ਮੋਗਾ (ਆਜ਼ਾਦ) : ਜ਼ਿਲ੍ਹਾ ਜਲੰਧਰ ਦੇ ਪਿੰਡ ਫਤਿਹਪੁਰ ਭੰਗਵਾਂ ਨਿਵਾਸੀ ਜਸਵਿੰਦਰ ਕੌਰ ਨੇ ਕੋਟ ਈਸੇ ਖਾਂ ਨਿਵਾਸੀ ਇਕ ਵਿਅਕਤੀ ’ਤੇ ਉਸ ਦੇ ਪਤੀ ਨੂੰ ਅਗਵਾ ਕਰ ਕੇ ਲਿਜਾਣ ਦਾ ਦੋਸ਼ ਲਾਇਆ ਹੈ। ਇਸ ਸਬੰਧ ਵਿਚ ਕੋਟ ਈਸੇ ਖਾਂ ਪੁਲਸ ਵੱਲੋਂ ਕਥਿਤ ਮੁਲਜ਼ਮ ਬਲਦੇਵ ਸਿੰਘ ਨਿਵਾਸੀ ਕੋਟ ਈਸੇ ਖਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਥਾਣਾ ਲੋਹੀਆਂ ਪੁਲਸ ਨੂੰ ਦਰਜ ਕਰਵਾਈ ਜ਼ੀਰੋ ਐੱਫ਼. ਆਈ. ਆਰ. ਵਿਚ ਕਿਹਾ ਕਿ ਉਸ ਦਾ ਪਤੀ ਅਮਰ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਬੀਮਾਰ ਰਹਿਣ ਕਾਰਣ ਉਹ ਆਪਣਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੋਂ ਕਰਵਾ ਰਿਹਾ ਸੀ।
ਬੀਤੀ 27 ਜਨਵਰੀ ਨੂੰ ਉਹ ਆਪਣੇ ਮੋਟਰਸਾਈਕਲ ਪਲੈਟੀਨਾ ’ਤੇ ਸਵਾਰ ਹੋ ਕੇ ਸਾਡੇ ਪਿੰਡ ਦੇ ਪੱਤਣ ਤੋਂ ਬੇੜੀ ਰਾਹੀਂ ਮੋਟਰਸਾਈਕਲ ਸਮੇਤ ਦਰਿਆ ਪਾਰ ਕਰ ਕੇ ਕੋਟ ਈਸੇ ਖਾਂ ਦੇ ਆੜ੍ਹਤੀ ਪਰਗਟ ਸਿੰਘ ਨੂੰ ਮਿਲਿਆ, ਜਿੱਥੇ ਇਕ ਮੂੰਹ ਢਕੇ ਹੋਏ ਵਿਅਕਤੀ ਨੇ ਮੇਰੇ ਪਤੀ ਨਾਲ ਬਹੁਤ ਛੋਟੀ ਗੱਲ ਕੀਤੀ ਅਤੇ ਮੇਰੇ ਪਤੀ ਨੂੰ ਸਾਡੇ ਹੀ ਮੋਟਰ ਸਾਈਕਲ ਪਿੱਛੇ ਬਿਠਾ ਕੇ ਲੈ ਗਿਆ, ਜਿਸ ਬਾਰੇ ਸਾਨੂੰ ਆੜ੍ਹਤੀ ਪਰਗਟ ਸਿੰਘ ਨੇ ਦੱਸਿਆ। ਇਸ ਤੋਂ ਬਾਅਦ ਮੇਰੇ ਪਤੀ ਦੇ ਫੋਨ ਦੀ ਲੋਕੇਸ਼ਨ ਘੱਲ ਖੁਰਦ ਖੇਤਰ ਵਿਚ ਆਉਂਦੀ ਹੈ ਪਰ ਸਾਡੇ ਪਰਿਵਾਰ ਵੱਲੋਂ ਕੋਟ ਈਸੇ ਖਾਂ ਤੋਂ ਫਰੀਦਕੋਟ ਜਾਂਦੇ ਸਾਰੇ ਰਸਤਿਆਂ ’ਤੇ ਉਸ ਦੀ ਭਾਲ ਕੀਤੀ ਗਈ, ਪਰ ਮੇਰੇ ਪਤੀ ਦਾ ਕੋਈ ਸੁਰਾਗ ਨਾ ਮਿਲਿਆ। ਮੈਂਨੂੰ ਪੂਰਾ ਯਕੀਨ ਹੈ ਕਿ ਮੇਰੇ ਪਤੀ ਨੂੰ ਬਲਦੇਵ ਸਿੰਘ ਨੇ ਅਗਵਾ ਕੀਤਾ ਹੈ, ਜਿਸ ’ਤੇ ਥਾਣਾ ਕੋਟ ਈਸੇ ਖਾਂ ਵਿਚ ਮਾਮਲਾ ਦਰਜ ਕਰਨ ਦੇ ਬਾਅਦ ਕਥਿਤ ਮੁਲਜ਼ਮ ਦੀ ਤਲਾਸ਼ ਸ਼ੁਰੂ ਕੀਤੀ ਗਈ। ਪੁਲਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੈਜ਼ ਨੂੰ ਵੀ ਖੰਗਾਲ ਰਹੀ ਹੈ, ਪਰ ਅਜੇ ਤੱਕ ਕੋਈ ਸੁਰਾਗ ਨਾ ਮਿਲ ਸਕਿਆ, ਜਾਂਚ ਜਾਰੀ ਹੈ।
ਮੋਗਾ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 3 ਸਮੱਗਲਰਾਂ ਨੂੰ ਕਰੋੜਾਂ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ
NEXT STORY