ਜਬਲਪੁਰ, (ਭਾਸ਼ਾ)- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੱਧ ਪ੍ਰਦੇਸ਼ ’ਚ ਇਸ ਸਾਲ ਦੇ ਆਖਰ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਪਾਰਟੀ ਦੀ ਪ੍ਰਚਾਰ ਮੁਹਿੰਮ ਦੀ ਸੋਮਵਾਰ ਨੂੰ ਜਬਲਪੁਰ ’ਚ ਇਕ ਰੈਲੀ ਤੋਂ ਸ਼ੁਰੂਆਤ ਕੀਤੀ ਅਤੇ ਸ਼ਿਵਰਾਜ ਸਿੰਘ ਚੌਹਾਨ ਸਰਕਾਰ ’ਤੇ ਭ੍ਰਿਸ਼ਟਾਚਾਰ ’ਚ ਲਿਪਤ ਹੋਣ ਅਤੇ ਨੌਕਰੀਆਂ ਉਪਲਬਧ ਕਰਵਾਉਣ ’ਚ ਅਸਫਲ ਰਹਿਣ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਵਿਆਪਮ, ਰਾਸ਼ਨ ਵੰਡ ’ਚ ਕਥਿਤ ਭ੍ਰਿਸ਼ਟਾਚਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ’ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ 220 ਮਹੀਨਿਆਂ ਦੇ ਸ਼ਾਸਨ ’ਚ 225 ‘ਘੋਟਾਲੇ’ ਹੋਏ ਹਨ। ਕਾਂਗਰਸ ਜਨਰਲ ਸਕੱਤਰ ਨੇ ਕਿਹਾ, ‘ਪਿਛਲੇ 3 ਸਾਲਾਂ ’ਚ ਭਾਜਪਾ ਸਰਕਾਰ ਵੱਲੋਂ ਸੂਬੇ ’ਚ ਸਿਰਫ਼ 21 ਸਰਕਾਰੀ ਨੌਕਰੀਆਂ ਦਿੱਤੀਆਂ ਹਨ, ਜਦੋਂ ਇਹ ਅੰਕੜਾ ਮੇਰੇ ਧਿਆਨ ’ਚ ਲਿਆਂਦਾ ਗਿਆ ਤਾਂ ਮੈਂ ਆਪਣੇ ਦਫ਼ਤਰ ਨੂੰ 3 ਵਾਰ ਇਸ ਦੀ ਜਾਂਚ ਕਰਨ ਲਈ ਕਿਹਾ ਅਤੇ ਪਾਇਆ ਕਿ ਇਹ ਇਕ ਤੱਥ ਹੈ।
ਪ੍ਰਿਯੰਕਾ ਨੇ 28 ਮਈ ਨੂੰ ਉਜੈਨ ਦੇ ਮਹਾਕਾਲ ਲੋਕ ਕਾਰੀਡੋਰ ’ਚ ਤੇਜ਼ ਹਵਾ ਕਾਰਨ 6 ਮੂਰਤੀਆਂ ਨੂੰ ਨੁਕਸਾਨ ਹੋਣ ਸਬੰਧੀ ਘਟਨਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਚੌਹਾਨ ਸਰਕਾਰ ਨੇ ਤਾਂ ਦੇਵੀ-ਦੇਵਤਿਆਂ ਨੂੰ ਵੀ ਨਹੀਂ ਬਖਸ਼ਿਆ। ਮਹਾਕਾਲ ਲੋਕ ਦੇ ਪਹਿਲੇ ਪੜਾਅ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਅਕਤੂਬਰ ’ਚ ਕੀਤਾ ਸੀ। ਪ੍ਰਸਿੱਧ ਮਹਾਕਾਲੇਸ਼ਵਰ ਮੰਦਰ ’ਚ 900 ਮੀਟਰ ਲੰਬਾ ਗਲਿਆਰਾ 856 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ ਅਤੇ ਪਹਿਲੇ ਪੜਾਅ ’ਚ 351 ਕਰੋੜ ਰੁਪਏ ਖਰਚ ਹੋਏ ਹਨ। ਭਾਜਪਾ ਦੇ ‘ਡਬਲ ਇੰਜਣ ਸਰਕਾਰ’ ਦੇ ਦਾਅਵਿਆਂ ’ਤੇ ਚੁਟਕੀ ਲੈਂਦਿਆਂ ਪ੍ਰਿਯੰਕਾ ਨੇ ਕਿਹਾ, ‘ਅਸੀਂ ਕਈ ਡਬਲ ਅਤੇ ਟ੍ਰਿਪਲ ਇੰਜਣ ਵਾਲੀਆਂ ਸਰਕਾਰਾਂ ਦੇਖੀਆਂ ਹਨ ਪਰ ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ ਦੇ ਲੋਕਾਂ ਨੇ ਚੋਣਾਂ ’ਚ ਕਰਾਰਾ ਜਵਾਬ ਦਿੱਤਾ ਹੈ।’
ਲਿਵ ਇਨ ਰਿਲੇਸ਼ਨਸ਼ਿਪ ਨੂੰ ਕਾਨੂੰਨੀ ਤੌਰ 'ਤੇ ਮਾਨਤਾ ਨਹੀਂ, ਇਸ ਲਈ ਜੋੜਾ ਨਹੀਂ ਕਰ ਸਕਦੈ ਤਲਾਕ ਦਾ ਦਾਅਵਾ
NEXT STORY