ਨਵੀਂ ਦਿੱਲੀ-ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਨੋਟਬੰਦੀ ਦੇ 2 ਸਾਲ ਪੂਰੇ ਹੋਣ ’ਤੇ ਵੀਰਵਾਰ ਨਰਿੰਦਰ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ’ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਅਰਥਵਿਵਸਥਾ ਦੀ ਤਬਾਹੀ ਵਾਲੇ ਇਸ ਕਦਮ ਦਾ ਅਸਰ ਹੁਣ ਸਪੱਸ਼ਟ ਹੋ ਚੁੱਕਾ ਹੈ ਅਤੇ ਦੇਸ਼ ਦਾ ਹਰ ਵਿਅਕਤੀ ਇਸ ਕਾਰਨ ਪ੍ਰਭਾਵਿਤ ਹੋਇਆ।ਉਨ੍ਹਾਂ ਇਕ ਬਿਆਨ ’ਚ ਕਿਹਾ ਕਿ ਮੋਦੀ ਸਰਕਾਰ ਨੂੰ ਹੁਣ ਅਜਿਹਾ ਕੋਈ ਕਦਮ ਨਹੀਂ ਚੁੱਕਣਾ ਚਾਹੀਦਾ ਜਿਸ ਕਾਰਨ ਅਰਥਵਿਵਸਥਾ ਦੇ ਸੰਦਰਭ ਵਿਚ ਗੈਰ-ਯਕੀਨੀ ਵਾਲੀ ਹਾਲਤ ਪੈਦਾ ਹੋਵੇ। ਮੋਦੀ ਸਰਕਾਰ ਨੇ 2 ਸਾਲ ਪਹਿਲਾਂ ਨੁਕਸ ਭਰਪੂਰ ਢੰਗ ਨਾਲ ਨੋਟਬੰਦੀ ਕੀਤੀ। 2 ਸਾਲ ਬਾਅਦ ਵੀ ਭਾਰਤ ਦੀ ਅਰਥਵਿਵਸਥਾ ਅਜੇ ਤਕ ਲੀਹ ’ਤੇ ਨਹੀਂ ਆ ਸਕੀ। ਛੋਟੇ, ਦਰਮਿਆਨੇ ਅਤੇ ਹੋਰ ਕਾਰੋਬਾਰਾਂ ’ਤੇ ਇਸ ਦਾ ਪਿਆ ਅਸਰ ਅਜੇ ਵੀ ਖਤਮ ਨਹੀਂ ਹੋਇਆ। ਨੋਟਬੰਦੀ ਦਾ ਮੋਦੀ ਸਰਕਾਰ ਦਾ ਫੈਸਲਾ ਮਨਹੂਸ ਸੀ।
ਨੋਟਬੰਦੀ ਦਾ ਕਾਰਨ ਅਜੇ ਵੀ ਇਕ ਭੇਤ: ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੇ ਬਿਆਨ ’ਚ ਕਿਹਾ ਕਿ 2 ਸਾਲ ਪਹਿਲਾਂ ਕੀਤੀ ਗਈ ਨੋਟਬੰਦੀ ਦਾ ਕਾਰਨ ਅਜੇ ਵੀ ਇਕ ਭੇਤ ਹੈ। ਉਨ੍ਹਾਂ ਨੋਟਬੰਦੀ ਨੂੰ ਦੇਸ਼ ਦੀ ਅਰਥਵਿਵਸਥਾ ਲਈ ਡੂੰਘਾ ਧੱਕਾ ਕਰਾਰ ਦਿੱਤਾ। ਨੋਟਬੰਦੀ ਕਰ ਕੇ ਦੇਸ਼ ਨੂੰ ਇਕ ਨਵੀਂ ਮੁਸ਼ਕਲ ’ਚ ਧੱਕ ਦਿੱਤਾ ਗਿਆ।
ਜੇਤਲੀ ਦਾ ਇਰਾਦਾ ਕੁਝ ਹੋਰ ਸੀ: ਚਿਦਾਂਬਰਮ-
ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਨੋਟਬੰਦੀ ਦੇ 2 ਸਾਲ ਪੂਰੇ ਹੋਣ ’ਤੇ ਕਿਹਾ ਕਿ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਯਾਦ ਕਰਵਾਇਆ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੋਟਬੰਦੀ ਬਾਰੇ ਪਹਿਲਾਂ ਕੀ ਕਿਹਾ ਸੀ ਅਤੇ ਅਟਾਰਨੀ ਜਨਰਲ ਨੇ ਇਸ ਸਬੰਧੀ ਸੁਪਰੀਮ ਕੋਰਟ ’ਚ ਕਿਹੜੀ ਗੱਲ ਕਹੀ ਸੀ। ਇਕ ਟਵੀਟ ਰਾਹੀਂ ਚਿਦਾਂਬਰਮ ਨੇ ਕਿਹਾ ਕਿ ਜੇਤਲੀ ਕਹਿੰਦੇ ਹਨ ਕਿ ਨੋਟਬੰਦੀ ਦਾ ਮਕਸਦ ਕਰੰਸੀ ਨੂੰ ਜ਼ਬਤ ਕਰਨਾ ਨਹੀਂ ਸੀ। ਕੀ ਕੋਈ ਉਨ੍ਹਾਂ ਨੂੰ ਯਾਦ ਦਿਵਾਏਗਾ ਕਿ ਉਨ੍ਹਾਂ ਮੀਡੀਆ ’ਚ ਕੀ ਕਿਹਾ ਸੀ। ਅਸਲ ’ਚ ਜੇਤਲੀ ਦਾ ਇਰਾਦਾ 3 ਤੋਂ 4 ਲੱਖ ਕਰੋੜ ਰੁਪਏ ਹਾਸਲ ਕਰਨ ਦਾ ਸੀ।
ਜੇਤਲੀ ਨੇ ਨੋਟਬੰਦੀ ਨੂੰ ਸਫਲ ਫੈਸਲਾ ਕਰਾਰ ਦਿੱਤਾ-
ਅਰੁਣ ਜੇਤਲੀ ਨੇ ਵੀਰਵਾਰ ਕਿਹਾ ਕਿ ਨੋਟਬੰਦੀ ਬਾਰੇ ਸਰਕਾਰ ਦਾ ਫੈਸਲਾ ਸਫਲ ਸਿੱਧ ਹੋਇਆ ਹੈ। ਫੈਸਲੇ ਕਾਰਨ 2 ਸਾਲ ’ਚ ਕਾਲੇ ਧਨ ਵਿਚ ਕਮੀ ਆਈ ਹੈ। ਨਾਲ ਹੀ ਆਮਦਨ ਕਰ ਰਿਟਰਨਾਂ ’ਚ ਵਾਧਾ ਹੋਇਆ ਹੈ। ਨਾਲ ਹੀ ਸਰਕਾਰ ਨੂੰ ਗਰੀਬਾਂ ਦੇ ਹਿੱਤਾਂ ’ਚ ਕੰਮ ਕਰਨ ਲਈ ਹੋਰ ਸੋਮੇ ਮਿਲੇ। ਆਮਦਨ ਕਰ ਰਿਟਰਨ ਦਾਖਲ ਕਰਨ ਵਾਲਿਆ ਦੀ ਮਈ 2014 ’ਚ ਗਿਣਤੀ 3.8 ਕਰੋੜ ਸੀ ਜੋ ਹੁਣ ਵਧ ਕੇ 6.86 ਕਰੋੜ ਹੋ ਗਈ ਹੈ। ਇਹ ਅਜੇ ਹੋਰ ਵੀ ਵਧ ਰਹੀ ਹੈ। ਨੋਟਬੰਦੀ ਕਾਰਨ ਅਰਥਵਿਵਸਥਾ ਵਧੇਰੇ ਰਸਮੀ ਹੋਈ। ਲੋਕਾਂ ਦਾ ਜੀਵਨ ਪੱਧਰ ਸੁਧਰ ਗਿਆ।
