ਹੁਣ ਤੱਕ ਅਸੀਂ ਸਾਰੇ ਵੇਖਦੇ ਆ ਰਹੇ ਹਾਂ ਕਿ ਖਾਧੀ ਤੇ ਖ਼ਾਕੀ ਦਾ ਕਾਫ਼ੀ ਮੇਲ ਜੋਲ ਰਿਹਾ ਹੈ। ਜੇਕਰ ਖ਼ਾਕੀ ਦੀ ਗੱਲ ਕੀਤੀ ਜਾਵੇ ਤਾਂ ਖ਼ਾਕੀ ਨੂੰ ਸਾਡੇ ਸਿਆਸਤਦਾਨਾਂ ਨੇ ਜਾਂ ਕੁਝ ਲਾਲਚੀ ਨੇਤਾਵਾਂ ਨੇ ਆਪਣੀ ਪੁਸ਼ਤੀ ਕੋਈ ਰਿਆਸਤ ਸਮਝ ਰੱਖਿਆ ਏ। ਇਹ ਆਪਣੇ ਦੋ ਨੰਬਰ ਦੇ ਧੰਦੇ ਜਾਂ ਆਪਣੀ ਧੱਕੇਸ਼ਾਹੀ ਚਲਾਉਣ ’ਤੇ ਵਿਰੋਧੀਆਂ ਅਤੇ ਆਮ ਲੋਕਾਂ ’ਤੇ ਝੂਠੇ ਪਰਚੇ ਪਵਾਉਣ ਲਈ ਸਿਆਸੀ ਕੀੜੇ ਖ਼ਾਕੀ ਦਾ ਖੁੱਲ ਕੇ ਦੁਰਉਪਯੋਗ ਕਰਦੇ ਹਨ। ਆਮ ਬੰਦੇ ਦਾ ਇਸ ਖ਼ਾਕੀ ਤੋਂ ਇੱਕ ਧੂੜ ਦੀ ਤਰ੍ਹਾਂ ਵਿਸ਼ਵਾਸ ਉੱਠਦਾ ਨਜ਼ਰ ਆ ਰਿਹਾ ਹੈ, ਜੋ ਖ਼ਾਕੀ ’ਤੇ ਸਾਡਾ ਚੌਥਾ ਥੰਮ ਕਹੇ ਜਾਣ ਵਾਲੇ ਕਾਨੂੰਨ ਲਈ ਕੋਈ ਬਹੁਤੀ ਚੰਗੀ ਗੱਲ ਨਹੀਂ। ਨਾ ਹੀ ਇਹ ਕਿਸੇ ਪਾਸੇ ਤੋਂ ਮਾਨਵਤਾ ਦੇ ਨਕਸ਼ੇ ’ਤੇ ਸਹੀ ਉੱਤਰ ਦੀ ਦਿਖਾਈ ਦਿੰਦੀ ਹੈ।
ਜੇਕਰ ਅਸੀਂ ਖ਼ਾਕੀ ਜਾਂ ਪੰਜਾਬ ਪੁਲਸ ਦੀ ਗੱਲ ਕਰੀਏ ਤਾਂ ਸਾਡੇ ਪੰਜਾਬ ਵਿੱਚ ਸਾਡੇ ਪੁਲਸ ਮੁਲਾਜ਼ਮਾਂ ਦੀ ਕੁੱਲ ਗਿਣਤੀ ਸ਼ਾਇਦ 80 ਤੋਂ 90 ਹਜ਼ਾਰ ਜਾਂ ਥੋੜੀ ਬਹੁਤੀ ਉੱਪਰ ਥੱਲੇ ਹੋ ਸਕਦੀ ਹੈ। ਗੱਲ ਗਿਣਤੀ ਦੀ ਵੀ ਨਹੀਂ, ਗੱਲ ਖ਼ਾਕੀ ’ਤੇ ਲੋਕਾਂ ਵਿੱਚ ਅਤੇ ਪੰਜਾਬ ਦੇ ਲੋਕਾਂ ਦਾ ਖ਼ਾਕੀ ’ਤੇ ਕਿੰਨਾ ਕੁ ਵਿਸ਼ਵਾਸ ਹੈ, ਦੀ ਹੈ। ਪੰਜਾਬ ਵਾਸੀ ਖ਼ਾਕੀ ਅਤੇ ਖ਼ਾਕੀ ਵਾਲਿਆਂ ਨੂੰ ਕਿੰਨਾ ਕੁ ਸਤਿਕਾਰ ਅਤੇ ਪਿਆਰ ਦਿੰਦੇ ਹਨ। ਗੱਲ ਇਹ ਵਿਚਾਰਨਯੋਗ ਹੈ।
