ਜੰਮੂ ਕਸ਼ਮੀਰ ਵਿੱਚ ਅਸਖ਼ ਹੁਣੇ ਜਿਹੇ ਵੋਟਾਂ ਰਾਹੀਂ ਚੁਣ ਕੇ ਸਰਕਾਰ ਕਾਇਮ ਕੀਤੀ ਹੈ ਅਤੇ ਉਧਰ ਪਾਕਿਸਤਾਨ ਵਲੋਂ ਭੇਜੇ ਗਏ ਅੱਤਵਾਦੀਆਂ ਵਲੋਂ ਹਮਲਾ ਕਰਕੇ ਕਈ ਭਾਰਤੀ ਸ਼ਹੀਦ ਕਰ ਦਿੱਤੇ ਹਨ। ਇਹ ਗੱਲਾਂ ਵੀ ਸਾਡੇ ਸਾਹਮਣੇ ਹਨ ਕਿ ਅਸੀਂ ਪਾਕਿਸਤਾਨ ਨਾਲ ਸ਼ਾਂਤੀ ਕਾਇਮ ਕਰਨ ਲਈ ਗੱਲਾਂ ਵੀ ਕਰ ਰਹੇ ਹਾਂ ਅਤੇ ਪਾਕਿਸਤਾਨ ਸਾਨੂੰ ਸ਼ਾਂਤੀ ਕਾਇਮ ਕਰਨ ਦਾ ਆਸ਼ਵਾਸਨ ਵੀ ਦੇ ਰਿਹਾ ਹੈ। ਇਹ ਗੱਲ ਵੀ ਸਪਸ਼ਟ ਹੈ ਕਿ ਹੁਣ ਤਕ ਜਿਤਨੇ ਵੀ ਅੱਤਵਾਦੀ ਹਮਲੇ ਹੋਏ ਹਨ, ਪਾਕਿਸਤਾਨ ਕਦੀ ਵੀ ਇਹ ਨਹੀਂ ਮੰਨਿਆ ਕਿ ਉਹ ਸਿੱਧੇ ਤੌਰ ਤੇ ਜਾਂ ਅਸਿੱਧੇ ਤੌਰ ਤੇ ਇੰਨ੍ਹਾਂ ਅੱਤਵਾਦੀ ਹਮਲਿਆਂ ਵਿੱਚ ਸ਼ਾਮਲ ਹੈ। ਉਹ ਹਮੇਸ਼ਾਂ ਇਹੀ ਆਖਦਾ ਹੈ ਕਿ ਕਸ਼ਮੀਰ ਦੇ ਲੋਕ ਆਪ ਹੀ ਆਪਣੀ ਆਜ਼ਾਦੀ ਦੀ ਜੰਗ ਲੜ ਰਹੇ ਹਨ ਅਤੇ ਪਾਕਿਸਤਾਨ ਦਾ ਇਸ ਅਤਵਾਦੀ ਜੰਗ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਾਕਿਸਤਾਨ ਨੇ ਕਿਸੇ ਵੀ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਅੱਜ ਤਕ ਇਨਕਾਰ ਕਰਦਾ ਰਿਹਾ ਹੈ ਅਤੇ ਸਾਨੂੰ ਪਤਾ ਹੈ ਅਗੋਂ ਵੀ ਪਾਕਿਸਤਾਨ ਐਸਾ ਹੀ ਕਰਦਾ ਰਵੇਗਾ। ਪਰ ਸਾਨੂੰ ਇਹ ਪਤਾ ਹੈ ਕਿ ਇਸ ਕਸ਼ਮੀਰ ਵਾਸਤੇ ਹੀ ਉਹ ਸਾਡੇ ਨਾਲ ਸਿਧੀਆਂ ਲੜਾਈਆਂ ਲੜ ਬੈਠਾ ਹੈ ਅਤੇ ਹਾਰ ਵੀ ਖਾ ਬੈਠਾ ਹੈ। ਇਸੇ ਕਸ਼ਮੀਰ ਦੇ ਮਸਲੇ ਨੂੰ ਪਾਕਿਸਤਾਨ ਹਮੇਸ਼ਾ ਅੰਤਰਰਾਸ਼ਟਰੀ ਮੰਚ ਉਤੇ ਵੀ ਉਠਾਉਂਦਾ ਰਹਿੰਦਾ ਹੈ ਅਤੇ ਜਦ ਕਦੀ ਵੀ ਗੱਲ ਤੁਰਦੀ ਹੈ ਉਹ ਕਸ਼ਮੀਰ ਦੀ ਗੱਲ ਜ਼ਰੂਰ ਕਰਦਾ ਹੈ।
