ਅਜੋਕੇ ਸਮੇਂ ਵਿਚ ਸਿਹਤਮੰਦ ਹੋਣਾ ਆਪਣੇ ਆਪ ਵਿਚ ਚੁਣੌਤੀ ਵਾਲੀ ਗੱਲ ਹੈ । ਇਹ ਸਾਡੇ ਖਾਣ-ਪੀਣ , ਰਹਿਣ-ਸਹਿਣ ਦੇ ਸਲੀਕੇ ਨੂੰ ਦਰਸਾਉਂਦਾ ਹੈ। ਸਭ ਕੰਮਾ ਕਾਰਾਂ ਵਿਚ ਵਾਧਾ ਹੋਣਾ ਲਾਹੇਵੰਦ ਹੈ ਪਰ ਸਿਹਤ ਦੇ ਮਾਮਲੇ ਵਿਚ ਬੇਲੋੜੇ ਭਾਰ ਦਾ ਵਧਣਾ ਬਿਲਕੁਲ ਵੀ ਚੰਗਾ ਸੰਕੇਤ ਨਹੀਂ ਹੈ । ਇਹ ਲੰਬਾ ਸਮਾਂ ਚਲਣ ਵਾਲੀਆਂ ਬੀਮਾਰੀਆਂ ਨੂੰ ਜਨਮ ਦਿੰਦਾ ਹੈ। ਜਿਸ ਵਿਚ ਮੁੱਖ ਤੌਰ ਤੇ ਦਿਲ ਦੇ ਰੋਗ, ਸਾਹ ਰੋਗ ਆਦਿ ਮੌਜੂਦ ਹਨ। ਵੱਧਿਆ ਹੋਇਆ ਭਾਰ ਤੁਹਾਡੇ ਕੰਮ ਕਰਨ ਦੀ ਸਮਰੱਥਾ ਨੂੰ ਤਾਂ ਘੱਟ ਕਰਦਾ ਹੀ ਹੈ ਇਸ ਦੇ ਨਾਲ-ਨਾਲ ਤੁਹਾਡਾ ਆਤਮ-ਵਿਸ਼ਵਾਸ਼ ਵੀ ਘੱਟ ਕਰਦਾ ਹੈ। ਤੁਹਾਡੇ ਮਨ ਵਿਚ ਕਿਤੇ ਨਾ ਕਿਤੇ ਹੀਣ ਭਾਵਨਾ ਵੀ ਉਤਪਨ ਹੁੰਦੀ ਹੈ। ਅਸੀਂ ਆਪਣੇ ਸਰੀਰ ਵਲ ਨਾ ਧਿਆਨ ਦਿੰਦੇ ਹੋਏ ਜੋ ਵੀ ਖਾਣ-ਪੀਣ ਨੂੰ ਦਿਲ ਕਰਦਾ ਹੈ ਖਾਈ ਜਾ ਰਹੇ ਹਾਂ। ਜਿਸ ਦੇ ਸਿੱਟੇ ਵਜੋ ਮੋਟਾਪਾ, ਪੇਟ ਦਾ ਵਧਣਾ ਆਮ ਗੱਲ ਹੈ। ਜਦੋਂ ਸਰੀਰ ਅਸਲੀ ਆਕਾਰ ਤੋਂ ਬਾਹਰ ਹੋਣ ਲੱਗ ਜਾਂਦਾ ਹੈ ਤਾਂ ਅਸੀਂ ਸੋਚਦੇ ਹਾਂ ਕਿ ਜਿੰਮ ਸ਼ੁਰੂ ਕੀਤਾ ਜਾਵੇ। ਕਸਰਤ ਸਿਹਤ ਲਈ ਚੰਗੀ ਹੈ ਪਰ ਇਸ ਦੇ ਨਾਲ-ਨਾਲ ਇਹ ਜਾਣਨਾ ਬੇਹੱਦ ਜ਼ਰੂਰੀ ਹੈ ਕਿ ਭਾਰ ਘੱਟ ਕਰਨ ਲਈ 80% ਭੋਜਨ ਅਤੇ 20% ਕਸਰਤ ਦੀ ਭੂਮਿਕਾ ਹੈ। ਇਕ ਅਹਿਮ ਗੱਲ ਹੋਰ ਜਿਸ ਨੂੰ ਬੇਜ਼ਲ ਮੈਟਾਬੋਲਿਕ ਰੇਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਨੂੰ ਜਾਣਨ ਤੋਂ ਬਾਅਦ ਤੁਸੀਂ ਆਪਣੇ ਸਰੀਰ ਨੂੰ ਕਿੰਨੀਆ ਕੈਲੋਰੀਜ਼ ਚਾਹੀਦੀਆਂ ਹਨ , ਉਸ ਬਾਰੇ ਪਤਾ ਲਗਾ ਸਕਦੇ ਹੋ। ਕੈਲੋਰੀਜ਼ ਊਰਜਾ ਦੀ ਇਕ ਇਕਾਈ ਹੈ।ਬੇਜ਼ਲ ਮੈਟਾਬੋਲਿਕ ਰੇਟ ਇਹ ਦੱਸਦਾ ਹੈ ਕਿ ਸਰੀਰ ਨੂੰ ਪੂਰਨ ਤੌਰ ਤੇ ਕਿਰਿਆਵਾਂ ਕਰਨ ਲਈ ਘੱਟੋ-ਘੱਟ ਕਿੰਨੀ ਊਰਜਾ ਜ਼ਰੂਰੀ ਹੈ।
ਆਪਣੀ ਹਰ ਰੋਜ਼ ਦੇ ਖਾਣ-ਪੀਣ ਵਾਲੇ ਪਦਾਰਥਾਂ ਵਿਚ ਮੌਜੂਦ ਕੈਲੋਰੀਜ਼ ਦੀ ਮਾਤਰਾ ਬਾਰੇ ਜਾਣਕਾਰੀ ਲੈਣ ਤੋਂ ਬਾਅਦ ਅਸੀਂ ਆਪਣੀ ਜ਼ਰੂਰਤ ਮੁਤਾਬਕ ਕੈਲੋਰੀਜ਼ ਦੀ ਮਾਤਰਾ ਵਧਾ ਘਟਾ ਸਕਦੇ ਹਾਂ । ਹੁਣ ਗੱਲ ਕਰਦੇ ਹਾਂ ਕੀ ਕਿੰਨਾ ਪਦਾਰਥਾਂ ਤੋਂ ਕਿੰਨੀ ਕੈਲੋਰੀਜ਼ ਮਿਲਦੀ ਹੈ:-
ਲੜੀ ਨੰਬਰ ਪਦਾਰਥ ਕੈਲੋਰੀਜ਼
1. ਇੱਕ ਗਲਾਸ ਦੁੱਧ 42
2. ਇੱਕ ਅੰਡਾ 155
3. ਇੱਕ ਗਲਾਸ ਜੂਸ 35-42
4. ਇੱਕ ਆਲੂ ਪਰਾਠਾ 260-300
5. 100 ਗ੍ਰਾਮ ਦਹੀ 98
6. ਬਰਗਰ 240-480
7. ਨਿਊਡਲਜ਼ 130-170
8. ਆਲੂ ਟਿੱਕੀ 180-210
9. ਸੇਬ 52
10.ਕੇਲਾ 89
11.ਅਨਾਨਾਸ 50
12.ਅੰਗੂਰ 69
13.ਅਨਾਰ 83
14.ਪਪੀਤਾ 39
15.ਸੰਤਰਾ 49
16.ਅੰਬ 60
17.ਸਟਾਬੇਰੀ 33
18.ਗਾਜਰ 41
19.ਖੀਰਾ 16
20.ਟਮਾਟਰ 18
21.ਮੂਲੀ 18
ਕੈਲੋਰੀਜ਼ ਦਾ ਵੇਰਵਾ ਵੱਖ-ਵੱਖ ਖੋਜਕਾਰਾ ਅਨੁਸਾਰ ਮਾਮੂਲੀ ਵੱਧ-ਘੱਟ ਵੀ ਹੋ ਸਕਦਾ ਹੈ ਪਰ ਇਹਨਾਂ ਅੰਕੜਿਆ ਤੋਂ ਸਾਨੂੰ ਵਧ ਅਤੇ ਘਟ ਕੈਲੋਰੀਜ਼ ਵਾਲੇ ਪਦਾਰਥਾਂ ਬਾਰੇ ਜਾਣਕਾਰੀ ਜ਼ਰੂਰ ਮਿਲਦੀ ਹੈ ।