ਖ਼ਾਕੀ ਵਾਲਿਆਂ ਨੂੰ ਇਹ ਗੱਲ ਆਪਣੇ ਦਿਲ ਅਤੇ ਦਿਮਾਗ਼ ਵਿੱਚ ਚੰਗੀ ਤਰ੍ਹਾਂ ਬਿਠਾ ਲੈਣੀ ਚਾਹੀਦੀ ਹੈ ਕਿ ਕੀ ਇਹ ਜੋ ਖ਼ਾਕੀ ਜਾਂ ਫੀਤੀਆਂ ਇਨ੍ਹਾਂ ਦੇ ਮੋਢੇ ਉੱਤੇ ਚਮਕ ਰਹੀਆਂ ਹਨ, ਇਹ ਕਿਸੇ ਦੇ ਪਿਉ ਦੀ ਕੋਈ ਜਾਤਿ, ਜਗੀਰ ਨਹੀਂ, ਇਹ ਖ਼ਾਕੀ ਵਾਲਿਆਂ ਦੀ ਆਪਣੀ ਮਿਹਨਤ ਦੇ ਸਦਕਾ ਹੈ। ਉਨ੍ਹਾਂ ਵੱਲੋਂ ਕੀਤੀ ਗਈ ਪੜ੍ਹਾਈ ਦਾ ਅਤੇ ਦਿਨ ਰਾਤ ਇੱਕ ਕੀਤੇ ਹੋਇਆ ਦਾ ਨਤੀਜਾ ਹੈ। ਉਨ੍ਹਾਂ ਦੇ ਮਾਪਿਆਂ ਵੱਲੋਂ ਆਪਣੇ ਖ਼ੂਨ ਪਸੀਨੇ ਦੀ ਕਮਾਈ ਦਾ ਹੀ ਵਰਦਾਨ ਹੈ, ਨਾ ਹੀ ਕਿਸੇ ਸਿਆਸਤੀ ਬੰਦੇ ਵਲੋਂ ਕੋਈ ਦਿੱਤਾ ਹੋਇਆ ਤੋਹਫ਼ਾ।
ਜੇਕਰ ਸ਼ੁਕਰਾਨਾ ਹੀ ਕਰਨਾ ਹੈ ਤਾਂ ਅਕਾਲ ਪੁਰਖ ਦਾ ਕਰਿਆ ਕਰੋ, ਇਨ੍ਹਾਂ ਝੂਠ ਦੇ ਪੁਤਲਿਆ ਦਾ ਕੀ ਇਹ ਕਦੋਂ ਆਪਣਾ ਮਤਲਬ ਕੱਢ ਮੁੱਖ ਮੋੜ ਲੈਣ, ਇਸ ਲਈ ਸ਼ੁਕਰਾਨਾ ਅਕਾਲ ਪੁਰਖ ਦਾ ਕਰੋ। ਸਿਆਸੀ ਨੇਤਾਵਾਂ ਵਾਂਗੂ ਜਨਤਾਂ ਨੂੰ ਉੱਲੂ ਬਣਾਕੇ ਕੇ ਅਤੇ ਝੂਠ ਦੇ ਖ਼ੁਆਬ ਵਿਖਾ ਕੇ ਧੋਖਾ ਦੇਣਾ ਕੋਈ ਚੰਗੀ ਗੱਲ ਨਹੀਂ। ਸਾਡੇ ਪੰਜਾਬ ਵਾਸੀਆਂ ਨੂੰ ਤਾਂ ਪਾਰਟੀਆਂ ਨੇ ਖਾਹ ਲਿਆ। ਘਰੇ ਚਾਹੇ ਰੋਟੀ ਨਾ ਪੱਕਦੀ ਹੋਵੇ ਪਰ ਪਾਰਟੀ ਦੇ ਝੰਡੇ ਚੱਕ ਮੂਰੇ ਵਾਲੀ ਕਤਾਰ ਵਿੱਚ ਜ਼ਰੂਰ ਚੱਲਣਾ ਹੈ, ਇਨ੍ਹਾਂ ਪਾਰਟੀਆਂ ਦੇ ਚੱਕਰਾਂ ਵਿੱਚ ਲੋਕ ਆਪਣੇ ਸ਼ਰੀਕੇ ਨਾਲ਼ ਅਤੇ ਆਪਣਿਆਂ ਨਾਲ ਵੈਰ ਵਿਰੋਧ ਰੱਖਣਾ ਸਿੱਖ ਗਏ ਹਨ। ਪਰ ਲੋਕ ਇਹ ਗੱਲ ਸਮਝਣ ਵਿੱਚ ਨਾਕਾਮ ਸਿੱਧ ਰਹੇ ਹਨ ਜਾਂ ਰਹਿਣਗੇ ਕੀ ਇਹ ਪਾਰਟੀਆਂ ਅਤੇ ਸਿਆਸਤਦਾਨਾਂ ਨੇ ਹਰੇਕ ਵਾਰੀ ਖ਼ਾਕੀ ਅਤੇ ਆਮ ਲੋਕਾਂ ਨੂੰ ਸਿਰਫ਼ ਅਤੇ ਸਿਰਫ਼ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਹੈ। ਹੋਰ ਇਸ ਤੋਂ ਵੱਧ ਹੋਰ ਇਨ੍ਹਾਂ ਕੁਝ ਨਹੀਂ ਕੀਤਾ।
ਜੇਕਰ ਪੰਜਾਬ ਪੁਲਸ ਦੇ ਜਵਾਨਾਂ ਦੀ ਗੱਲ ਕਰੀਏ ਤਾਂ ਸ਼ਾਇਦ ਇਹ ਮੁਲਾਜ਼ਮ ਆਮ ਲੋਕਾਂ ਲਈ ਘੱਟ ਪਰ ਵੀ.ਆਈ.ਪੀ.ਲਈ ਹੀ ਬਣੇ ਹੋਏ ਹਨ। ਆਮ ਲੋਕ ਤਾਂ ਇਨ੍ਹਾਂ ਨੂੰ ਆਪਣੀ ਮਿਹਨਤ ਦੀ ਕਮਾਈ ਟੈਕਸ ਦੇ ਰੂਪ ਵਿਚ ਦੇ ਰਹੇ ਨੇ, ਸ਼ਾਇਦ ਅੱਗੇ ਵੀ ਦਿੰਦੇ ਰਹਿਣਗੇ। ਖ਼ਾਕੀ ਵਾਲੇ ਸਾਡੇ ਮੁਲਾਜ਼ਮ ਤਕਰੀਬਨ ਹਰੇਕ ਮੰਤਰੀ ਤੋਂ ਲੋ ਕੇ ਸੰਤਰੀ ਅਤੇ ਵੀ.ਆਈ.ਪੀ. ਤੋਂ ਲੈ ਕੇ ਹੋਰ ਲੋਕ, ਜੋ ਕਹਿੰਦੇ ਰਹਿੰਦੇ ਹਨ ਕੀ ਸਾਡੀ ਜਾਨ ਨੂੰ ਖ਼ਤਰਾ ਹੈ, ਆਪਣੇ ਨਾਲ 1-2 ਤੋਂ ਲੈ ਕੇ 20-30 ਪੁਲਸ ਮੁਲਾਜ਼ਮ ਆਪਣੀ ਫੋਕੀ ਸ਼ੋਹਰਤ ਦੇ ਲਈ ਆਪਣੇ ਨਾਲ ਗੰਨਮੈਨ ਲਈ ਫ਼ਿਰਦੇ ਹਨ।
ਜੇਕਰ ਇਨ੍ਹਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕੀ ਤੁਸੀਂ ਕੋਈ ਰੱਬ ਦਾ ਅਵਤਾਰ ਹੋ? ਕੀ ਆਮ ਲੋਕਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਜਾਂ ਸਾਡੇ ਖ਼ਾਕੀ ਨੂੰ ਆਪਣਾ ਜੀਵਨ ਅਤੇ ਡਿਊਟੀ ਸਮਝਣ ਵਾਲੇ ਮੁਲਾਜ਼ਮਾਂ ਦੀ ਜਾਨ ਦੀ ਕੋਈ ਕੀਮਤ ਨਹੀਂ? ਇਨ੍ਹਾਂ ਲੋਕਾਂ ਨੂੰ ਆਪਣੀ ਜਾਨ ਦੀ ਐਨੀ ਹੀ ਫ਼ਿਕਰ ਹੈ ਤਾਂ ਬੇਨਤੀ ਹੈ ਕੀ ਇਹੋ ਜਿਹੇ ਬੰਦਿਆਂ ਤੋਂ ਸਾਰੇ ਮੁਲਾਜ਼ਮਾਂ ਨੂੰ ਵਾਪਿਸ ਬੁਲਾਕੇ ਉਨ੍ਹਾਂ ਦੀ ਡਿਊਟੀ ਆਮ ਲੋਕਾਂ ਲਈ ਲਾਈ ਜਾਵੇ ਅਤੇ ਜਿਨ੍ਹਾਂ ਨੂੰ ਜਾਨ ਦਾ ਖ਼ਤਰਾ ਹੈ, ਉਨ੍ਹਾਂ ਨੂੰ ਘਰੇ ਬੈਠਣ ਦੀ ਹਿਦਾਇਤਾਂ ਜਾਰੀ ਕਰ ਦੇਣ। ਇਹ ਵੀ ਆਮ ਲੋਕਾਂ ਵਿੱਚ ਹੀ ਆਉਂਦੇ ਹਨ। ਇਹ ਲੋਕ ਦੇਵਤਾ ਜਾਂ ਜੰਮਰਾਜ ਦੇ ਨਜ਼ਦੀਕੀ ਜਾਂ ਰਿਸ਼ਤੇਦਾਰ ਨਹੀਂ, ਜੋ ਤੁਹਾਡੀ ਜਾਨ ਬਖਸ਼ਣ ਲਈ ਕੋਈ ਬੇਨਤੀ ਜਾਂ ਅਰਜ ਕਰਨਗੇ, ਮਰਨਾ ਸੱਚ ਹੈ ਅਤੇ ਜਿਊਣਾ ਝੂਠ ਹੈ। ਇਸ ਲਈ ਆਮ ਲੋਕਾਂ ਵਿੱਚ ਆਮ ਲੋਕਾਂ ਵਾਂਗੂ ਮੇਲ਼ ਜੋਲ ਵਧਾਉਣ ਲਈ ਲੋਕਾਂ ਵਿੱਚ ਆਉ। ਵੋਟਾਂ ਦੇ ਸਮੇਂ ਕਿਉਂ ਆਮ ਲੋਕਾਂ ਦੇ ਪੈਰੀਂ ਹੱਥ ਲਾਉਣ ਤੱਕ ਆ ਜਾਂਦੇ ਹੋ, ਨਿਰਮਤਾ ਅਤੇ ਸਾਦਗੀ ਵਰਗੀ ਕੋਈ ਮੌਜ ਨਹੀਂ। ਆਓ ਉਸ ਰੱਬ ਦੀ ਮਾਰ ਤੋਂ ਡਰੀਏ।