ਪਾਕਿਸਤਾਨ ਸਿੱਧੀਆਂ ਲੜਾਈਆਂ ਵਿੱਚ ਹਾਰ ਵੀ ਗਿਆ ਹੈ ਅਤੇ ਆਪਣਾ ਪੂਰਬੀ ਪਾਕਿਸਤਾਨ ਵਾਲਾ ਹਿੱਸਾ ਗਵਾ ਵੀ ਬੈਠਾ ਹੈ, ਪਰ ਪਾਕਿਸਤਾਨ ਹਾਲੇ ਵੀ ਕੋਈ ਸਬਕ ਨਹੀਂ ਸਿਖਿਆ ਬਲਕਿ ਉਸਨੇ ਭਾਰਤ ਨਾਲ ਅਸਿੱਧੀ ਜੰਗ ਛੇੜ ਰੱਖੀ ਹੈ। ਇਸ ਜੰਗ ਲਈ ਉਹ ਨੌਜਵਾਨਾਂ ਦੀ ਵਰਤੋਂ ਕਰ ਰਿਹਾ ਹੈ ਅਤੇ ਨੌਜਵਾਨਾਂ ਦੇ ਦਿਲ ਦਿਮਾਗ ਧੋ ਕੇ ਇਹ ਗੱਲ ਭਰ ਰਿਹਾ ਹੈ ਕਿ ਅਗਰ ਆਪਣੇ ਧਰਮ ਲਈ ਜਾਨ ਵੀ ਵਾਰ ਦਿੱਤੀ ਜਾਵੇ ਤਾਂ ਆਦਮੀ ਦਾ ਇਸ ਜੀਵਨ ਵਿੱਚ ਆਉਣਾ ਸਫਲ ਹੋ ਜਾਂਦਾ ਹੈ। ਜਿਹੜੇ ਵੀ ਆਦਮੀਆਂ ਦੀ ਭਰਤੀ ਕੀਤੀ ਜਾਂਦੀ ਹੈ, ਸਿਖਲਾਈ ਦਿੱਤੀ ਜਾਂਦੀ ਹੈ ਅਤੇ ਇਧਰ ਭੇਜਿਆ ਜਾਂਦਾ ਹੈ ਉਹ ਜਾਣਦੇ ਹਨ ਕਿ ਉਨ੍ਹਾਂ ਦੀ ਮੌਤ ਯਕੀਨੀ ਹੈ, ਪਰ ਉਹ ਆਤਮਘਾਤੀ ਹਮਲਿਆ ਲਈ ਵੀ ਤਿਆਰ ਕਰ ਦਿੱਤੇ ਜਾਂਦੇ ਹਨ ਅਤੇ ਆਮ ਤੌਰ ਤੇ ਅੱਤਵਾਦੀ ਮਾਰੇ ਜਾਂਦੇ ਹਨ ਅਤੇ ਪਾਕਿਸਤਾਨ ਉਨ੍ਹਾਂ ਦੀਆਂ ਲਾਸ਼ਾਂ ਲੈਣ ਲਈ ਵੀ ਤਿਆਰ ਨਹੀਂ ਹੁੰਦਾ।
ਉਨ੍ਹਾਂ ਦੇ ਵਾਰਸਾਂ ਨੂੰ ਕੋਈ ਮੁਆਵਜ਼ਾਂ ਪੈਨਸ਼ਨ ਦਿੱਤੀ ਜਾਂਦੀ ਹੈ, ਇਸ ਬਾਰੇ ਭਾਰਤ ਵਾਲਿਆਂ ਨੇ ਜਾਣਕਾਰੀ ਹਾਸਲ ਕਰਨ ਦਾ ਯਤਨ ਨਹੀਂ ਕੀਤਾ, ਪਰ ਪਾਕਿਸਤਾਨ ਹਮੇਸ਼ਾਂ ਹੀ ਆਪਣਾ ਪੱਖ ਸਾਫ ਕਰ ਦਿੰਦਾ ਹੈ ਕਿ ਇਹ ਅੱਤਵਾਦੀਆਂ ਕਾਰਵਾਈਆਂ ਉਸ ਵਲੋਂ ਨਹੀਂ ਕੀਤੀਆਂ ਜਾ ਰਹੀਆਂ।
