ਜੇ ਮੈਂ ਹੁੰਦਾ ਕਾਲਾ ਬੱਦਲ
ਆਸਾਂ ਤਾਂ ਬਣ ਜਾਂਦਾ
ਹੌਲੀ ਹੌਲੀ ਵਰ੍ਹਦਾ ਵਰ੍ਹਦਾ
ਆਸਾਂ ਚੁੰਮ ਚੁੰਮ ਜਾਂਦਾ ।
ਕਾਇਨਾਤ ਸਭ ਸਿੱਲ੍ਹੀ ਕਰ ਕੇ
ਉਡ ਪੁਡ ਕਿਧਰੇ ਜਾਂਦਾ
ਸਭ ਦੇ ਹਿੱਸੇ-ਹਿੱਸੇ ਸਭ ਦੀ
ਧੁਲੀ ਧੁੱਪ ਲਿਖ ਜਾਂਦਾ ।
ਜੇ ਮੈਂ ਹੁੰਦਾ ਕਾਲਾ ਬੱਦਲ
ਵਰ੍ਹਦਾ ਵਿਚ ਬਰੇਤੇ
ਪੀ ਜਾਂਦਾ ਮੈਂ ਤ੍ਰੇਹ ਰੇਤ ਦੀ
ਕਰਦੀ ਰਹਿੰਦੀ ਚੇਤੇ ।
ਰੇਤ ਦੇ ਥੱਲੇ ਲੁਕੇ ਸੱਪ ਵੀ
ਦਿੰਦੇ ਮੈਨੂੰ ਦੁਆਵਾਂ
ਦੇ ਕੇ ਸਿਲ੍ਹੀ ਹਵਾ ਧੁੱਪ ਮੈਂ
ਦੂਰ ਦੇਸ਼ ਉਡ ਜਾਂਦਾ ।
ਜੇ ਮੈਂ ਹੁੰਦਾ ਕਾਲਾ ਬੱਦਲ
ਵਰ੍ਹਦਾ ਕਿਸੇ ਪਹਾੜੀ
ਪਲ 'ਚ ਪਾਣੀ-ਪਾਣੀ ਕਰਦਾ
ਹਾਲਤ ਕਰਦਾ ਮਾੜੀ ।
ਰੁੱਖ ਝਾੜੀਆਂ ਪੱਥਰ ਸਾਰੇ
ਚੁੰਮਦਾ ਛੋਂਹਦਾ ਜਾਂਦਾ
ਟੋਏ ਨਾਲੇ ਨਦੀਆਂ ਭਰ ਕੇ
ਜੀਵਨ ਮੈਂ ਬਣ ਜਾਂਦਾ ।
ਜੇ ਮੈਂ ਹੁੰਦਾ ਕਾਲਾ ਬੱਦਲ
ਮੋਰਾਂ ਨੂੰ ਮੋਹ ਜਾਂਦਾ
ਪਾ-ਪਾ ਪਾਇਲਾਂ ਬਾਂਕਾ ਮੋਰ
ਮੋਰਨੀ ਤਾਈਂ ਰਿਝਾਉਂਦਾ ।
ਮੋਰ ਤਾਂ ਫਿਰ ਮੋਰ ਨਾ ਰਹਿੰਦਾ
ਨਾ ਹੀ ਮੋਰਨੀ ਸਾਥਣ
ਦੋਵੇਂ ਕੁਝ ਪਲ ਰੱਬ ਹੋ ਜਾਂਦੇ
ਪਿਆਰ ਦੀ ਮੂਰਤ ਜਾਪਣ ।
ਜੇ ਮੈਂ ਹੁੰਦਾ ਕਾਲਾ ਬੱਦਲ
ਵਰ੍ਹਦਾ ਸਾਗਰ ਉੱਤੇ
ਪਾਣੀ ਅੰਦਰ ਪਾਣੀ ਹੋ ਕੇ
ਮੁੱਕਦਾ ਪਾਣੀ ਰੁੱਤੇ ।
ਪਾਣੀ ਦੀ ਗਲਵੱਕੜੀ ਜਾ ਕੇ
ਮੈਂ ਪਾਣੀ ਹੋ ਜਾਂਦਾ
ਸੌਂ ਕੇ ਉਸਦੀ ਨਿੱਘੀ ਗੋਦੀ
ਜੀਵਨ ਸਫਲ ਬਣਾਉਂਦਾ ।
ਜੇ ਮੈਂ ਹੁੰਦਾ ਕਾਲਾ ਬੱਦਲ
ਵਰ੍ਹਦਾ ਉੱਤੇ ਖੇਤਾਂ
ਨੱਕੋ ਨੱਕੀ ਡੋਲ਼ਾਂ ਤੀਕਰ
ਭਰਦਾ ਜੀਰੀ ਮੇਚਾਂ ।
ਲਗ ਜਾਂਦੀ ਜਦ ਆਸਾਂ ਵਾਲੀ
ਖੇਤਾਂ ਅੰਦਰ ਜੀਰੀ
ਦੇਖਣ ਲਈ ਮੈਂ ਚਮਕ ਅੱਖਾਂ ਦੀ
ਲਾਂਦਾ ਰਹਿੰਦਾ ਫੇਰੀ ।
ਜੇ ਮੈਂ ਹੁੰਦਾ ਕਾਲਾ ਬੱਦਲ
ਸ਼ਹਿਰ ਤੇਰੇ 'ਤੇ ਵਰ੍ਹਦਾ
ਧੁੱਪ ਹਵਾ ਸਭ ਗਿੱਲੀ ਕਰ ਕੇ
ਸਿੱਲ੍ਹੀ-ਸਿੱਲ੍ਹੀ ਕਰਦਾ ।
ਛਹਿਬਰ ਲਾਂਦਾ ਤਨ-ਮਨ ਤੇਰੇ
ਰੂਹ ਨੂੰ ਮਲ-ਮਲ ਧੋਂਦਾ
ਪਲਕੀਂ ਸੁੱਚੇ ਲਫ਼ਜ਼ ਚੁੰਮਣ ਦੇ
ਬੇਤਰਤੀਬੇ ਧਰਦਾ !
ਸਵਰਨ ਸਿੰਘ ਸ਼ਿਮਲਾ
ਸੰਪਰਕ : 94183 92845
ਬੁਰੇ ਇੱਥੇ ਸਭ ਲੋਕ
NEXT STORY