ਭਾਰਤ ਵੰਡ ਉਪਰੰਤ ਮੇਰੇ ਪਿਤਾ ਜੀ ਕੰਮ ਦੀ ਭਾਲ ਵਿੱਚ ਦਿੱਲੀ ਗਏ। ਪਹਾੜਗੰਜ ਦੇ ਮੁਹੱਲਾ ਕਟੜਾ ਮਦਨ ਮੋਹਨ 'ਚ ਰਿਹਾਇਸ਼ ਰੱਖੀ, ਉਨ੍ਹਾਂ। ਫਿਰ ਸੰਸਾਰ ਸਿਲਾਈ ਮਸ਼ੀਨ ਫ਼ਰਮ ’ਚ ਨੌਕਰੀ ਕਰ ਲਈ। ਕੁਝ ਅਰਸਾ ਬਾਅਦ ਫ਼ਰਮ ਬੰਦ ਹੋਣ ਕਾਰਨ ਪਿਤਾ ਜੀ ਆਪਣੇ ਲੱਕੜ ਦੇ ਕੰਮ ਦੀ ਠੇਕੇਦਾਰੀ ਕਰਨ ਲੱਗੇ। ਖਾਲਸਾ ਹਾਈ ਸਕੂਲ ਸ਼ੰਕਰ (ਜਲੰਧਰ) ਤੋਂ 1968 ’ਚ ਮੈਟ੍ਰਿਕ ਪਾਸ ਕਰਨ ਉਪਰੰਤ ਮੈਂ ਵੀ ਚੰਗਾ ਮੁੱਛ ਫੁੱਟ ਗੱਭਰੂ ਨਿਕਲ ਆਇਆ। ਪਿਤਾ ਜੀ ਨੇ ਮੈਨੂੰ ਵੀ ਦਿੱਲੀ ਸੱਦ ਭੇਜਿਆ। ਅਰਬ ਮੁਲਕਾਂ ’ਚ ਵੀ ਲੰਬਾ ਸਮਾਂ ਪੈਸੇ ਲਈ ਸੰਘਰਸ਼ ਕੀਤਾ।
31 ਅਕਤੂਬਰ ਦੀ ਦੁਪਹਿਰ, ਮੈਂ AIMS ਹਸਪਤਾਲ ਮਾਰਕੀਟ ’ਚ ਕਿਸੇ ਕੰਮ ਦੇ ਸਿਲਸਿਲੇ ਵਿੱਚ ਸਾਂ ਕਿ ਇਕ ਅਖ਼ਬਾਰ ਵਿਕਰੇਤਾ 'ਸੰਧਿਆ ਸਮਾਚਾਰ ਅਖ਼ਬਾਰ' ਨੂੰ ਲਹਿਰਾ ਕੇ, ਚੀਕ-ਚੀਕ ਕਹਿ ਰਿਹਾ ਸੀ," ਸਰਦਾਰ ਬਾਡੀਗਾਰਡਾਂ ਇੰਦਰਾ ਗਾਂਧੀ ਕਾ ਕਤਲ ਕਰ ਦੀਆ-ਸਰਦਾਰ ਬਾਡੀਗਾਰਡਾਂ ਇੰਦਰਾ ਗਾਂਧੀ ਕਾ ਕਤਲ ਕਰ ਦੀਆ" ਅਸੀਂ ਅਖ਼ਬਾਰ ਦੀ ਮੇਨ ਸੁਰਖੀ ਨੂੰ ਗਹੁ ਨਾਲ ਦੇਖਿਆ ਕਿ ਉਸ ’ਤੇ ਬਾਡੀਗਾਰਡਾਂ ਦਾ ਨਾਂ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਲਿਖਿਆ ਹੋਇਆ ਸੀ। ਇਤਫ਼ਾਕਨ ਮੇਰੇ ਨਾਲ ਹੀ ਚਾਨੀਆਂ ਪਿੰਡ ਤੋਂ ਨੰਦਕਿਆਂ ਦੇ ਚਾਚਿਆਂ/ਤਾਈਓਂ ਭਰਾ ਅਵਤਾਰ ਸਿੰਘ ਤਾਰੀ ਤੇ ਜਸਮੇਲ ਸਿੰਘ ਬੱਬੀ ਵੀ ਖੜ੍ਹੇ ਸਨ, ਜੋ ਲਿਬੀਆ ਦੀ ਕੰਸਟ੍ਰਕਸ਼ਨ ਕੰਪਨੀ ਦੇ ਏਜੰਟ ਕੋਲ ਲਿਬੀਆ ਜਾਣ ਦੇ ਸਿਲਸਿਲੇ ਵਿੱਚ ਆਏ ਸਨ। ਤਦੋਂ ਮੇਰਾ ਮੱਥਾ ਠਣਕਿਆ ਕਿ ਗੜਬੜ ਹੋ ਸਕਦੀ ਐ। ਮੈਂ ਉਨ੍ਹਾਂ ਨੂੰ ਆਪਣੇ ਰਿਸ਼ਤੇਦਾਰਾਂ ਦੇ ਘਰ ਭੱਜ ਜਾਣ ਲਈ ਆਖਿਆ।
ਮੈਂ ਵੀ ਸਕੂਟਰ ’ਤੇ ਸਾਹਦਰੇ ਸਥਿਤ ਆਪਣੇ ਘਰ ਚਲਿਆ ਗਿਆ। ਲੋਕ ਬਹੁਤੇ ਰੋਹ ’ਚ ਸਨ। ਘਰ ਦੇ ਰਸਤੇ ’ਚ ਮੈਂ ਕਈ ਚੁਰਸਤਿਆਂ ਵਿਚ ਭੀੜ ਨੂੰ 'ਕੱਠੇ ਹੁੰਦੇ ਦੇਖਿਆ ਪਰ ਤਦੋਂ ਤੱਕ ਅਗਜ਼ਨੀ ਜਾਂ ਮਾਰਧਾੜ ਹਾਲਾਂ ਸ਼ੁਰੂ ਨਹੀਂ ਹੋਈ ਸੀ ਪਰ ਸ਼ਾਮ ਨੂੰ AIMS ਅਤੇ INA ਮਾਰਕੀਟ ’ਚ ਭੜਕੀ ਭੀੜ ਵਲੋਂ ਅੱਗਾਂ ਲਾਈਆਂ ਗਈਆਂ। ਦੂਜੇ ਦਿਨ ਸਵੇਰੇ ਪਿਤਾ ਜੀ ਤੇ ਮੇਰਾ ਛੋਟਾ ਭਰਾ ਬਲਵੀਰ ਕੰਮ ’ਤੇ ਚਲੇ ਗਏ। ਮੈਂ ਵੀ 10 ਵਜੇ AIMS ਸਥਿਤ ਨਰੂਲਿਆਂ ਦੇ ਦਫ਼ਤਰ ਜਾਣ ਲਈ ਘਰੋਂ ਸਕੂਟਰ ’ਤੇ ਚੱਲਿਆ। ਹਾਲਤ ਨੂੰ ਜਾਣਨ ਲਈ ਰਸਤੇ ’ਚ STD ਤੋਂ ਦਫਤਰ ਵਾਰ-ਵਾਰ ਫੋਨ ਕੀਤਾ ਪਰ ਕੋਈ ਫੋਨ ਨਾ ਚੁੱਕੇ।
ਅਖ਼ੀਰ ਡਾ. ਪੁਰੀ ਨੇ ਮੇਰਾ ਫੋਨ ਚੁੱਕਿਆ। ਉਨ੍ਹਾਂ ਨਮਸਤੇ ਦਾ ਜਵਾਬ ਦੇਣ ਦੀ ਬਜਾਏ ਮੇਰੀ ਆਵਾਜ਼ ਪਛਾਣਦਿਆਂ ਤੁਰੰਤ ਇਕੋ ਸਵਾਲ ਪੁੱਛਿਆ, "ਸੰਤੋਖ ਸਿੰਘ ਕਿੱਥੇ ਹੈਂ? ਹਾਲਾਤ ਬਹੁਤ ਖ਼ਰਾਬ ਨੇ, ਜਿਥੇ ਵੀ ਕਿਤੇ ਹੈਂ, ਫਟਾਫਟ ਘਰ ਚਲਿਆ ਜਾਹ।" ਕਹਿੰਦਿਆਂ ਉਸ ਨੇ ਤੁਰੰਤ ਫੋਨ ਕੱਟ ਦਿੱਤਾ। ਮੈਂ ਉਲਟੇ ਪੈਰੀਂ ਘਰ ਚਲਿਆ ਗਿਆ। ਓਧਰ ਪਿਤਾ ਜੀ ਤੇ ਭਰਾ ਨੂੰ ਵੀ ਮਾਲਕਾਂ ਵਾਪਸ ਘਰ ਭੇਜਤਾ। ਹਾਲਾਤ ਦੀ ਪ੍ਰਵਾਹ ਨਾ ਕਰਦਿਆਂ, ਪਿਤਾ ਜੀ ਰਸਤੇ ’ਚ ਹੀ ਪੁਰਾਣੇ ਜਾਣੂ ਦਿੱਲੀ ਫਾਊਂਡਰੀ ਵਾਲਿਆਂ ਦੇ ਕੰਮ ’ਤੇ ਚਲੇ ਗਏ। ਬਲਵੀਰ ਰਸਤੇ ਦੀਆਂ ਦੰਗਈ ਭੀੜਾਂ ਤੋਂ ਬਚਦਾ-ਬਚਾਉਂਦਾ ਰਸਤੇ ਬਦਲ-ਬਦਲ ਕੇ ਘਰ ਸਲਾਮਤ ਆਣ ਪਹੁੰਚਾ। ਮੇਰੇ ਘਰ ਦੇ ਖੱਬੇ ਪਾਸੇ ਭਾਜਪਾ ਦੇ ਲੋਕਲ ਲੀਡਰ ਮਾਸਟਰ ਬਲਵੀਰ ਸਿਹੁੰ ਤੇ ਸੱਜੇ ਪਾਸੇ ਭਾਜਪਾ ਦੇ ਹੀ ਇਕ ਹੋਰ ਪੁਰ ਖਲੂਸ ਨੇਤਾ ਪੰਡਤ ਪਰਮੇਸ਼ਰੀ ਦਾਸ ਜੀ ਰਹਿੰਦੇ ਸਨ। ਸਮੂਹ ਮੁਹੱਲਾ ਵਾਸੀਆਂ ਨਾਲ ਮੇਰਾ ਖਾਸਾ ਲਗਾਓ ਸੀ।
ਇਸ ਦੀ ਇਕ ਹੋਰ ਵਜ੍ਹਾ ਇਹ ਸੀ ਕਿ ਕਰੀਬ ਸਾਰੇ ਮੁਹੱਲੇ ’ਚ ਪਾਣੀ ਦੀ ਤੰਗੀ ਹੀ ਰਹਿੰਦੀ ਪਰ ਮੇਰੇ ਘਰ ਸਬਮਰਸੀਬਲ ਮੋਟਰ ਲੱਗੀ ਹੋਣ ਕਰਕੇ ਬਹੁਤੇ ਘਰ ਮੇਰੇ ਘਰੋਂ ਹੀ ਪਾਣੀ ਭਰਦੇ। ਘਰਦੇ ਬਾਹਰ ਇਕ ਵੱਡੀ ਪੱਕੀ ਟੂਟੀ ਵੀ ਲਗਾ ਰੱਖੀ ਸੀ।
"ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ।।"
(ਵਾਰ ਆਸਾ-ਸਲੋਕ ਮਹਲਾ ੧-੪੭੨)
