ਮੰਨਦੇ ਹਾਂ ਕੀ ਪਿਆਰ ਇਸ ਦੁਨੀਆਂ ਦੀ ਹਰੇਕ ਸ਼ੈਅ ਤੋਂ ਖ਼ੂਬਸੂਰਤ ਅਤੇ ਨਿਵੇਕਲਾ ਹੁੰਦਾ ਹੈ। ਇਹ ਇੱਕ ਪਿਆਰ ਹੀ ਹੈ, ਜੋ ਇੱਕ ਦੂਜੇ ਨੂੰ ਜਾਂ ਸਮਾਜ ਨੂੰ ਜੋੜਕੇ ਰੱਖਦਾ ਹੈ। ਅੱਜਕਲ੍ਹ ਦੀ ਨਵੀਂ ਪੀੜ੍ਹੀ ਨਹੀਂ ਕਹਾਂਗਾ ਭਾਵ ਨਵੀਂ ਪਨੀਰੀ ਨੇ ਪਿਆਰ ਦਾ ਰੰਗ ਰੂਪ ਹੀ ਬਦਲਕੇ ਰੱਖ ਦਿੱਤਾ। ਮੈਂ ਆਪਣੇ ਨਿੱਜੀ ਵਿਚਾਰਾਂ ਨਾਲ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ। ਅਜੌਕੇ ਸਮੇਂ ’ਚ ਬਹੁਤ ਸਾਰੇ ਨੌਜਵਾਨਾਂ ਨੂੰ ਨਾ ਭਵਿੱਖ ਦਾ ਕੋਈ ਫ਼ਿਕਰ ਹੈ, ਨਾ ਹੀ ਉਮਰਾਂ ਦੀ ਲਿਹਾਜ਼ ਅਤੇ ਨਾ ਹੀ ਆਪਣੇ ਪਰਾਏ ਦੀ ਕੋਈ ਸੰਗ ਸ਼ਰਮ।
ਪਿਆਰੇ ਦੋਸਤੋਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਜੇਕਰ ਪਿਆਰ ਦੀ ਕੋਈ ਸੱਚੀ ਸੁੱਚੀ ਉਦਾਹਰਣ ਹੈ ਜਾਂ ਪਿਆਰ ਪਾਣੀ ਦੀ ਤਰ੍ਹਾਂ ਸੀਤਲ ਅਤੇ ਪਵਿੱਤਰ ਹੈ ਤਾਂ ਉਹ ਪਿਆਰ ਤੁਹਾਡੇ ਆਪਣੇ ਮਾਪੇ ਹਨ। ਮਾਪਿਆਂ ਵਰਗਾ ਸੱਚਾ ਪਿਆਰ ਤੁਹਾਨੂੰ ਕੋਈ ਨਹੀਂ ਕਰ ਸਕਦਾ। ਉਹ ਲਾਲਚ ਤੋਂ ਪਰੇ ਹਨ ਪਰ ਜੇਕਰ ਅਸੀਂ ਸਮਝੀਏ ਤਾਂ...।
ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕੀ ਅੱਜ ਦੀ ਨੌਜਵਾਨ ਪੀੜ੍ਹੀ ਨੇ ਇਸ ਇਸ਼ਕ ਦੇ ਪਿਆਰ ਦੇ ਅਰਥ ਹੀ ਬਦਲਕੇ ਰੱਖ ਦਿੱਤੇ। ਦੂਜਾ ਇਹ ਸਾਡੇ ਸਮਾਜ ਲਈ ਘਾਤਕ ਸਿੱਧ ਹੋ ਰਿਹਾ ਹੈ। ਇਸ ਦਾ ਅਸਲ ਰੂਪ ਹੈ ਲਵ ਮੈਰਿਜ ਕਰਵਾਉਣ ਦਾ ਨੌਜ਼ਵਾਨੀ ਪੀੜ੍ਹੀ ’ਚ ਪਾਗਲਪਣ। ਜੇਕਰ ਮੈਂ ਆਪਣੇ ਨਜ਼ਰੀਏ ਤੋਂ ਵੇਖਾਂ ਤਾਂ ਲਵ ਮੈਰਿਜ ਦਾ ਭੂਤ ਥੋੜੇ ਸਮੇਂ ਲਈ ਹੀ ਹੁੰਦਾ ਹੈ। ਉਸ ਤੋਂ ਬਾਅਦ ਕਲੇਸ਼ ਅਤੇ ਪਿੱਛੋਂ ਸਮਾਂ ਪਾ ਕੇ ਤਲਾਕ।
ਐਨਾ ਕੁੱਝ ਕਰਨ ਤੋਂ ਬਾਅਦ ਅਸੀਂ ਖੱਟਿਆ ਕਿ ਅਤੇ ਖੋਇਆ ਕਿ? ਇਹ ਤੁਸੀਂ ਆਪ ਹੀ ਅੰਦਾਜ਼ੇ ਲਗਾ ਸਕਦੇ ਹੋ। ਇਸ ਦੌਰਾਨ ਜੇਕਰ ਗੱਲ ਖੱਟਣ ਦੀ ਕਰੀਏ ਤਾਂ ਇਹ ਕੋਈ ਵਪਾਰ ਨਹੀਂ ਹੁੰਦਾ ਅਤੇ ਖੋਹਣ ਦੀ ਗੱਲ ਕਰੀਏ ਤਾਂ ਆਪਣੇ ਮਾਪੇ, ਭਰਾ, ਭੈਣ, ਮਾਮੇ, ਮਾਸੀਆ, ਚਾਚੇ-ਤਾਏ ਆਦਿ ਰਿਸ਼ਤੇ ਗਵਾ ਦਿੰਦੇ ਹਾਂ। ਉਨ੍ਹਾਂ ਦਾ ਅਤੇ ਸਮਾਜਿਕ ਲੋਕਾਂ ਦਾ ਵਿਸ਼ਵਾਸ ਗਵਾ ਦਿੰਦੇ ਹਾਂ। ਅਸੀਂ ਜ਼ਿੰਦਗੀ ਵਿੱਚ ਬਹੁਤ ਕੁੱਝ ਕਮਾ ਸਕਦੇ ਹਾਂ ਪਰ ਵਿਸ਼ਵਾਸ ਕਮਾਉਣਾ ਬਹੁਤ ਮੁਸ਼ਕਲ ਹੈ। ਇਸ ਨੂੰ ਗਵਾਉਣ ਲਈ ਇੱਕ ਭੁੱਲ ਅਤੇ ਇੱਕ ਗ਼ਲਤੀ ਹੀ ਕਾਫ਼ੀ ਹੁੰਦੀ ਹੈ।
ਗ਼ਲਤੀਆਂ ਸਾਡੀਆਂ ਸਰਕਾਰਾਂ ਦੀਆਂ ਵੀ ਹਨ, ਜਿਨ੍ਹਾਂ ਨੇ ਲਵ ਮੈਰਿਜ ਵਾਲਿਆਂ ਲਈ ਕਾਨੂੰਨ ਬਣਾ ਦਿੱਤੇ। ਉਨ੍ਹਾਂ ਦੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਹੋਏ ਨੇ, ਹੋਣੇ ਵੀ ਚਾਹੀਦੇ ਹਨ, ਕਿਉਂਕਿ ਇਨਸਾਨ ਤੇ ਇਨਸਾਨੀਅਤ ਦੀ ਰੱਖਿਆ ਕਰਨਾ ਸਾਡਾ ਸਭ ਤੋਂ ਪਹਿਲਾਂ ਫ਼ਰਜ਼ ਹੈ। ਲਵ ਮੈਰਿਜ ਕਰਨ ਵਾਲਿਆਂ ਲਈ ਬਣਾਏ ਕਾਨੂੰਨ ’ਤੇ ਗੱਲ ਇਹ ਵਿਚਾਰਨ ਯੋਗ ਬਣਦੀ ਹੈ ਕਿ ਮਾਪਿਆਂ ਦੀ ਜੋ ਇੱਜਤ ਨਿਲਾਮ ਹੋਈ ਜਾਂ ਨਿਲਾਮ ਕੀਤੀ ਗਈ, ਉਸ ਲਈ ਕੋਈ ਕਾਨੂੰਨ ਨਹੀਂ ਸਰਕਾਰਾਂ ਕੋਲ ਜਾਂ ਸਾਡੀਆਂ ਉੱਚ ਅਦਾਲਤਾਂ ਕੋਲ। ਇੱਕ ਪਾਸੇ ਅਸੀਂ ਲਵ ਮੈਰਿਜ ਕਰਨ ਵਾਲਿਆਂ ਦਾ ਜੀਵਣ ਸੁਰੱਖਿਆ ਕਰ ਰਹੇ ਹਾਂ ਉਥੇ ਹੀ ਅਸੀਂ ਕਾਨੂੰਨ ਦੀ ਆੜ ’ਚ ਆਪਣੇ ਮਾਪਿਆਂ ਨੂੰ ਅੰਦਰੋਂ ਅੰਦਰੀ ਮਾਰ ਰਹੇ ਹਾਂ। ਅਸੀਂ ਉਨ੍ਹਾਂ ਦੇ ਚਾਵਾਂ ਅਤੇ ਰੀਝਾਂ ਦਾ ਕਤਲ ਨਹੀਂ ਕੀਤਾ ਜਾਂ ਅਸੀਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਮਾਰਕੇ ਨਹੀਂ ਆਏ।
ਬਹੁਤ ਸਾਰੇ ਲਵ ਮੈਰਿਜ ਵਾਲੇ ਰਿਸ਼ਤੇ ਟੁੱਟਦੇ ਹਨ ਜਾਂ ਤਲਾਕ ਹੁੰਦੇ ਹਨ, ਜਿਨ੍ਹਾਂ ਲਈ ਕਿਉਂ ਕੋਈ ਕਾਨੂੰਨ ਨਹੀਂ ਬਣਿਆ। ਜੇਕਰ ਲਵ ਮੈਰਿਜ ਕਰਵਾਕੇ ਵੀ ਕੋਈ ਤਲਾਕ ਲੈਂਦਾ ਹੈ ਤਾਂ ਸਜ਼ਾ ਉਨ੍ਹਾਂ ਲਈ ਹੋਣੀ ਚਾਹੀਦੀ ਹੈ, ਜੋ ਆਪਣੀ ਖੁਸ਼ੀ ਲਈ ਰੱਬ ਵਰਗੇ ਮਾਪਿਆਂ ਨੂੰ ਛੱਡ ਕੇ ਆਏ। ਫਿਰ ਥੋੜ੍ਹੇ ਸਮੇਂ ਪਿੱਛੋਂ ਇੱਕ ਦੂਜੇ ਨੂੰ ਛੱਡਣ ’ਤੇ ਵੀ ਉਨ੍ਹਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ, ਤਾਂ ਜੋ ਸਮਾਜ ਤੇ ਸਮਾਜਿਕ ਲੋਕਾਂ ਲਈ ਵਧੀਆਂ ਸੁਨੇਹਾ ਦਿੱਤਾ ਜਾਵੇ।
ਮੈਂ ਛੋਟੇ-ਵੱਡੇ ਸਾਰੇ ਨੌਜਵਾਨਾਂ ਨੂੰ ਇਹੋ ਕਹਾਂਗਾ ਕਿ ਵਿਆਹ ਦਾ ਦੂਜਾ ਰੂਪ ਹੀ ਹੈ ਲਵ ਮੈਰਿਜ। ਇਹ ਇੱਕ ਮਾਪੇ ਜੋੜਦੇ ਹਨ ਅਤੇ ਇੱਕ ਅਸੀਂ ਖ਼ੁਦ ਜੋੜਦੇ ਹਾਂ। ਗੱਲ ਇਹ ਵੀ ਨਹੀਂ ਕਿ ਸਹਿਮਤੀ ਨਾਲ ਜਾਂ ਰਜ਼ਾਮੰਦੀ ਵਾਲੇ ਰਿਸ਼ਤੇ ਸਿਰੇ ਚੜ੍ਹਦੇ ਹਨ, ਝੂਠ ਹੈ, ਉਹ ਵੀ ਬਹੁਤ ਟੁੱਟਦੇ ਹਨ। ਰਿਸ਼ਤੇ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਹੈ ਸਾਡੀ ਸਮਝਦਾਰੀ, ਇੱਕ ਦੂਜੇ ਪ੍ਰਤੀ ਵਫ਼ਾਦਾਰੀ ਅਤੇ ਜ਼ਿੰਮੇਵਾਰੀ। ਇੱਕ ਸਭ ਤੋਂ ਅਹਿਮ ਅਤੇ ਜ਼ਰੂਰੀ ਗੱਲ, ਜੋ ਦੋਹਾਂ ਵਿੱਚ ਨਹੀਂ ਹੁੰਦੀ, ਉਹ ਹੈ ਸਮਝ। ਭਾਵ ਅਸੀਂ ਇੱਕ ਦੂਜੇ ਨੂੰ ਬਿਨਾਂ ਸਮਝੇ ਇੱਕ ਹੋਏ ਅਤੇ ਬਿਨਾਂ ਸਮਝੇ ਹੀ ਵੱਖ ਹੋ ਜਾਂਦੇ ਹਾਂ।
ਸਾਡੀ ਜ਼ਿੰਦਗੀ ’ਚ ਸਭ ਤੋਂ ਅਹਿਮ ਰੋਲ ਰਿਸ਼ਤੇ ਦੀ ਸਮਝ ਅਤੇ ਵਿਸ਼ਵਾਸ ਕਰਨਾ ਹੁੰਦਾ ਹੈ। ਜੇਕਰ ਅਸੀਂ ਇਨ੍ਹਾਂ ਗੱਲਾਂ ’ਤੇ ਅਮਲ ਕਰ ਲੈਂਦੇ ਹਾਂ ਤਾਂ ਸਾਡਾ ਰਿਸ਼ਤਾ ਮਰਦੇ ਦਮ ਤੱਕ ਨਹੀਂ ਟੁੱਟਦਾ। ਆਓ ਅਸੀਂ ਤੁਸੀਂ ਸਾਰੇ ਇਸ ਪਵਿੱਤਰ ਰਿਸ਼ਤੇ ਵਿੱਚ ਬੱਝਣ ਤੋਂ ਪਹਿਲਾਂ ਆਪਣੇ ਆਪ ਨੂੰ ਇੱਕ ਕਾਬਲ ਜਾਂ ਪਰਿਵਾਰਕ ਰਿਸ਼ਤਿਆਂ ਦੀਆਂ ਜ਼ਿੰਮੇਵਾਰੀਆਂ ਚੁੱਕਣ ਦੇ ਯੋਗ ਬਣਾਈਏ। ਭਾਵ ਆਪਣਾ ਭਵਿੱਖ ਸੁਰੱਖਿਅਤ ਬਣਾਈਏ। ਜੇਕਰ ਤੁਸੀਂ ਆਪਣੇ ਭਵਿੱਖ ਲਈ ਸਹੀ ਫ਼ੈਸਲਾ ਨਹੀਂ ਲੈ ਸਕਦੇ ਤਾਂ ਤੁਸੀਂ ਚੰਗੇ ਜੀਵਨ ਸਾਥੀ ਵੀ ਨਹੀਂ ਬਣ ਸਕਦੇ ।
ਲਿਖਤ ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ - 98550 36444
15 ਅਗਸਤ ਦੇ ਮੌਕੇ 'ਤੇ ਵਿਸ਼ੇਸ਼: ' ਉਸ ਧਾਹ ਗਲਵੱਕੜੀ ਪਾਈ '
NEXT STORY