ਕੋਲਕਾਤਾ— ਚੱਕਰਵਾਤ ਤੂਫਾਨ 'ਅਮਫਾਨ' ਨੇ ਪੱਛਮੀ ਬੰਗਾਲ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਤੇਜ਼ ਹਵਾਵਾਂ ਜੋ ਕਿ 165 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੀਆਂ ਤਾਂ ਲੋਕ ਦਹਿਲ ਗਏ। ਇੰਨਾ ਹੀ ਨਹੀਂ ਕੋਲਕਾਤਾ ਹਵਾਈ ਅੱਡੇ 'ਤੇ ਖੜ੍ਹੇ ਜਹਾਜ਼ ਵੀ ਚੱਕਰਵਾਤ ਤੂਫਾਨ ਅਮਫਾਨ ਨਾਲ ਕੰਬਣ ਲੱਗ ਪਏ। ਦੇਖਦੇ ਹੀ ਦੇਖਦੇ ਪੂਰਾ ਹਵਾਈ ਅੱਡਾ ਪਾਣੀ-ਪਾਣੀ ਹੋ ਗਿਆ। ਬੰਗਾਲ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜਿਹਾ ਤੂਫਾਨ ਕਦੇ ਨਹੀਂ ਦੇਖਿਆ, ਤਾਂ ਉੱਥੇ ਹੀ ਕੁਝ ਵੱਡੇ ਬਜ਼ੁਰਗਾਂ ਦਾ ਕਹਿਣਾ ਹੈ ਕਿ 3 ਦਹਾਕੇ ਪਹਿਲਾਂ ਉਨ੍ਹਾਂ ਨੇ ਅਜਿਹੀ ਹੀ ਤਬਾਹੀ ਦੇਖੀ ਸੀ। ਦੱਸ ਦੇਈਏ ਕਿ ਚੱਕਰਵਾਤ ਅਮਫਾਨ ਓਡੀਸ਼ਾ ਤੋਂ ਹੁੰਦੇ ਹੋਏ ਪੱਛਮੀ ਬੰਗਾਲ ਪੁੱਜਾ ਹੈ।
ਕੋਲਕਾਤਾ ਹਵਾਈ ਅੱਡੇ 'ਤੇ ਖੜ੍ਹੇ ਜਹਾਜ਼ਾਂ ਨੂੰ ਦੇਖ ਕੇ ਇੰਝ ਜਾਪ ਰਿਹਾ ਸੀ ਕਿ ਉਨ੍ਹਾਂ ਨੂੰ ਕਿਸੇ ਨਦੀ 'ਚ ਉਤਾਰ ਦਿਤਾ ਗਿਆ ਹੋਵੇ। ਜਹਾਜ਼ ਦੇ ਪਹੀਏ ਪੂਰੀ ਤਰ੍ਹਾਂ ਪਾਣੀ ਵਿਚ ਡੁੱਬੇ ਹਨ। ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਤੇਜ਼ ਹਵਾਵਾਂ ਨਾਲ ਹਵਾਈ ਅੱਡੇ ਦਾ ਕੁਝ ਹਿੱਸਾ ਵੀ ਪ੍ਰਭਾਵਿਤ ਹੋਇਆ ਹੈ। ਅਮਫਾਨ ਨਾਲ ਕੋਲਕਾਤਾ ਵਿਚ ਕਈ ਥਾਵਾਂ ਡੁੱਬ ਗਈਆਂ।
ਰਨਵੇਅ 'ਤੇ ਨਜ਼ਾਰਾ ਕਿਸੇ ਵਿਸ਼ਾਲ ਨਦੀ ਵਰਗਾ ਨਜ਼ਰ ਆ ਰਿਹਾ ਹੈ। ਲੱਗਭਗ 6 ਘੰਟੇ ਤੱਕ ਬੰਗਾਲ ਵਿਚ ਚੱਕਰਵਾਤ ਦਾ ਤਾਂਡਵ ਚੱਲਿਆ। ਬੰਗਾਲ 'ਚ 12 ਲੋਕਾਂ ਦੀ ਹੁਣ ਤੱਕ ਚੱਕਰਵਾਤ ਨਾਲ ਮੌਤ ਹੋ ਚੁੱਕੀ ਹੈ। ਹਵਾਈ ਅੱਡੇ 'ਚ ਕਾਰਗੋ ਸੇਵਾਵਾਂ ਦੀਆਂ ਜੋ ਉਡਾਣਾਂ ਸ਼ੁਰੂ ਹੋ ਰਹੀਆਂ ਸਨ, ਉਹ ਵੀ ਬੰਦ ਕਰ ਦਿੱਤੀਆਂ ਗਈਆਂ। ਹਵਾਈ ਅੱਡੇ 'ਤੇ ਲੋਕਾਂ ਨੇ ਅਜਿਹਾ ਪਹਿਲੀ ਵਾਰ ਦੇਖਿਆ।
ਅਮਫਾਨ ਤੂਫਾਨ ਦੀ ਰਫਤਾਰ ਅੱਗੇ 40-40 ਟਨ ਦੇ ਜਹਾਜ਼ ਵੀ ਕੰਬ ਰਹੇ ਸਨ। ਪੱਛਮੀ ਬੰਗਾਲ ਦੇ ਕੋਲਕਾਤਾ ਸਮੇਤ ਤੱਟੀ ਇਲਾਕਿਆਂ ਵਿਚ ਚੱਕਰਵਾਤ ਅਮਫਾਨ ਨੇ ਤਬਾਹੀ ਮਚਾਈ।
ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ ਅਤੇ ਸੜਕਾਂ ਪਾਣੀ ਨਾਲ ਭਰ ਗਈਆਂ। ਇਸ ਦੌਰਾਨ ਸਥਾਨਕ ਪੁਲਸ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਕਿਸੇ ਵੀ ਹਾਲ ਵਿਚ ਆਪਣੇ ਘਰਾਂ ਦੇ ਅੰਦਰ ਹੀ ਰਹਿਣ।
ਕਿਤੇ ਉੱਡੀ ਛੱਤ ਤੇ ਕਿਤੇ ਡਿੱਗੇ ਰੁੱਖ, ਅਮਫਾਨ ਤੂਫਾਨ ਦੇ ਭਿਆਨਕ ਮੰਜ਼ਰ ਦੀਆਂ ਤਸਵੀਰਾਂ
NEXT STORY