ਗੁਰ ਸ਼ਬਦ 'ਤੇ ਚੱਲਦਿਆਂ ਮੈਂ ਆਪਣੀ ਸਰਦਾਰਨੀ ਨੂੰ ਵੀ ਇਹ ਹਦਾਇਤ ਦੇ ਰੱਖੀ ਸੀ ਕਿ ਜਦ ਵੀ ਕੋਈ ਬਾਹਰੋਂ ਪਾਣੀ ਦੀ ਆਵਾਜ਼ ਦਏ ਤਾਂ ਫਟ ਮੋਟਰ ਚਲਾ ਦੇਣੀ ਆਂ। ਕਿਸੇ ਨੂੰ ਵੀ ਪਾਣੀ ਤੋਂ ਨਾਂਹ ਨਹੀਂ ਕਰਨੀ। 1 ਨਵੰਬਰ ਨੂੰ ਮੁਹੱਲੇ ਦੇ ਕੁਝ ਮੋਹਤਬਰ ਮੇਰੇ ਘਰ ਆਏ। ਉਨ੍ਹਾਂ ਸਾਨੂੰ ਅੰਦਰ ਹੀ ਰਹਿਣ ਲਈ ਕਿਹਾ ਤੇ ਆਪ ਬਾਹਰ ਪੈਰਾ ਲਗਾ ਦਿੱਤਾ। ਸ਼ਾਮ ਨੂੰ ਕੋਠੇ ’ਤੇ ਚੜ੍ਹੇ ਤਾਂ ਥਾਂ-ਥਾਂ ਬਲ਼ਦੀ ਦਿੱਲੀ ਦੀਆਂ ਉੱਚੀਆਂ ਲਾਟਾਂ ਉਠਦੀਆਂ ਦੇਖੀਆਂ। ਮੇਰੇ ਨਾਲ ਦੇ ਘਰ ਜਗਦੀਸ਼ ਕੁਮਾਰ BA ਵਿਹੜੇ ਵਿੱਚ ਬੀਮਾਰ ਪਿਆ ਸਾਨੂੰ ਜ਼ੋਰ ਦਏ ਕਿ ਕੇਸ ਕਟਵਾ ਦਿਓ। ਹੋਰਾਂ ਆਂਡ-ਗੁਆਂਢ ਨੇ ਵੀ ਇਹੈ ਜ਼ੋਰ ਦਿੱਤਾ। ਸਾਹਮਣੇ ਮੌਤ ਖੜ੍ਹੀ ਦੇਖ ਇਕ ਵਾਰ ਤਾਂ ਮੰਨੋ ਮੈਂ ਮਨ ਬਣਾ ਲਿਆ ਪਰ ਸ਼ਾਬਾਸ਼ ਮੇਰੀ ਸਰਦਾਰਨੀ ਦੇ ਕਿ ਮੈਨੂੰ ਹੌਸਲਾ ਦਿੰਦਿਆਂ ਆਖਿਆ, "ਸਿੱਖ ਦੀ ਪਰਿਭਾਸ਼ਾ ਜਾਣਦੇ ਹੋ ਕੀ ਐ? ਉਹ ਜੋ ਬੇਮੁਖ ਹੋ ਕੇ ਵੀ ਬੇਵਫ਼ਾ ਨਾ ਹੋਵੇ। ਜੇ ਕੇਸ ਕਟਵਾ ਲਏ ਤਾਂ ਗੁਰੂ ਵਲੋਂ ਵੀ ਜਾਵਾਂਗੇ ਤੇ ਛੱਡਣਾ ਸਾਨੂੰ ਫੇਰ ਨਈਂ। ਤਲਵਾਰਾਂ, ਡਾਂਗਾਂ ਤਿਆਰ ਕਰੋ ਤੇ ਇੱਟਾਂ ਚੜ੍ਹਾਓ ਕੋਠੇ ’ਤੇ। ਦੰਗਈਆਂ ਨਾਲ ਮੁਕਾਬਲਾ ਕਰਦਿਆਂ ਮਰਨਾ ਹੀ ਸੂਰਮਤਾਈ ਐ।"
ਇਸ ਤਰ੍ਹਾਂ ਮੇਰੇ ਜ਼ਜ਼ਬਾਤ ਨੂੰ ਹਲੂਣਾ ਮਿਲਿਆ ਤੇ ਅਸੀਂ ਉਹੀ ਤਿਆਰੀ ਕਰ ਲਈ ਪਰ ਮਾਹੌਲ ਬਹੁਤ ਹੀ ਤਣਾਅ ਅਤੇ ਸਹਿਮ ਵਾਲਾ ਸੀ। ਪੈਟਰੋਲ ਦੀਆਂ ਬੋਤਲਾਂ, ਸਰੀਏ, ਭਾਲੇ ਅਤੇ ਤਲਵਾਰਾਂ ਨਾਲ ਲੈਸ ਕਾਤਲ ਤੇ ਬਲਾਤਕਾਰੀ ਦੰਗਾਈਆਂ ਦੀ ਭੀੜ ਦੀ ਅਗਵਾਈ ਕਰ ਰਹੇ, ਲੋਕਲ ਨੇਤਾ ਹੱਥਾਂ ’ਚ ਵੋਟ ਲਿਸਟਾਂ ਫੜ ਕੇ ਸਿੱਖਾਂ ਦੇ ਘਰਾਂ ਦੀ ਪਹਿਚਾਣ ਕਰਦੇ ਉਨ੍ਹਾਂ ਨੂੰ ਹੋਰ ਹੱਲਾਸ਼ੇਰੀ ਦਿੰਦੇ। 3 ਨਵੰਬਰ ਨੂੰ ਪੰਡਤ ਪਰਮੇਸ਼ਰੀ ਦਾਸ ਜੀ ਦੇ ਘਰੋਂ ਮਾਤਾ ਜੀ ਮੇਰੇ ਘਰ ਆਏ। ਆਖਿਆ ਕਿ ਮੈਨੂੰ ਪੰਡਤ ਜੀ ਬੁਲਾ ਰਹੇ ਨੇ। ਤਦੋਂ ਹੀ ਮੈਂ ਜਾ ਪੰਡਤ ਜੀ ਨੂੰ ਨਮਸਕਾਰ ਕੀਤੀ। ਉਨ੍ਹਾਂ ਲੈਂਡ ਲਾਈਨ ਤੋਂ DK ਜੈਨ ਦਾ ਨੰ: ਮਲਾਉਣ ਲਈ ਕਿਹਾ। ਵਾਰ ਵਾਰ ਫੋਨ ਕਰਨ ’ਤੇ ਉਨ੍ਹਾਂ ਫੋਨ ਨਾ ਚੁੱਕਿਆ। ਫਿਰ ਪੰਡਤ ਜੀ ਨੇ ਆਖਿਆ, ਹਰੀਓਮ ਕਪੂਰ ਦਾ ਨੰਬਰ ਮਿਲਾਓ। ਮੈਂ ਮਿਲਾਇਆ ਤਾਂ ਉਨ੍ਹਾਂ ਤਦੋਂ ਹੀ ਫੋਨ ਚੁੱਕ ਲਿਆ।
ਕਪੂਰ ਸਾਹਿਬ ਨੂੰ ਤਾਕੀਦ ਕੀਤੀ ਕਿਹਾ ,"ਮੇਰੇ ਬੱਚੇ ਮੁਸੀਬਤ ਵਿੱਚ ਨੇ। ਡਰੈਵਰ ਨੂੰ ਨਹੀਂ ਭੇਜਣਾ, ਆਪ ਗੱਡੀ ਲੈ ਕੇ ਆ ਤੇ ਇਨ੍ਹਾਂ ਨੂੰ ਸ਼ਾਮ ਲਾਲ ਕਾਲਜ ਸ਼ਾਹਦਰਾ ਕੈਂਪ ਵਿੱਚ ਛੱਡ ਕੇ ਆ। ਕਪੂਰ ਸਾਹਿਬ ਉਦੋਂ ਹੀ ਮੈਟਾਡੋਰ ਲੈ ਕੇ ਮੇਰੇ ਘਰ ਆਏ। ਜਿਸ ’ਚ ਮੈਂ, ਮੇਰੀ ਪਤਨੀ, ਬੱਚੇ, ਭਰਾ, ਮਾਤਾ, ਪਿਤਾ ਤੇ ਇਕ ਤਾਇਆ ਜੀ ਸਮੇਤ ਕੁੱਲ 11 ਜੀਅ ਸ਼ਾਮਲ ਸਾਂ। ਕੋਈ ਦੋ ਕੁ ਫਰਲਾਂਗ ਤੇ ਲੋਨੀ ਯੂਪੀ ਨੂੰ ਜਾਂਦੀ ਮੇਨ ਜੀ.