ਉਹ ਮਿੱਟੀ ਭਾਗਾਂ ਵਾਲੀ ਹੁੰਦੀ, ਮਿਲ ਬੈਠਣ ਜਿੱਥੇ ਇਨਸਾਨ,
ਪਰ ਮੇਰੇ ਪਿੰਡ ਦੀ ਮਿੱਟੀ 'ਤੇ ਤਾਂ, ਵਸਦੇ ਨੇ ਬਹੁਤੇ ਸ਼ੈਤਾਨ।
ਆਪਣਾ ਹੀ ਆਪਣੇ ਦਾ ਵੈਰੀ, ਬਣ ਕੇ ਬੈਠਾ ਨਾਗ ਹੈ ਜ਼ਹਿਰੀ,
ਦੂਜਿਆਂ ਦੇ ਹੱਕਾਂ 'ਤੇ ਮੂਰਖ਼, ਅੱਖ ਹਮੇਸ਼ਾਂ ਰੱਖਦਾ ਕਹਿਰੀ,
ਸਭ ਕੁਝ ਰਹਿ ਜਾਣਾ ਏ ਧਰਿਆ, ਇਸ ਗੱਲੋਂ ਲੱਗੇ ਅਨਜਾਣ।
ਉਹ ਮਿੱਟੀ ਭਾਗਾਂ ਵਾਲੀ ਹੁੰਦੀ, ਮਿਲ ਬੈਠਣ ਜਿੱਥੇ ਇਨਸਾਨ,
ਪਰ ਮੇਰੇ ਪਿੰਡ ਦੀ ਮਿੱਟੀ 'ਤੇ ਤਾਂ, ਵਸਦੇ ਨੇ ਬਹੁਤੇ ਸ਼ੈਤਾਨ।
ਇਨਸਾਨ ਤਾਂ ਏਥੇ ਨਿਵਕੇ ਰਹਿੰਦੇ, ਚੱਲ ਹਊ ਪਰੇ ਉਹ ਕਹਿੰਦੇ,
ਸ਼ੈਤਾਨਾਂ ਦੀ ਨਗਰੀ ਅੰਦਰ, ਉਹ ਪਤਾ ਨਹੀਂ ਕਿੱਦਾਂ ਰਹਿੰਦੇ,
ਲੁੱਚਾ ਲੰਡਾ ਚੌਧਰੀ ਪਿੰਡ 'ਚ, ਗੁੰਡੀ ਰੰਨ ਏਥੇ ਪ੍ਰਧਾਨ।
ਉਹ ਮਿੱਟੀ ਭਾਗਾਂ ਵਾਲੀ ਹੁੰਦੀ, ਮਿਲ ਬੈਠਣ ਜਿੱਥੇ ਇਨਸਾਨ,
ਪਰ ਮੇਰੇ ਪਿੰਡ ਦੀ ਮਿੱਟੀ 'ਤੇ ਤਾਂ, ਵਸਦੇ ਨੇ ਬਹੁਤੇ ਸ਼ੈਤਾਨ।
ਮੈਂ-ਮੈਂ ਦਾ ਏਥੇ ਰੌਲਾ ਪੈਂਦਾ, ਡੰਗਰ-ਵੱਛਾ ਖੁੱਲਿਆ ਰਹਿੰਦਾ,
ਬੱਕਰੀ ਦੀ ਵੀ ਰੀਸ ਹੈ ਹੁੰਦੀ, ਭੇਡੂ ਵੀ ਕਿਹੜਾ ਟਿਕ ਕੇ ਬਹਿੰਦਾ,
ਚੌਧਰ ਦੇਖ ਕੇ ਲਾਲਾਂ ਸੁੱਟਦੇ, ਲੋਕਾਂ ਦਾ ਮਨ ਬੜਾ ਬੇਈਮਾਨ।
ਉਹ ਮਿੱਟੀ ਭਾਗਾਂ ਵਾਲੀ ਹੁੰਦੀ, ਮਿਲ ਬੈਠਣ ਜਿੱਥੇ ਇਨਸਾਨ,
ਪਰ ਮੇਰੇ ਪਿੰਡ ਦੀ ਮਿੱਟੀ 'ਤੇ ਤਾਂ, ਵਸਦੇ ਨੇ ਬਹੁਤੇ ਸ਼ੈਤਾਨ।
ਤੂੰ-ਤੂੰ ਮੈਂ-ਮੈਂ ਹੁੰਦੀ ਰਹਿੰਦੀ, ਥੜਿਆਂ 'ਤੇ ਮੰਡੀਰ ਹੈ ਬਹਿੰਦੀ,
ਤਾਸ਼ਾਂ-ਜੂਏ, ਸਿਗਰਟਾਂ-ਬੀੜੀ, ਚੁਗ਼ਲੀ ਵੀ ਨਾ ਢਿੱਲੀ ਪੈਂਦੀ,
