ਵੈੱਬ ਡੈਸਕ - ਉੱਤਰ ਪ੍ਰਦੇਸ਼ ਦੇ ਆਗਰਾ ’ਚ ਇਕ ਚਾਹ ਵੇਚਣ ਵਾਲੇ ਦੇ ਬੈਂਕ ਖਾਤੇ ’ਚ ਕਰੋੜਾਂ ਰੁਪਏ ਦਾ ਲੈਣ-ਦੇਣ ਦੇਖ ਕੇ ਬੈਂਕ ਮੈਨੇਜਰ ਵੀ ਹੈਰਾਨ ਰਹਿ ਗਿਆ। ਇਸ ਦੌਰਾਨ ਜਦੋਂ ਉਨ੍ਹਾਂ ਨੇ ਖਾਤਾ ਧਾਰਕ ਨਾਲ ਸੰਪਰਕ ਕੀਤਾ ਤਾਂ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਕਿ ਉਹ ਇਸ ਲੈਣ-ਦੇਣ ਤੋਂ ਪੂਰੀ ਤਰ੍ਹਾਂ ਅਣਜਾਣ ਸੀ। ਦੱਸ ਦਈਏ ਕਿ ਮਾਮਲਾ ਸਾਹਮਣੇ ਆਉਂਦੇ ਹੀ ਪੀੜਤ ਦੁਕਾਨਦਾਰ ਨੇ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ।
ਕਮਾਈ ਦਾ ਝਾਂਸਾ ਦੇ ਕੇ ਖੁਲਵਾਇਆ ਬੈਂਕ ਖਾਤਾ
ਟਰਾਂਸ-ਯਮੁਨਾ ਕਲੋਨੀ ਦੇ ਕਾਵਿਆ ਕੁੰਜ ਦੇ ਨਿਵਾਸੀ ਲੋਕੇਸ਼ ਕੁਮਾਰ ਨੇ ਸਾਈਬਰ ਪੁਲਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ। ਉਸ ਦੌਰਾਨ ਉਸ ਕੋਲੋਂ ਪੁੱਛ-ਗਿੱਛ ਕੀਤੀ ਗਈ ਤੇ ਫਿਰ ਉਸ ਨੇ ਦੱਸਿਆ ਕਿ ਪਹਿਲਾਂ ਉਹ ਇਕ ਕੰਪਨੀ ’ਚ ਕੰਮ ਕਰਦਾ ਸੀ ਪਰ ਫਿਰ ਉਸ ਨੇ ਚਾਹ ਦੀ ਦੁਕਾਨ ਖੋਲ੍ਹ ਲਈ। ਇਕ ਸਾਲ ਪਹਿਲਾਂ, ਉਸਦੀ ਮੁਲਾਕਾਤ ਆਵਾਸ ਵਿਕਾਸ ਸੈਕਟਰ-15 ਦੇ ਵਸਨੀਕ ਸੁਰੇਂਦਰ ਪਾਲ ਸਿੰਘ ਨਾਲ ਹੋਈ। ਸੁਰੇਂਦਰ ਨੇ ਉਸ ਨੂੰ ਆਨਲਾਈਨ ਫੂਡ ਡਿਲੀਵਰੀ ਪਲੇਟਫਾਰਮ ਸਵਿਗੀ ਅਤੇ ਜ਼ੋਮੈਟੋ ਨਾਲ ਜੁੜ ਕੇ ਚੰਗੇ ਪੈਸੇ ਕਮਾਉਣ ਦਾ ਵਾਅਦਾ ਕਰਕੇ ਲਾਲਚ ਦਿੱਤਾ।