ਅੰਤਰ ਰਾਸ਼ਟਰੀ ਮੰਚ ਉਤੇ ਵੀ ਅੱਜ ਪਾਕਿਸਤਾਨ ਦੀਆਂ ਇੰਨ੍ਹਾਂ ਅੱਤਵਾਦੀ ਕਾਰਵਾਈਆਂ ਦਾ ਜ਼ਿਕਰ ਹੀ ਨਹੀਂ ਚਲਦਾ ਅਤੇ ਇਹ ਆਖ ਦਿੱਤਾ ਜਾਂਦਾ ਹੈ ਕਿ ਇਹ ਮਾਮੂਲੀ ਜਿਹਾ ਮਾਮਲਾ ਹੈ ਅਤੇ ਭਾਰਤ ਪਾਕਿ ਨੂੰ ਆਪਣੀ ਪੱਧਰ ਉਤੇ ਹੀ ਹਲ ਕਰ ਲੈਣਾ ਚਾਹੀਦਾ ਹੈ।
ਸਾਡੇ ਗੁਆਂਢ ਵਿੱਚ ਪਾਕਿਸਤਾਨ ਹੀ ਹੈ ਜਿਹੜਾ ਇਹ ਅੱਤਵਾਦੀ ਕਾਰਵਾਈਆਂ ਕਰਵਾ ਰਿਹਾ ਹੈ। ਜਿਹੜੇ ਹਥਿਆਰ ਪਾਕਿਸਤਾਨੀ ਅੱਤਵਾਦੀ ਲੈ ਕੇ ਆਉਂਦੇ ਹਨ ਅਤੇ ਇਹ ਆਦਮੀ ਸਾਰੇ ਹੀ ਪਾਕਿਸਤਾਨੀ ਹੁੰਦੇ ਹਨ। ਇਧਰ ਦੇ ਲੋਕ ਅੱਤਵਾਦੀਆਂ ਦੀ ਮਦਦ ਤਾਂ ਕਰਦੇ ਹੋਣਗੇ, ਪਨਾਹ ਵੀ ਦਿੰਦੇ ਹੋਣਗੇ, ਆਦਮੀ ਵੀ ਦਿੰਦੇ ਹੋਣਗੇ, ਪੈਸਾ, ਅਸਲਾ, ਹਥਿਆਰ ਸਥਾਨਕ ਸੂਚਨਾ ਵੀ ਦਿੰਦੇ ਹੋਣਗੇ, ਪਰ ਇਹ ਗਲ ਵੀ ਸਪਸ਼ਟ ਹੈ ਕਿ ਕਸ਼ਮੀਰ ਦੇ ਆਮ ਲੋਕਾਂ ਨੇ ਵਰਤਮਾਨ ਸਥਿਤੀ ਸਵੀਕਾਰ ਕਰ ਲਈ ਹੈ। ਇਹੀ ਕਾਰਨ ਹੈ, ਜਦ ਕਦੇ ਵੀ ਵੋਟਾ ਪੈਂਦੀਆਂ ਹਨ ਉਹ ਆਪਣੇ ਨੁਮਾਇੰਦੇ ਵੀ ਖੜੇ ਕਰਦੇ ਹਨ ਅਤੇ ਵਧ ਚੜ੍ਹ ਕੇ ਵੋਟਾਂ ਵੀ ਪਾਉਂਦੇ ਹਨ। ਸਰਕਾਰ ਵੀ ਬਣਾ ਲੈਂਦੇ ਹਨ ਅਤੇ ਇਹ ਸਰਕਾਰ ਲਗਭਗ ਭਾਰਤੀ ਸੰਵਿਧਾਨ ਅਧੀਨ ਹੀ ਕੰਮ ਕਰਦੀ ਹੈ ਅਤੇ ਭਾਰਤੀ ਕਾਨੂੰਨ ਹੀ ਲਾਗੂ ਹੁੰਦੇ ਹਨ। ਇਸ ਵਾਰ ਦੀਆਂ ਚੋਣਾਂ ਵਿੱਚ ਭਾਜਪਾ ਵਰਗੀ ਪਾਰਟੀ ਵੀ ਆ ਗਈ ਹੈ ਅਤੇ ਇਹ ਵੀ ਪਤਾ ਲੱਗਦਾ ਹੈ ਕਿ ਵੱਖਵਾਦੀਆਂ ਦੀਆਂ ਧਮਕੀਆਂ ਦੇ ਬਾਵਜੂਦ ਵਧ ਚੜ੍ਹ ਕੇ ਵੋਟਾਂ ਪਾਈਆਂ ਗਈਆਂ ਹਨ ਅਤੇ ਸਰਕਾਰ ਬਣਾ ਲਈ ਗਈ ਹੈ।
ਕਸ਼ਮੀਰ ਦੇ ਆਮ ਲੋਕਾਂ ਨੇ ਇਹ ਗੱਲਾਂ ਸਵੀਕਾਰ ਕਰ ਲਈਆਂ ਹਨ ਕਿ ਇਸ ਪਾਸੇ ਦਾ ਕਸ਼ਮੀਰ ਹੁਣ ਭਾਰਤ ਦਾ ਹੀ ਹਿੱਸਾ ਹੈ ਅਤੇ ਇਹ ਹਿੱਸਾ ਕਦੀ ਵੀ ਭਾਰਤ ਨਾਲੋਂ ਅਡ ਨਹੀਂ ਕੀਤਾ ਜਾ ਸਕਦਾ। ਕਸ਼ਮੀਰ ਦੇ ਆਮ ਆਦਮੀ ਇਹ ਵੀ ਜਾਣਦੇ ਹਨ ਕਿ ਭਾਰਤ ਅੰਦਰ ਮੁਸਲਮਾਨਾਂ ਦੀ ਗਿਣਤੀ ਦੁਨੀਆਂ ਦੇ ਹਰ ਮੁਲਕ ਨਾਲੋਂ ਜ਼ਿਆਦਾ ਹੈ ਅਤੇ ਇਸ ਮੁਲਕ ਵਿੱਚ ਮੁਸਲਮਾਨਾਂ ਨਾਲ ਕੋਈ ਵਿਤਕਰਾ ਨਹੀਂ ਹੁੰਦਾ ਅਤੇ ਮੁਸਲਮਾਨ ਵੀ ਭਾਰਤ ਦੀ ਤਰੱਕੀ ਵਿੱਚ ਹਰ ਤਰ੍ਹਾ ਸ਼ਾਮਲ ਹਨ ਅਤੇ ਵਧ ਫੁੱਲ ਰਹੇ ਹਨ। ਉਨ੍ਹਾਂ ਨੇ ਪਾਕਿਸਤਾਨ ਦਾ ਹਸ਼ਰ ਵੀ ਦੇਖ ਲਿਆ ਹੈ ਅਤੇ ਇਹ ਵੀ ਦੇਖ ਲਿਆ ਹੈ ਕਿ ਜਿਤਨੀ ਭਾਰਤੀ ਮੁਸਲਮਾਨਾਂ ਨੇ ਤਰੱਕੀ ਕੀਤੀ ਹੈ ਉਤਨੀ ਤਰੱਕੀ ਪਾਕਿਸਤਾਨੀ ਮੁਸਲਮਾਨਾਂ ਨੇ ਨਹੀਂ ਕੀਤੀ। ਭਾਰਤੀ ਮੁਸਲਮਾਨ ਇਹ ਵੀ ਜਾਣਦੇ ਹਨ ਕਿ ਅੱਜ ਉਨ੍ਹਾਂ ਦੀ ਗਿਣਤੀ ਭਾਰਤ ਅੰਦਰ ਵੀ ਕਾਫੀ ਹੈ ਅਤੇ ਇਥੇ ਹੀ ਉਹ ਸੁਰੱਖਿਅਤ ਹਨ। ਇਸ ਲਈ ਅਗਰ ਕੁੱਝ ਧਿਰਾਂ ਪਾਕਿਸਤਾਨ ਦੀ ਸ਼ਹਿ ਉਤੇ ਪਾਕਿਸਤਾਨ ਦੀ ਗੱਲ ਵੀ ਕਰਦੀਆਂ ਹਨ ਤਾਂ ਆਮ ਕਸ਼ਮੀਰੀ ਮੁਸਲਮਾਨ ਉਨ੍ਹਾਂ ਨਾਲ ਸਹਿਮਤ ਨਹੀਂ ਹੈ।
ਪਾਕਿਸਤਾਨ ਨੂੰ ਅੰਦਰ ਖਾਤੇ ਇਹ ਗੱਲ ਸਮਝ ਆ ਚੁੱਕੀ ਹੈ ਕਿ ਅੱਤਵਾਦੀਆਂ ਰਾਹੀਂ ਇਹ ਜਿਹੜੀਆਂ ਸ਼ਰਾਰਤਾਂ ਉਹ ਕਰ ਰਿਹਾ ਹੈ ਇਹ ਫਜ਼ੂਲ ਦੀਆਂ ਕਾਰਵਾਈਆਂ ਹਨ ਅਤੇ ਇਹ ਕਾਰਵਾਈਆਂ ਕਰਕੇ ਉਹ ਆਪਣੇ ਹੀ ਦੇਸ਼ ਦੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਿਹਾ ਹੈ।1947 ਵਿੱਚ ਜੋ ਹੋਣਾ ਸੀ ਉਹ ਹੋ ਚੁੱਕਾ ਹੈ ਅਤੇ ਇਹ ਕਸ਼ਮੀਰ ਦਾ ਨਾਮ ਲੈ ਕੇ ਪਾਕਿਸਤਾਨ ਜਿਹੜਾ ਸਾਡੇ ਵਿਰੁੱਧ ਕਾਰਵਾਈ ਕਰ ਰਿਹਾ ਹੈ ਇਹ ਮਰਿਆ ਹੋਇਆ ਸੱਪ ਸਾਡੇ ਗੱਲ ਪਿਆ ਹੋਇਆ ਹੈ ਅਤੇ ਅਗਰ ਪਾਕਿਸਤਾਨ ਇਹ ਸਮਝਦਾ ਹੈ ਕਿ ਉਹ ਇਸ ਅੱਤਵਾਦੀਆਂ ਦੀ ਜੰਗ ਰਾਹੀਂ ਕੁੱਝ ਹਾਸਲ ਕਰ ਲਵੇਗਾ ਤਾਂ ਉਹ ਵੀ ਗਲਤ ਹੈ। ਪਾਕਿਸਤਾਨ ਦੇ ਲੋਕਾਂ ਨੂੰ ਇਹ ਗੱਲ ਕਦੋਂ ਦੀ ਸਮਝ ਆ ਗਈ ਹੈ ਕਿ ਪਾਕਿਸਤਾਨ ਜਿਹੜੀ ਅੱਤਵਾਦੀਆਂ ਰਾਹੀਂ ਭਾਰਤ ਵਿਰੁਧ ਲੜਾਈ ਲੜ ਰਿਹਾ ਹੈ ਇਹ ਮਹਿਜ ਇੱਕ ਦਿਖਾਵਾ ਹੈ। ਇਸ ਜੰਗ ਰਾਹੀਂ ਪਾਕਿਸਤਾਨ ਦੀ ਮਿਲਟਰੀ ਅਤੇ ਸਿਵਲੀਅਨ ਸਰਕਾਰਾਂ ਆਪਣੇ ਹੀ ਦੇਸ਼ ਦੇ ਲੋਕਾਂ ਦੀਆਂ ਅੱਖਾਂ ਵਿੱਚ ਘਟਾ ਪਾ ਰਹੇ ਹਨ। ਪਾਕਿਸਤਾਨ ਦੇ ਲੋਕਾਂ ਦੀ ਸਮਝ ਵਿੱਚ ਵੀ ਆ ਗਿਆ ਹੈ ਕਿ ਕਸ਼ਮੀਰ ਦਾ ਹੁਣ ਹੋਰ ਬਟਵਾਰਾ ਨਹੀਂ ਹੋ ਸਕਣਾ ਅਤੇ ਉਹ ਇਹ ਗਲ ਵੀ ਜਾਣਦੇ ਹਨ ਕਿਉਂਕਿ ਕਸ਼ਮੀਰ ਦੇ
