੋਬੀਆ ਨੂੰ ਜਨਮ ਦਿੱਤਾ ਹੈ।ਇਹ ਨਵੀਂ ਕਿਸਮ ਦਾ ਫੋਬੀਆ ਮੋਬਾਈਲ ਦੀ ਵਧੇਰੇ ਵਰਤੋਂ ਅਤੇ ਮੋਬਾਈਲ ਉੱਤੇ ਵਧੇਰੇ ਨਿਰਭਰਤਾ ਕਾਰਨ ਜਿਆਦਾ ਫੈਲਿਆ ਹੈ।ਨੋਮੋਫੋਬੀਆ ਦਾ ਅਰਥ ਹੈ ਮੋਬਾਇਲ ਨਾ ਹੋਣ ਦਾ ਡਰ ਜਾਂ ਇਸਨੂੰ ਵਰਤਣ ਵਿੱਚ ਅਸਮਰੱਥਤਾ।ਜੇਕਰ ਵਿਅਕਤੀ ਬਿਨ੍ਹਾ ਨੈਟਵਰਕ ਵਾਲੀ ਥਾਂ ਉੱਤੇ ਹੈ,ਮੋਬਾਈਲ ਵਿੱਚ ਬੈਂਲਸ ਘੱਟ ਜਾਂ ਨਾ ਹੋਵੇ,ਬੈਟਰੀ ਘੱਟ ਗਈ ਹੋਣ ਤੇ ਤਣਾਅ ਜਾਂ ਚਿੰਤਾ ਵਿੱਚ ਆ ਜਾਵੇ ਜੋ ਉਸਦੀ ਇਕਾਗਰਤਾ ਭੰਗ ਕਰੇ ਤਾਂ ਇਹ ਨੋਮੋਫੋਬੀਆ ਦੇ ਲੱਛਣ ਹਨ।ਜਦਂੋ ਕਿਤੇ ਭੁੱਲ ਭੁਲੇਖੇ ਨਾਲ ਮੋਬਾਈਲ ਰੱਖਿਆ ਜਾਵੇ,ਇੰਟਰਨੈਟ ਡਾਟਾ ਖਤਮ ਹੋ ਜਾਵੇ,ਵਾਰ ਵਾਰ ਜੇਬ ਵਿੱਚੋਂ ਮੋਬਾਈਲ ਕੱਢ ਕੇ ਸਕਰੀਨ ਉੱਤੇ ਮਿਸਡ ਕਾਲ ਜਾਂ ਮੈਸਜ ਦੇਖੇ,ਫੋਨ ਟੁੱਟ ਜਾਣ ਜਾਂ ਗੁਆਚ ਜਾਣ ਦਾ ਡਰ ਹੋਵੇ,ਕਿਸੇ ਹੋਰ ਦਾ ਫੋਨ ਵੱਜਣ ਤੇ ਆਪਣੇ ਮੋਬਾਈਲ ਨੂੰ ਦੇਖੇ,ਫੋਨ ਨਾ ਆਉਣ ਉੱਤੇ ਵੀ ਕੰਪਨ ਮਹਿਸੂਸ ਹੋਵੇ ਜਾਂ ਰਿਗ ਟੋਨ ਸੁਣਾਈ ਦੇਵੇ(ਰਿੰਗਜਾਇਟੀ),ਸੌਣ ਲੱਗੇ ਫੋਨ ਲਾਗੇ ਰੱਖੇ,ਕਿਤੇ ਜਾਣ ਲੱਗੇ ਚਾਰਜਰ ਨੂੰ ਪਹਿਲ ਦੇ ਅਧਾਰ ਤੇ ਬੈਗ ਵਿੱਚ ਪਾਵੇ ਤਾਂ ਸਮਝੋ ਉਹ ਨੋਮੋਫੋਬੀਆ ਦਾ ਸ਼ਿਕਾਰ ਹੈ।ਕਈ ਨੋਮੋਫੋਬੀਆ ਨੂੰ ਮੋਬਾਇਲ ਸੰਬੰਧੀ ਵਿਕਾਰ ਦਰਸਾਉਣ ਲਈ ਗਲਤ ਉਪਯੋਗ ਕੀਤਾ ਸ਼ਬਦ ਮੰਨਦੇ ਹਨ।ਪਰ ਇਸ ਸ਼ਬਦ ਨੂੰ ਅਧਾਰ ਬਣਾ ਕਿ ਅਣਗਿਣਤ ਖੋਜਾਂ ਹੋਈਆਂ ਹਨ।
ਸੈਲਫੀ ਲੈਣਾ ਵੀ ਇਕ ਮਾਨਸਿਕ ਵਿਕਾਰ ਹੈ ਜੇਕਰ ਤੁਸੀਂ ਵਾਰ ਵਾਰ ਸੈਲਫੀ ਲੈਂਦੇ ਹੋ ਉਸਨੂੰ ਸੋਸ਼ਲ ਸਾਈਟਾਂ ਤੇ ਪਾਉਂਦੇ ਹੋ ਜਾਂ ਨਹੀਂ ਤਾਂ ਇਹ ਵੀ ਇਕ ਮਾਨਸਿਕ ਵਿਕਾਰ ਹੈ। ਵਾਰ ਵਾਰ ਮੋਬਾਈਲ ਫੋਨ ਬਦਲਦੇ ਰਹਿਣਾ ਜਾਂ ਮੋਬਾਈਲ ਨਾਲ ਸੰਤੁਸ਼ਟ ਨਾ ਹੋਣਾ,ਕੋਈ ਨਵੀ ਐਪਲੀਕੇਸ਼ਨ ਦੇ ਆਉਣ ਤੇ ਡਾਊਨਲੋਡ ਕਰਨ ਤੋਂ ਖੁਦ ਨੂੰ ਰੋਕ ਨਾ ਸਕਣਾ, ਮਨੋਵਿਗਿਆਨਕ ਵਿਕਾਰਾਂ ਵਿੱਚ ਹੋਰ ਵਾਧਾ ਕਰਦੇ ਹਨ।
ਮੋਬਾਈਲ ਤੋਂ ਛੁਟਕਾਰਾ ਪਾਉਣਾ ਮਾਨਸਿਕ ਅਤੇ ਸਰੀਰਕ ਸਿਹਤ ਲਈ ਬਹੁਤ ਜਰੂਰੀ ਹੈ।ਇਸ ਵਿੱਚ ਵੀ ਦੋ ਰਾਏ ਨਹੀ ਕਿ ਇਸਨੂੰ ਛੱਡਣਾ ਬਹੁਤ ਮੁਸ਼ਕਿਲ ਹੈ ਪਰ ਇਸਦੀ ਵਰਤੋਂ ਨੂੰ ਘਟਾਇਆ ਜਾ ਸਕਦਾ ਹੈ ਕਿਉਂਕਿ ਸਿਹਤ ਤੋਂ ਵੱਧ ਦੁਨੀਆਂ ਦੀ ਹੋਰ ਕੋਈ ਸ਼ੈਅ ਨਹੀਂ ਹੁੰਦੀ।
ਅੰਮ੍ਰਿਤਪਾਲ ਸਿੰਘ ਸੰਧੂ ਬਾੜੀਆਂ
94649-29718