ਟੀ. ਰੋਡ ’ਤੇ ਚੁਰਸਤੇ ’ਚ ਕੋਈ ਢਾਈ-300 ਦੰਗਈਆਂ ਦੀ ਹਥਿਆਰਾਂ ਨਾਲ ਲੈਸ ਬਿੱਫਰੀ ਹੋਈ ਭੀੜ ਨੇ ਸਾਨੂੰ ਆ ਘੇਰਿਆ। ਜਿਓਂ ਹੀ ਉਨ੍ਹਾਂ ਸਾਨੂੰ ਸਿੱਖ ਪਹਿਚਾਣ ਕੇ ਆਪਣੇ ਹਥਿਆਰਾਂ ਅਤੇ ਪੈਟਰੋਲ ਦੀਆਂ ਬੋਤਲਾਂ ਨੂੰ ਉਛਾਲਿਆ ਤਾਂ ਅਸੀਂ ਆਪਣੀ ਮੌਤ ਨੂੰ ਪ੍ਰਤੱਖ ਸਾਹਮਣੇ ਖੜ੍ਹੀ ਦੇਖਿਆ ਪਰ ਤਦੋਂ ਹੀ ਇਕ ਕੌਤਕ ਵਰਤ ਗਿਆ ਕਿ ਉਸ ਭੀੜ ਦੀ ਅਗਵਾਈ ਕਰਨ ਵਾਲਾ ਮੇਰੇ ਹੀ ਮੁਹੱਲੇ ਦਾ ਚੂਹਾ ਨਾਮੇ ਨੌਜਵਾਨ ਸੀ, ਜੋ ਅਕਸਰ ਮੇਰੇ ਘਰ ਤੋਂ ਪਾਣੀ ਭਰਨ ਆਇਆ ਕਰਦਾ।
ਮੈਂ ਪੁੱਛਿਆ, ਚੂਹੇ ਕੀ ਮੁਸ਼ਕਲ ਹੈ? ਜਿਓਂ ਹੀ ਉਸ ਨੇ ਮੈਨੂੰ ਪਛਾਣਿਆ ਤਾਂ ਤਸਵੀਰ ਦਾ ਪਾਸਾ ਪਲਟ ਗਿਆ। ਤਦੋਂ ਹੀ ਉਹ ਆਪਣੇ ਦੰਗਈ ਸਾਥੀਆਂ ਨੂੰ ਲਲਕਾਰਦਿਆਂ ਪਰ੍ਹਾਂ ਕਰਕੇ ਸਾਨੂੰ ਸੁਰੱਖਿਅਤ ਲਾਂਘਾਂ ਦੇ ਕੇ ਅੱਗੇ ਲੰਘਾ ਦਿੱਤਾ। ਮੰਨੋ ਪਾਣੀ ਦੇ ਉਪਹਾਰ ਬਦਲੇ ਸਾਡੀਆਂ ਕੀਮਤੀ ਜਾਨਾਂ ਬਚ ਰਹੀਆਂ। ਰਸਤੇ ’ਚ ਅਸੀਂ ਸਿੱਖਾਂ ਦੀਆਂ ਦੁਕਾਨਾਂ ਤੇ ਘਰਾਂ ਨੂੰ ਅਗਨ ਭੇਟ ਹੁੰਦਾ ਦੇਖਿਆ। ਇਕ 70 ਕੁ ਸਾਲ ਦਾ ਸਿੱਖ ਜੋ ਲਹੂ-ਲੁਹਾਨ ਸੀ, ਉਸ ਦੇ ਗਲ਼ ’ਚ ਟਾਇਰ ਪਾ ਕੇ ਅੱਗ ਲਗਾਈ ਹੋਈ, ਉਹ ਚੌਰਾਹੇ ’ਚ ਤੜਫ਼ ਰਿਹਾ ਸੀ। ਅਫ਼ਸੋਸ ਕਿ ਮੈਂ ਉਸ ਦੀ ਕੋਈ ਮਦਦ ਨਹੀਂ ਕਰ ਸਕਿਆ। ਹੁਣ ਤੱਕ ਵੀ ਉਹ ਭਿਆਨਕ ਮੰਜ਼ਰ ਮੈਨੂੰ ਭੁਲਾਇਆਂ ਨਹੀਂ ਭੁੱਲਦਾ ਪਰ ਅਸੀਂ ਸਹੀ-ਸਲਾਮਤ ਸ਼ਾਹਦਰਾ ਦੇ ਸ਼ਾਮ ਲਾਲ ਕਾਲਜ ਵਿਚਲੇ ਰਫਿਊਜੀ ਕੈਂਪ ਪਹੁੰਚ ਗਏ।
ਕੈਂਪ ਪਹੁੰਚਦਿਆਂ ਮੈਂ ਪਿਤਾ ਜੀ ਨੂੰ ਦਿੱਲੀ ਫਾਊਂਡਰੀ ਦੇ ਕਾਰਖਾਨਿਓਂ ਲਿਆਉਣ ’ਚ ਮਦਦ ਲਈ ਠਾਣੇ ਜਾ ਕੇ ਸਰਦਾਰ SHO ਨੂੰ ਮਿਲਿਆ, ਕਿਹਾ ਕਿ ਮੇਰੇ ਪਿਤਾ ਜੀ ਉਥੇ ਹੀ ਮਹਿਫੂਜ਼ ਨੇ। ਪੁਲਸ ਲੈ ਕੇ ਨਾ ਜਾਵੀਂ। ਜੇ ਜਾਣੈ ਤਾਂ ਮਿਲਟਰੀ ਲੈ ਕੇ ਜਾਹ। ਉਸ ਨੇ ਅਸਮਰੱਥਾ ਜਤਾਉਂਦਿਆਂ ਦੱਸਿਆ ਕਿ ਉਸ ਦਾ ਆਪਣਾ ਪਿਸਤੌਲ ਵੀ 31 ਅਕਤੂਬਰ ਨੂੰ ਜਮ੍ਹਾ ਕਰਵਾ ਲਿਆ ਗਿਆ ਹੈ। ਪਿਤਾ ਜੀ ਉਥੇ ਮਹਿਫੂਜ਼ ਰਹੇ। ਮਾਲਕ ਰਤਨ ਲਾਲ ਜੀ ਦੋਹੇਂ ਵਕਤ ਪਿਤਾ ਜੀ ਨੂੰ ਚਾਹ-ਰੋਟੀ ਵੀ ਪਹੁੰਚਾਉਂਦੇ ਰਹੇ। ਕਰੀਬ ਦੋ ਕੁ ਹਫ਼ਤੇ ਬਾਅਦ ਜਦ ਆਲੇ-ਦੁਆਲੇ ਸ਼ਾਂਤੀ ਹੋਈ ਤਾਂ ਅਸੀਂ ਆਪਣੇ ਘਰ ਵਾਪਸ ਪਰਤ ਗਏ। ਸਾਡੇ ਘਰ ਦਾ ਕੋਈ ਨੁਕਸਾਨ ਨਹੀਂ ਹੋਇਆ। ਮੁਹੱਲੇ ’ਚੋਂ ਉਹ ਲੋਕ ਜੋ ਰੋਜ਼ਾਨਾ ਮੇਰੇ ਘਰ ਤੋਂ ਪਾਣੀ ਭਰਿਆ ਕਰਦੇ ਸਨ, ਵਗੈਰਾ ਨੇ ਨਮਕ ਹਲਾਲੀ ਦਿਖਾਉਂਦਿਆਂ ਸਾਡੇ ਘਰ ਦੀ ਰਖ਼ਵਾਲੀ ਕੀਤੀ। ਮੈਂ ਉਨ੍ਹਾਂ ਦੀਆਂ ਅੱਖਾਂ ਨਾਲ ਅੱਖਾਂ ਮਿਲਾ ਕੇ ਨੀਵੀਂ ਪਾ ਲਈ। ਧੰਨਵਾਦ 'ਚ ਮੇਰੀਆਂ ਅੱਖਾਂ ਨਮ ਹੋ ਗਈਆਂ। ਮੰਨੋ ਉਨ੍ਹਾਂ ਪਾਣੀ ਸਬੰਧੀ ਮੇਰੀ ਦਰਿਆ ਦਿਲੀ ਦਾ ਮੁੱਲ ਤਾਰ ਦਿੱਤਾ।"
-ਸਤਵੀਰ ਸਿੰਘ ਚਾਨੀਆਂ
ਅੱਜ ਦੇ ਦਿਹਾੜੇ ’ਤੇ ਵਿਸ਼ੇਸ਼ : ਜਾਣੋ 'ਬੰਦੀ ਛੋੜ ਦਿਵਸ' ਮਨਾਏ ਜਾਣ ਦਾ ਇਤਿਹਾਸ ਅਤੇ ਮਹਾਨਤਾ
NEXT STORY