ਇੱਕੋ ਥਾਲੀ ਦੇ ਚੱਟੇ-ਬੱਟੇ, ਹਾਣ ਨੂੰ ਏਥੇ ਮਿਲਦੈ ਹਾਣ।
ਉਹ ਮਿੱਟੀ ਭਾਗਾਂ ਵਾਲੀ ਹੁੰਦੀ, ਮਿਲ ਬੈਠਣ ਜਿੱਥੇ ਇਨਸਾਨ,
ਪਰ ਮੇਰੇ ਪਿੰਡ ਦੀ ਮਿੱਟੀ 'ਤੇ ਤਾਂ, ਵਸਦੇ ਨੇ ਬਹੁਤੇ ਸ਼ੈਤਾਨ।
ਕੰਮ ਕਰਦੇ ਲੋਕੀ ਪਸ਼ੂਆਂ ਵਾਲੇ, ਸਿੰਗ ਮਾਰਨ ਨੂੰ ਬੜੇ ਨੇ ਕਾਹਲੇ,
ਮੋਹ-ਪਿਆਰ ਦੀਆਂ ਤੰਦਾ ਟੁੱਟੀਆਂ, ਹੋਏ ਇਨ੍ਹਾਂ ਦੇ ਹਿਰਦੇ ਕਾਲੇ,
ਬੇਈਮਾਨੀ ਦਾ ਪਹਿਨਿਆਂ ਚੋਲਾ, ਪਰ ਆਖਣ ਅਸੀਂ ਬੜੇ ਮਹਾਨ।
ਉਹ ਮਿੱਟੀ ਭਾਗਾਂ ਵਾਲੀ ਹੁੰਦੀ, ਮਿਲ ਬੈਠਣ ਜਿੱਥੇ ਇਨਸਾਨ,
ਪਰ ਮੇਰੇ ਪਿੰਡ ਦੀ ਮਿੱਟੀ 'ਤੇ ਤਾਂ, ਵਸਦੇ ਨੇ ਬਹੁਤੇ ਸ਼ੈਤਾਨ।
ਇਨਸਾਨਾਂ ਨਾਲ ਦਗ਼ਾ ਕਮਾਂਦੇ, ਗਧੇ ਦੇ ਤਾਈਂ ਬਾਪ ਬਣਾਂਦੇ,
ਬੰਦੇ ਤਾਂ ਇਹ ਬਣ ਨਾ ਸਕਦੇ, ਭਗਵਾਨ ਹੋਣ ਦਾ ਰੌਲਾ ਪਾਂਦੇ,
ਭੇਡਾਂ ਮਗਰੇ ਭੇਡਾਂ ਤੁਰੀਆਂ, ਪਰਸ਼ੋਤਮ ਦੇਖ ਕੇ ਹੋਵੇ ਹੈਰਾਨ।
ਉਹ ਮਿੱਟੀ ਭਾਗਾਂ ਵਾਲੀ ਹੁੰਦੀ, ਮਿਲ ਬੈਠਣ ਜਿੱਥੇ ਇਨਸਾਨ,
ਪਰ ਮੇਰੇ ਪਿੰਡ ਦੀ ਮਿੱਟੀ 'ਤੇ ਤਾਂ, ਵਸਦੇ ਨੇ ਬਹੁਤੇ ਸ਼ੈਤਾਨ।
ਚੰਗਿਆਂ ਨੂੰ ਜਿਹੜਾ ਮਾੜਾ ਕਹਿੰਦਾ, ਹਰ ਕੋਈ ਉਹਦੇ ਚਰਨੀ ਪੈਂਦਾ,
ਸਰੋਏ ਹੈ ਠੋਕ ਵਜਾ ਕੇ ਕਹਿੰਦਾ, ਸੱਚ ਕਦੇ ਨ ਛੁਪਿਆ ਰਹਿੰਦਾ,
ਦਾਨਵਾਂ ਦੀ ਇਸ ਨਗਰੀ ਅੰਦਰ, ਮਾਨਵਤਾ ਦਾ ਹੋਵੇ ਘਾਣ।
ਉਹ ਮਿੱਟੀ ਭਾਗਾਂ ਵਾਲੀ ਹੁੰਦੀ, ਮਿਲ ਬੈਠਣ ਜਿੱਥੇ ਇਨਸਾਨ,
ਪਰ ਮੇਰੇ ਪਿੰਡ ਦੀ ਮਿੱਟੀ 'ਤੇ ਤਾਂ, ਵਸਦੇ ਨੇ ਬਹੁਤੇ ਸ਼ੈਤਾਨ।
ਪਰਸ਼ੋਤਮ ਲਾਲ ਸਰੋਏ
ਸੰਪਰਕ: 91-92175-44348
ਸਿੱਖ ਇਤਿਹਾਸ ਤੋਂ ਬੇਮੁੱਖ ਅਜੋਕੀ ਪੀੜ੍ਹੀ
NEXT STORY