ਅੱਜਕਲ੍ਹ ਦੇ ਤਕਨੀਕੀ ਖੇਤਰ ਵਿਚ ਕਈ ਮੋਬਾਇਲ ਐਪਲੀਕੇਸ਼ਨ ਮੌਜੂਦ ਹਨ , ਜੋ ਸਾਡੇ ਦੁਆਰਾ ਵਰਤੀਆਂ ਗਈਆ ਕੈਲੋਰੀਜ਼ ਦੀ ਜਾਣਕਾਰੀ ਦਿੰਦੀਆ ਹਨ । ਆਖਿਰਕਾਰ ਇਹ ਕਹਿਣਾ ਜਰਾ ਵੀ ਗਲਤ ਨਹੀਂ ਹੋਵੇਗਾ ਕਿ ਜੀਭ ਦੇ ਬੇਲੇੜੇ ਸਵਾਦ ਨਾਲ ਸਰੀਰ ਦਾ ਬੇਅਕਾਰ ਵਿਚ ਢੱਲਣਾ ਸੁਭਾਵਿਕ ਗੱਲ ਹੈ । ਸਰੀਰ ਨੂੰ ਫਿੱਟ ਅਤੇ ਤੰਦਰੁਸਤ ਰੱਖਣ ਲਈ ਖਾਣ-ਪੀਣ ਤੇ ਧਿਆਨ ਦੇਣਾ ਬਹੁਤ ਲਾਜ਼ਮੀ ਹੈ। ਜੋ ਵਿਅਕਤੀ ਭਾਰ ਵਧਾਉਣਾ ਚਾਹੁੰਦਾ ਹੈ ਉਹ ਆਪਣੇ ਰੋਜ਼ਾਨਾ ਖੁਰਾਕ ਵਿਚ ਕੈਲੋਰੀਜ਼ ਦੀ ਮਾਤਰਾ ਵਧਾਉਣ ਅਤੇ ਜੋ ਭਾਰ ਘੱਟ ਕਰਨ ਦੇ ਇਛੁੱਕ ਹਨ ਉਹ ਰੋਜ਼ਾਨਾ ਖੁਰਾਕ ਵਿਚ ਕੈਲੋਰੀਜ਼ ਦੀ ਮਾਤਰਾ ਘਟਾਉਣ।
ਅੱਜਕਲ੍ਹ ਵੱਡੇ ਸ਼ਹਿਰਾਂ ਵਿਚ ਡਾਇਟ ਸਟੂਡੀਉ ਵੀ ਖੁਲ੍ਹ ਰਹੇ ਹਨ । ਜੋ ਕਿ ਸਰੀਰ ਦਾ ਚੈਕਅੱਪ ਕਰਕੇ ਤੁਹਾਨੂੰ ਸਹੀ ਖਾਣ-ਪੀਣ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ । ਅਗਰ ਉੱਪਰ ਕੀਤੀਆ ਹੋਈਆ ਗੱਲਾਂ ਬਾਰੇ ਥੋੜਾ ਜਿਹਾ ਵੀ ਗੌਰ ਕੀਤਾ ਜਾਵੇ ਤਾਂ ਅਸੀਂ ਘਰ ਬੈਠੇ ਹੀ ਥੋੜ੍ਹੀ ਜਿਹੀ ਵਰਜਿਸ਼ ਨਾਲ ਸਰੀਰ ਨੂੰ ਸਹੀ ਆਕਾਰ ਵਿਚ ਰੱਖ ਸਕਦੇ ਹਾਂ ਅਤੇ ਬੇਲੋੜੇ ਵਜ਼ਨ ਤੋਂ ਬਚਿਆ ਜਾ ਸਕਦਾ ਹੈ । ਕੋਈ ਵੀ ਬੀਮਾਰੀ ਆਸ-ਪਾਸ ਵੀ ਨਹੀਂ ਆਵੇਗੀ, ਆਤਮ ਵਿਸ਼ਵਾਸ਼ ਵੀ ਬਣਿਆ ਰਹੇਗਾ ਜਿਸ ਨਾਲ ਜਿੰਦਗੀ ਦਾ ਸਹੀ ਢੰਗ ਨਾਲ ਆਨੰਦ ਮਾਣ ਸਕੋਗੇ।
ਅਮਨਦੀਪ ਸਿੰਘ
ਸਹਾਇਕ ਪ੍ਰੋਫੈਸਰ
ਆਈ.ਐਸ.ਐਫ. ਕਾਲਜ ਆਫ ਫਾਰਮੈਸੀ, ਮੋਗਾ
ਮੋਬਾ: 94654-23413
ਸਾਡੀਆਂ ਧੀਆਂ ਸਾਡੀ ਸ਼ਾਨ
NEXT STORY