ਇਸ ਤੋਂ ਬਾਅਦ ਸੁਰੇਂਦਰ ਆਪਣੇ ਦੋਸਤ ਸੈਫ ਅਲੀ ਨਾਲ ਆਇਆ ਅਤੇ ਕਿਹਾ ਕਿ ਆਨਲਾਈਨ ਕੰਮ ਲਈ ਬੈਂਕ ਖਾਤਾ ਖੋਲ੍ਹਣਾ ਜ਼ਰੂਰੀ ਹੈ। ਉਸ ਨੇ ਲੋਕੇਸ਼ ਦੀ ਆਈਡੀ 'ਤੇ ਇਕ ਸਿਮ ਕਾਰਡ ਲਿਆ ਅਤੇ ਕੇਨਰਾ ਬੈਂਕ ’ਚ ਖਾਤਾ ਖੋਲ੍ਹ ਲਿਆ। ਫਿਰ ਉਸ ਨੇ ਪਾਸਬੁੱਕ ਅਤੇ ਸਿਮ ਕਾਰਡ ਆਪਣੇ ਕੋਲ ਰੱਖ ਲਿਆ ਅਤੇ ਕਿਹਾ ਕਿ ਉਸ ਨੂੰ ਭਵਿੱਖ ’ਚ ਇਨ੍ਹਾਂ ਦੀ ਲੋੜ ਪਵੇਗੀ।
ਮੈਨੇਜਰ ਨੇ ਖੋਲ੍ਹੀ ਪੋਲ
ਕੁਝ ਮਹੀਨਿਆਂ ਬਾਅਦ, 3 ਮਾਰਚ ਨੂੰ, ਜਦੋਂ ਬੈਂਕ ਮੈਨੇਜਰ ਨੇ ਲੋਕੇਸ਼ ਨਾਲ ਸੰਪਰਕ ਕੀਤਾ ਤਾਂ ਉਸ ਨੂੰ ਉਸ ਦੇ ਖਾਤੇ ’ਚ ਕਰੋੜਾਂ ਰੁਪਏ ਦੇ ਲੈਣ-ਦੇਣ ਬਾਰੇ ਪਤਾ ਲੱਗਾ। ਇਹ ਸੁਣ ਕੇ ਉਹ ਹੈਰਾਨ ਰਹਿ ਗਿਆ ਅਤੇ ਉਸ ਨੇ ਤੁਰੰਤ ਸਾਈਬਰ ਕ੍ਰਾਈਮ ਪੁਲਸ ਨੂੰ ਸੂਚਿਤ ਕੀਤਾ।
ਜਾਂਚ ’ਚ ਇਕ ਹੋਰ ਮਾਮਲਾ ਆਇਆ ਸਾਹਮਣੇ
ਸਾਈਬਰ ਪੁਲਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਨੇ ਦੱਸਿਆ ਕਿ ਜਾਂਚ ਦੌਰਾਨ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਕਮਲਾ ਨਗਰ ਨਿਵਾਸੀ ਅਭਿਸ਼ੇਕ ਅਗਰਵਾਲ ਦੇ ਨਾਮ 'ਤੇ ਕਰਜ਼ਾ ਲੈਣ ਦੇ ਬਹਾਨੇ ਇਕ ਖਾਤਾ ਵੀ ਖੋਲ੍ਹਿਆ ਗਿਆ ਸੀ ਅਤੇ ਉਸ ’ਚ ਵੀ ਕਰੋੜਾਂ ਦਾ ਲੈਣ-ਦੇਣ ਕੀਤਾ ਗਿਆ ਸੀ। ਪੁਲਸ ਨੇ ਬੈਂਕ ਤੋਂ ਸਾਰੇ ਜ਼ਰੂਰੀ ਦਸਤਾਵੇਜ਼ ਅਤੇ ਲੈਣ-ਦੇਣ ਦੇ ਵੇਰਵੇ ਮੰਗੇ ਹਨ।
ਮਾਣ ਵਾਲੀ ਗੱਲ ! ਪਟਿਆਲਾ ਦੀ ਨੂੰਹ ਹਰਿਆਣਾ 'ਚ ਬਣੀ ਐਡੀਸ਼ਨਲ ਸੈਸ਼ਨ ਜੱਜ
NEXT STORY