ਆਖ਼ਿਰ ਕਿਉਂ ਇਨ੍ਹਾਂ ਮੰਤਰੀਆਂ ਤੇ ਸੰਤਰੀਆਂ ਨੇ ਝੂਠੀ ਵਾਹ-ਵਾਹ ਵਿੱਚ ਕਾਨੂੰਨ ਨੂੰ ਇੱਕ ਕਠਪੁਤਲੀ ਬਣਾਕੇ ਰੱਖ ਦਿੱਤਾ ਹੈ, ਬਹੁਤ ਸਾਰੇ ਮੁਲਾਜ਼ਮ ਵੀਰ ਤਾਂ ਸਿਆਸੀ ਤੇ ਵੀ.ਆਈ.ਪੀ.ਦੇ ਫ਼ਾਰਮ ਹਾਊਸ, ਨਿੱਜੀ ਹੋਟਲਾਂ, ਨਿੱਜੀ ਕਾਰੋਬਾਰ ਲਈ ਵੀ ਵਰਤੇ ਜਾਂਦੇ ਹਨ। ਡਿਊਟੀ ਕਾਨੂੰਨ ਦੀ ਅਤੇ ਨੌਕਰੀ ਸਿਆਸਤਦਾਨਾਂ ਦੀ। ਪੰਜਾਬ ਦੇ ਥਾਣਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਥਾਣਿਆਂ ਵਿੱਚ ਮਸਾਂ ਪੰਦਰਾਂ ਫੀਸਦੀ ਸਟਾਫ਼ ਹੁੰਦਾ ਹੈ ਤੇ ਬਾਕੀ ਸਭ ਵੀ.ਆਈ.ਪੀ.ਦੀ ਹੀ ਨੌਕਰੀ ਕਰਦੇ ਹਨ।
ਬਹੁਤ ਸਾਰੇ ਸਾਡੇ ਖ਼ਾਕੀ ਦੇ ਪਹਿਰੇਦਾਰ ਮੁਲਾਜ਼ਮ ਡਿਪਰੈਸ਼ਨ ਦਾ ਵੀ ਸ਼ਿਕਾਰ ਹੁੰਦੇ ਹੋਣਗੇ, ਕਿਉਂਕਿ ਉਨ੍ਹਾਂ ਦੀ ਡਿਊਟੀ ਚੌਵੀ ਚੌਵੀ ਘੰਟੇ ਕਰਨ ਤੋਂ ਬਾਅਦ ਕਿਹੜਾ ਇਨਸਾਨ ਹੈ, ਜੋ ਆਮ ਜਿਹਾ ਰਹਿ ਜਾਊਗਾ। ਇਨ੍ਹਾਂ ਦਾ ਗੁੱਸੇ ਅਤੇ ਖਿਝੇ ਹੋਏ ਰਹਿਣਾ ਲੰਮੀ ਡਿਊਟੀ ਦਾ ਹੀ ਇਕ ਕਾਰਨ ਹੈ, ਨਾ ਕੋਈ ਤਿਉਹਾਰ ਦੀ ਛੁੱਟੀ ਨਾ ਕੋਈ ਕਿਸੇ ਗਣਤੰਤਰ ਦਿਵਸ ਦੀ ਛੁੱਟੀ ਬੱਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੜਕਾਂ ’ਤੇ ਖੜ੍ਹਿਆ ਦੀ ਜ਼ਿੰਦਗੀ ਲੰਘ ਜਾਂਦੀ ਹੈ। ਆਪਾ ਸਾਰੇ ਕਹਿ ਦਿੰਦੇ ਹਾਂ ਕੀ ਪੰਜਾਬ ਪੁਲਸ ਲੋਕਾਂ ਨੂੰ ਤੰਗ ਪ੍ਰੇਸ਼ਾਨ ’ਤੇ ਨਿਰਾ ਧੱਕਾ ਕਰਦੀ ਹੈ ਪਰ ਤੁਸੀਂ ਆਪ ਹੀ ਅੰਦਾਜ਼ਾ ਲਗਵਾਉਣਾ ਕੀ ਇਹ ਆਪਣੀ ਇਸ ਲੰਮੀ ਡਿਊਟੀ ਤੋਂ ਕਿੰਨਾ ਪ੍ਰੇਸ਼ਾਨ ਹੁੰਦੇ ਹੋਣਗੇ, ਕੀ ਇਹ ਕੋਈ ਧੱਕਾ ਨਹੀਂ।