ਮਮਤਾ ਨੇ ਘੇਰਿਆ ਮੋਦੀ ਸਰਕਾਰ ਨੂੰ-
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ 8 ਨਵੰਬਰ ਦੇ ਦਿਨ ਨੂੰ ‘ਕਾਲਾ ਦਿਵਸ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਕਾਲੇ ਦਿਨ ’ਤੇ ਸਰਕਾਰ ਨੇ ਵੱਡਾ ਘਪਲਾ ਕਰ ਕੇ ਦੇਸ਼ ਦੇ ਲੋਕਾਂ ਨੂੰ ਧੋਖਾ ਦਿੱਤਾ। ਲੱਖਾਂ ਲੋਕਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ। ਜਿਹੜੇ ਲੋਕ ਇਸ ਨੋਟਬੰਦੀ ਲਈ ਜ਼ਿੰਮੇਵਾਰ ਹਨ, ਨੂੰ ਹੁਣ ਲੋਕ ਹੀ ਸਜ਼ਾ ਦੇਣਗੇ।
ਵੱਡੇ ਲੋਕਾਂ ਨੂੰ ਲੁੱਟਣ ਦੀ ਮਿਲੀ ਸਹੂਲਤ: ਯੇਚੁਰੀ-
ਮਾਰਕਸੀ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਨੋਟਬੰਦੀ ਕਾਰਨ ਦੇਸ਼ ਦੀ ਅਰਥ ਵਿਵਸਥਾ ਬਰਬਾਦ ਹੋ ਗਈ। ਵੱਡੇ ਲੋਕਾਂ ਅਤੇ ਪ੍ਰਧਾਨ ਮੰਤਰੀ ਦੇ ਖਾਸ ਦੋਸਤਾਂ ਨੂੰ ਦੇਸ਼ ਅਤੇ ਲੋਕਾਂ ਦੀ ਜਾਇਦਾਦ ਨੂੰ ਲੁੱਟਣ ਦੀ ਸਹੂਲਤ ਮਿਲ ਗਈ। ਮੋਦੀ ਨੇ ਹਰ ਵਿਅਕਤੀ ਦੇ ਖਾਤੇ ’ਚ 15-15 ਲੱਖ ਰੁਪਏ ਪਾਉਣ ਦਾ ਵਾਅਦਾ ਕੀਤਾ ਸੀ ਪਰ ਇੱਥੇ 15 ਲੱਖ ਕਰੋੜ ਦੀ ਲੁੱਟ ਹੋ ਗਈ।
ਲੋਕ ਨਹੀਂ ਭੁੱਲਣਗੇ ਨੋਟਬੰਦੀ ਨੂੰ: ਓਵੈਸੀ-
ਸੰਸਦ ਮੈਂਬਰ ਅਸਦੂਦੀਨ ਓਵੈਸੀ ਨੇ ਆਪਣੇ ਟਵੀਟ ’ਚ ਕਿਹਾ ਕਿ 2019 ’ਚ ਮੋਦੀ ਲੋਕਾਂ ਨੂੰ ਨੋਟਬੰਦੀ ਭੁੱਲਣ ਲਈ ਕਹਿਣਗੇ ਪਰ ਲੋਕ ਨਹੀਂ ਭੁੱਲਣਗੇ। ਮੋਦੀ ਨੇ 2002 ਦੇ ਗੁਜਰਾਤ ਦੰਗਿਆਂ ਨੂੰ ਵੀ ਭੁੱਲਣ ਦੀ ਗੱਲ ਕਹੀ ਸੀ ਪਰ ਉਸ ਨੂੰ ਅੱਜ ਤਕ ਕੋਈ ਵੀ ਨਹੀਂ ਭੁੱਲਿਆ।
ਮੁਹੱਲੇ ਦਾ ਪਿਆਰ ਸੀ, ਥਾਣੇ ’ਚ ਹੋਇਆ ਨਿਕਾਹ
NEXT STORY