ਮੁਸਲਮਾਨਾ ਅੱਗੇ ਕੋਈ ਵੀ ਐਸੀ ਗੱਲ ਨਾ ਰੱਖ ਸਕਦੇ ਜਿਹੜੀ ਕਸ਼ਮੀਰ ਦੇ ਮੁਸਲਮਾਨਾਂਦੀ ਸੋਚ ਪਾਕਿਸਤਾਨ ਦੇ ਹਕ ਵਿੱਚ ਜਾ ਸਕਦੀ ਹੋਵੇ। ਭਾਰਤ ਅੰਦਰ ਮੁਸਲਮਾਨਾ ਦੀ ਹਾਲਤ ਬਿਹਤਰ ਹੈ।
ਪਾਕਿਸਤਾਨ ਸਾਡੇ ਨਾਲ ਇਹ ਅੱਤਵਾਦੀਆਂ ਰਾਹੀਂ ਜਿਹੜੀ ਲੜਾਈ ਲੜ ਰਿਹਾ ਹੈ ਇਹ ਸ਼ਰੀਕੇ ਦਾ ਪ੍ਰਤੀਕ ਹੈ। ਪਾਕਿਸਤਾਨ ਇਹ ਬਰਦਾਸ਼ਿਤ ਨਹੀਂ ਕਰ ਪਾ ਰਿਹਾ ਕਿ ਜਿਹੜੇ ਭਾਰਤੀ ਕਲ ਇਤਨੇ ਕਮਜ਼ੋਰ ਸਨ ਕਿ ਥੋੜ੍ਹੇ-ਥੋੜ੍ਹੇ ਧਾੜਵੀ ਬਾਹਰੋਂ ਆ ਕੇ ਇਥੋ ਲੁੱਟਾਂ ਕਰ ਸਕਦੇ ਸਨ, ਕਤਲ ਕਰ ਸਕਦੇ ਸਨ ਅਤੇ ਆਪਣਾ ਰਾਜ ਜਮ੍ਹਾ ਸਕਦੇ ਸਨ ਅੱਜ ਉਹ ਇਤਨੇ ਤਕੜੇ ਹੋ ਗਏ ਹਨ ਕਿ ਕਈ ਸਿਧੀਆਂ ਲੜਾਈਆਂ ਵਿੱਚ ਵੀ ਜਿੱਤ ਗਏ ਹਨ ਅਤੇ ਇਹ ਅੱਤਵਾਦੀਆਂ ਰਾਹੀਂ ਜਿਹੜੀ ਲੜਾਈ ਪਾਕਿਸਤਾਨ ਲੜ ਰਿਹਾ ਹੈ ਇਹ ਮਰਿਆ ਹੋਇਆ ਸੱਪ ਹੈ ਅਤੇ ਸਿਰਫ ਬਦਬੂ ਦੇ ਰਿਹਾ। ਸੰਯੁਕਤ ਰਾਸ਼ਟਰ ਨੇ 1949 ਵਿੱਚ ਜੰਗ ਰੋਕ ਦਾ ਹੁਕਮ ਪਾਸ ਕਰਕੇ ਇਹ ਕਸ਼ਮੀਰ ਦਾ ਮਸਲਾ ਲਮਕਾਅ ਅਵਸਥਾ ਵਿੱਚ ਰੱਖ ਦਿੱਤਾ ਸੀ ਅਤੇ ਹੁਣ ਪਾਕਿਸਤਾਨ ਇਹੀ ਮੰਗ ਕਰਦਾ ਆ ਰਿਹਾ ਹੈ ਕਿ ਦੋਨਾਂ ਕਸ਼ਮੀਰਾਂ ਵਿੱਚ ਰਾਏ ਸ਼ੁਮਾਰੀ ਕਰਵਾਈ ਜਾਵੇ। ਜਦ ਵੀ ਮੌਕਾ ਮਿਲਦਾ ਹੈ ਪਾਕਿਸਤਾਨ ਇਹੀਂ ਰਾਗਅਲਾਪੀ ਜਾਂਦਾ ਹੈ ਅਤੇ ਇਸ ਕਰਕੇ ਭਾਰਤ ਪਾਕਿ ਦੀ ਇਹ ਅਸਿੱਧੀ ਜੰਗ ਜਾਰੀ ਹੈ। ਪਤਾ ਨਹੀਂ ਇਹ ਜੰਗ ਕਦ
ਮੁੱਕੇਗੀ।
ਦਲੀਪ ਸਿੰਘ ਵਾਸਨ, ਐਡਵੋਕੇਟ
ਮਿੰਨੀ ਕਹਾਣੀ: ਅਮੀਰ ਗਰੀਬ
NEXT STORY