ਅਸੀਂ ਮੰਨਦੇ ਹਾਂ ਕੀ ਪੰਜਾਬ ਦਾ ਮਾਣ ਇਹ ਖ਼ਾਕੀ ਦੀ ਸੇਵਾ ਆਮ ਲੋਕ ਨਹੀਂ ਮੰਤਰੀ ਤੇ ਸੰਤਰੀ,ਨਾਲ ਵੀ.ਆਈ.ਪੀ. ਬੰਦੇ ਲੈ ਰਹੇ ਹਨ,ਤੇ ਖ਼ਾਕੀ ਵਾਲਿਆਂ ਦਾ ਤਾਂ ਆਮ ਲੋਕਾਂ ਦੇ ਹਿੱਸੇ ਸਿਰਫ਼ ਤੇ ਸਿਰਫ਼ ਗੁੱਸਾ ਤੇ ਨਫ਼ਰਤ ਧੱਕੇਸ਼ਾਹੀ ਹੀ ਹਿੱਸੇ ਆਉਂਦੀ ਹੈ। ਇਹ ਸਭ ਸਾਡੇ ਆਮ ਲੋਕਾਂ ਦੀ ਅਣਦੇਖੀ ਹੀ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਅਤੇ ਮਜ਼ਬੂਰੀ ਬਣ ਗਈ। ਕੀ ਸਮੇਂ ਦੀਆਂ ਸਰਕਾਰਾਂ ਨੂੰ ਐਨੀਆਂ ਲਾਹਨਤਾਂ ਅਤੇ ਆਮ ਲੋਕਾਂ ਦੇ ਗੁੱਸੇ ਦੀ ਕੋਈ ਪ੍ਰਵਾਹ ਨਹੀਂ। ਇਹ ਖ਼ਾਕੀ ਵਾਲੇ ਮੁਲਾਜ਼ਮਾਂ ਦੀ ਇਹ ਡਿਊਟੀ ਨਹੀਂ ਬਣਦੀ ਕੀ ਕਿਸੇ ਵੀ.ਆਈ.ਪੀ.ਦੇ ਪਰਿਵਾਰ ਨੂੰ ਸੌਪਿੰਗ ਤੇ ਫ਼ਾਰਮ ਹਾਊਸ, ਪੈਲਸਾਂ, ਨਿਜੀ ਕਾਰੋਬਾਰਾਂ ਲਈ ਵਰਤਿਆ ਜਾਵੇ, ਇਹ ਜਨਤਾਂ ਦੇ ਸੇਵਕ ਹਨ। ਸੋ ਬੇਨਤੀ ਹੈ ਖ਼ਾਕੀ ਵਾਲਿਆਂ ਨੂੰ ਕੀ ਤੁਸੀਂ ਆਪਣੀ ਡਿਊਟੀ ਪ੍ਰਤੀ ਇਮਾਨਦਾਰ ਹੋ ਜਾਵੋਂ, ਜੇ ਤੁਸੀਂ ਹੁਣ ਵੀ ਨਹੀਂ ਸੰਭਲੇ ਤਾਂ ਇਨ੍ਹਾਂ ਸਭ ਨੇ ਤੁਹਾਡੇ ਨਾਲ ਵੀ ਆਮ ਲੋਕਾਂ ਵਰਗਾ ਸਲੂਕ ਕਰਨਾ, ਕੋਈ ਹਾਰ ਨਹੀਂ ਪਾਉਣੇ। ਤੁਸੀਂ ਆਪਣੀ ਕਾਬਲੀਅਤ ਨਾਲ ਇਸ ਮੁਕਾਮ ’ਤੇ ਆਏ ਹੋ, ਨਾ ਕੀ ਕਿਸੇ ਨੂੰ ਮੂਰਖ ਬਣਾਕੇ। ਬਾਕੀ ਤੁਸੀਂ ਜਿਸ ਸੰਵਿਧਾਨ ਦੀ ਸੌਂਹ ਖ਼ਾਹ ਕੇ ਖ਼ਾਕੀ ਤੇ ਖਾਧੀ ਪਾਈ ਸੀ, ਕਦੇ ਉਸ ਨੂੰ ਵੀ ਧਿਆਨ ਵਿੱਚ ਰੱਖ ਲਿਆ ਕਰੋਂ, ਕਿਉਂਕਿ ਤੁਸੀਂ ਵੀ ਇੱਕ ਥੰਮ ਦਾ ਕੰਮ ਕਰਦੇ ਹੋ, ਆਪਣੀ ਡਿਊਟੀ ਨੂੰ ਰੱਬ ਸਮਝਣ ਵਾਲਿਓ, ਕਦੇ ਆਮ ਲੋਕਾਂ ਦੀ ਕਰਕੇ ਵੇਖਣਾ ਤੁਹਾਨੂੰ ਇੱਜ਼ਤ ਤੇ ਸਤਿਕਾਰ ਮੁਫ਼ਤ ਮਿਲੇਗਾ।
ਪੰਜਾਬ ਪੁਲਸ ਸਾਡੇ ਪੰਜਾਬ ਦਾ ਮਾਣ ਹੈ, ਖ਼ਾਕੀ ਹਰੇਕ ਪੰਜਾਬੀ ਵਾਸੀ ਦਾ ਪਿਆਰ ਹੈ। ਹੁਣ ਅਸੀਂ ਤੁਸੀਂ ਇਸ ਗੱਲ ’ਤੇ ਵਿਚਾਰ ਕਰਨਾ ਕੀ ਅਸੀਂ ਆਪਣੀ ਡਿਊਟੀ ਨੂੰ ਜਾਂ ਆਪਣੇ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣਕੇ ਆਪਣਾ ਹਰ ਦਿਨ-ਰਾਤ ਇਮਾਨਦਾਰੀ ਨਾਲ ਬਿਤਾ ਰਹੇ ਹਾਂ ਜਾਂ ਕਿਸੇ ਦੀ ਗੁਲਾਮੀ, ਧੱਕੇਸ਼ਾਹੀ। ਇਹ ਫ਼ੈਸਲਾ ਸਾਡੀ ਅਤੇ ਤੁਹਾਡੀ ਜ਼ਮੀਰ ਨੇ ਕਰਨਾ ਹੈ। ਤੁਸੀਂ ਸੋਚਣਾ ਡਿਊਟੀ ਤੋਂ ਬਾਅਦ ਤੁਹਾਡੇ ਸਹਿਯੋਗੀ ਆਮ ਲੋਕ ਹਨ ਜਾਂ ਵੀ.ਆਈ.ਪੀ.ਫ਼ੈਸਲਾ ਤੁਹਾਡਾ ਆਪਣਾ, ਐਨਾ ਕੁੱਝ ਲਿਖਦਾ ਹੋਇਆ ਖਿਮਾਂ ਦਾ ਜਾਂਚਕ ਹਾਂ।
ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ- 9855036444
ਕੌਮਾਂਤਰੀ ਜੀਵ ਵੰਨ-ਸੁਵੰਨਤਾ ਦਿਹਾੜਾ 2020 : ‘ਕੁਦਰਤ ਅਤੇ ਮਨੁੱਖ ਦੀ ਸਾਂਝ’
NEXT STORY