ਨੈਸ਼ਨਲ ਡੈਸਕ : ਗ੍ਰੇਟਰ ਨੋਇਡਾ ਦੇ ਹਲਦੌਨੀ ਪਿੰਡ ਵਿੱਚ ਇੱਕ 6 ਸਾਲ ਦੀ ਮਾਸੂਮ ਬੱਚੀ ਦੇ ਕਤਲ ਦੀ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇਸ ਦਰਦਨਾਕ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਇਹ ਬੱਚੀ 28 ਅਗਸਤ ਦੀ ਰਾਤ ਨੂੰ ਅਚਾਨਕ ਆਪਣੇ ਘਰ ਤੋਂ ਲਾਪਤਾ ਹੋ ਗਈ ਸੀ। ਬੱਚੀ ਦੇ ਲਾਪਤਾ ਹੋਣ ਦੀ ਲਿਖਤੀ ਸ਼ਿਕਾਇਤ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਥਾਣੇ ਦਿੱਤੀ ਗਈ ਸੀ, ਜਿਸ ਤੋਂ ਬਾਅਦ ਈਕੋਟੈੱਕ-3 ਥਾਣੇ ਵਿੱਚ ਸਬੰਧਤ ਧਾਰਾਵਾਂ ਤਹਿਤ ਤੁਰੰਤ ਮੁਕੱਦਮਾ ਦਰਜ ਕਰ ਲਿਆ ਗਿਆ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੈਂਟਰਲ ਨੋਇਡਾ ਦੇ ਡੀਸੀਪੀ ਸ਼ੈਲੇਂਦਰ ਸਿੰਘ ਦੀ ਅਗਵਾਈ ਹੇਠ ਬੱਚੀ ਦੀ ਭਾਲ ਲਈ ਤੁਰੰਤ ਪੁਲਿਸ ਦੀਆਂ ਪੰਜ ਟੀਮਾਂ ਦਾ ਗਠਨ ਕੀਤਾ ਗਿਆ ਸੀ। ਪੁਲਸ ਨੇ ਆਸ-ਪਾਸ ਦੇ ਇਲਾਕਿਆਂ ਵਿੱਚ ਸੰਘਣੀ ਤਲਾਸ਼ੀ ਮੁਹਿੰਮ ਚਲਾਈ ਅਤੇ ਸੀਸੀਟੀਵੀ ਫੁਟੇਜ ਖੰਗਾਲੇ। ਜਾਂਚ ਦੌਰਾਨ ਪੁਲਸ ਨੂੰ ਇੱਕ ਸੀਸੀਟੀਵੀ ਫੁਟੇਜ ਹੱਥ ਲੱਗੀ, ਜਿਸ ਵਿੱਚ ਇੱਕ ਸ਼ੱਕੀ ਮੁਲਜ਼ਮ ਬੱਚੀ ਨੂੰ ਇੱਕ ਬੋਰੀ ਵਿੱਚ ਪਾ ਕੇ ਲਿਜਾਂਦਾ ਹੋਇਆ ਸਾਫ਼ ਦਿਖਾਈ ਦੇ ਰਿਹਾ ਸੀ। ਇਸ ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ 'ਤੇ ਪੁਲਸ ਨੇ ਮੁਲਜ਼ਮ ਦੀ ਪਛਾਣ ਕੀਤੀ।
ਤਲਾਸ਼ੀ ਮੁਹਿੰਮ ਦੌਰਾਨ ਪੁਲਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਨਜ਼ਦੀਕੀ ਇਲਾਕੇ ਵਿੱਚੋਂ ਬੱਚੀ ਦੀ ਲਾਸ਼ ਬਰਾਮਦ ਕਰ ਲਈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੰਚਨਾਮੇ ਦੀ ਕਾਰਵਾਈ ਪੂਰੀ ਕੀਤੀ ਅਤੇ ਉਸ ਨੂੰ ਪੋਸਟਮਾਰਟਮ ਲਈ ਮੁਰਦਾਘਰ ਭੇਜ ਦਿੱਤਾ ਹੈ। ਪੁਲਸ ਨੇ ਸ਼ੱਕੀ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਕੋਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਸ ਅਨੁਸਾਰ ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਡਾਕਟਰਾਂ ਦੇ ਇੱਕ ਵਿਸ਼ੇਸ਼ ਮੈਡੀਕਲ ਪੈਨਲ ਰਾਹੀਂ ਕਰਵਾਇਆ ਜਾ ਰਿਹਾ ਹੈ ਅਤੇ ਇਸ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਅਤੇ ਸਰੀਰ 'ਤੇ ਲੱਗੀਆਂ ਸੱਟਾਂ ਬਾਰੇ ਸਥਿਤੀ ਸਪਸ਼ਟ ਹੋ ਸਕੇਗੀ। ਘਟਨਾ ਸਥਾਨ ਦਾ ਨਿਰੀਖਣ ਕਰਨ ਲਈ ਐਫ.ਐਸ.ਐਲ. ਅਤੇ ਪੁਲਸ ਦੇ ਸੀਨੀਅਰ ਅਧਿਕਾਰੀਆਂ ਦੀ ਟੀਮ ਨੇ ਦੌਰਾ ਕੀਤਾ ਹੈ ਅਤੇ ਉੱਥੋਂ ਲੋੜੀਂਦੇ ਸਬੂਤ ਇਕੱਠੇ ਕੀਤੇ ਹਨ। ਪੁਲਸ ਕਤਲ ਦੀ ਵਾਰਦਾਤ ਪਿੱਛੇ ਦੇ ਕਾਰਨਾਂ ਨੂੰ ਲੱਭਣ ਵਿੱਚ ਜੁਟੀ ਹੋਈ ਹੈ ਅਤੇ ਜਾਂਚ ਵਿੱਚ ਜਬਰ-ਜਨਾਹ (ਰੇਪ) ਸਮੇਤ ਹਰ ਸੰਭਾਵਿਤ ਪਹਿਲੂ ਨੂੰ ਸ਼ਾਮਲ ਕੀਤਾ ਗਿਆ ਹੈ।
ਭਾਰਤ-ਕੁਵੈਤ ਵਧਾਉਣਗੇ ਦੁਵੱਲਾ ਰੱਖਿਆ ਸਹਿਯੋਗ
NEXT STORY