ਜੀਂਦ (ਭਾਸ਼ਾ)— ਹਰਿਆਣਾ ਦੇ ਪਾਲਵਾਂ ਪਿੰਡ ਵਿਚ ਵੀਰਵਾਰ ਯਾਨੀ ਕਿ ਅੱਜ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਬੀਬੀਆਂ ਅਤੇ ਕਿਸਾਨਾਂ ਨੇ ਮੱਝ ਅੱਗੇ ਬੀਨ ਵਜਾਈ। ਕਿਸਾਨ ਆਗੂ ਅਤੇ ਖਾਪ ਪੰਚਾਇਤ ਦੇ ਜਨਰਲ ਸਕੱਤਰ ਆਜ਼ਾਦ ਪਾਲਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਨਾਲ 6 ਵਾਰ ਕਿਸਾਨਾਂ ਦੀ ਬੈਠਕ ਹੋ ਚੁੱਕੀ ਹੈ ਪਰ ਕਾਨੂੰਨਾਂ ਨੂੰ ਸਰਕਾਰ ਰੱਦ ਕਰਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਮੱਝ ਸਾਹਮਣੇ ਬੀਨ ਵਜਾ ਕੇ ਰੋਸ ਜ਼ਾਹਰ ਕੀਤਾ ਗਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕੁਝ ਕਿਸਾਨਾਂ ਵਲੋਂ ਮੱਝ ਅੱਗੇ ਬੀਨ ਵਜਾ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਜਤਾਇਆ ਗਿਆ ਸੀ।
ਉਨ੍ਹਾਂ ਨੇ ਕਿਹਾ ਕਿ ਮੱਝ ਵੀ ਬੀਨ ਵਜਾਉਣ ਨਾਲ ਸਿਰ ਹਿਲਾਉਣ ਲੱਗੀ ਪਰ ਸਰਹੱਦਾਂ 'ਤੇ ਬੈਠੇ ਲੱਖਾਂ ਕਿਸਾਨਾਂ ਦੀ ਕੋਈ ਸਾਰ ਨਹੀਂ ਲੈ ਰਿਹਾ ਹੈ। ਪਾਲਵਾਂ ਨੇ ਕਿਹਾ ਕਿ ਅਸੀਂ ਅੰਬਾਨੀ, ਅਡਾਨੀ ਦੇ ਸਾਮਾਨ ਦਾ ਬਾਇਕਾਟ ਕਰਾਂਗੇ। ਖਾਪ ਦੇ ਲੋਕਾਂ ਤੋਂ ਇਲਾਵਾ ਦੇਸ਼ ਭਰ ਦੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਅੰਬਾਨੀ, ਅਡਾਨੀ ਦੇ ਸਾਮਾਨ ਦਾ ਬਾਇਕਾਟ ਕਰਨ। ਉਨ੍ਹਾਂ ਨੇ ਕਿਹਾ ਕਿ 12 ਦਸੰਬਰ ਨੂੰ ਹਾਈਵੇਅਜ਼ ਨੂੰ ਟੋਲ ਫਰੀ ਕਰਾਉਣ, ਭਾਜਪਾ ਨੇਤਾਵਾਂ ਦਾ ਘਿਰਾਓ ਕਰਨ ਸਮੇਤ ਜੋ-ਜੋ ਫ਼ੈਸਲੇ ਦਿੱਲੀ ਸਰਹੱਦ 'ਤੇ ਬੈਠੇ ਕਿਸਾਨ ਆਗੂਆਂ ਨੇ ਲਏ ਹਨ, ਅਸੀਂ ਉਨ੍ਹਾਂ ਸਭ ਦਾ ਪਾਲਣ ਕਰਾਂਗੇ।
ਦੱਸਣਯੋਗ ਹੈ ਕਿ ਦਿੱਲੀ ਦੇ ਸਿੰਘੂ, ਟਿਕਰੀ, ਗਾਜ਼ੀਪੁਰ ਸਰਹੱਦਾਂ 'ਤੇ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਡਟੇ ਹੋਏ ਹਨ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ 'ਤੇ ਅੜੇ ਹੋਏ ਹਨ। ਕਾਨੂੰਨਾਂ ਨੂੰ ਲੈ ਕੇ ਕਿਸਾਨ ਅਤੇ ਕੇਂਦਰ ਵਿਚਾਲੇ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਇਹ ਬੇਸਿੱਟਾ ਰਹੀ। ਜਿਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਅੰਦੋਲਨ ਤੇਜ਼ ਕਰਨ ਦਾ ਫ਼ੈਸਲਾ ਲਿਆ ਹੈ। ਹਾਲਾਂਕਿ ਸਰਕਾਰ ਵਲੋਂ ਕਿਸਾਨਾਂ ਨੂੰ ਲਿਖਤੀ ਪ੍ਰਸਤਾਵ ਵੀ ਭੇਜਿਆ ਗਿਆ ਸੀ ਪਰ ਉਸ ਨੂੰ ਵੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮੰਥਨ ਮਗਰੋਂ ਠੁਕਰਾ ਦਿੱਤਾ।
ਨੋਟ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅਜਿਹਾ ਵਿਰੋਧ ਪ੍ਰਦਰਸ਼ਨ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
JP ਨੱਢਾ ਦੇ ਕਾਫ਼ਲੇ 'ਤੇ ਹਮਲੇ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ ਕੇਂਦਰ : ਅਮਿਤ ਸ਼ਾਹ
NEXT STORY