ਥਾਣੇ : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਸਥਾਨਕ ਬਾਡੀ ਚੋਣਾਂ ਲੜ ਰਹੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਦੇ ਦਫ਼ਤਰ 'ਤੇ ਅੱਧੀ ਰਾਤ ਦੇ ਕਰੀਬ ਅਣਪਛਾਤੇ ਹਮਲਾਵਰਾਂ ਨੇ ਕਥਿਤ ਤੌਰ 'ਤੇ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਦੀ ਘਟਨਾ ਦੌਰਾਨ ਇੱਕ ਸੁਰੱਖਿਆ ਗਾਰਡ ਜ਼ਖਮੀ ਹੋ ਗਿਆ। ਪੁਲਸ ਨੇ ਬੁੱਧਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ।
ਇਹ ਘਟਨਾ ਅੰਬਰਨਾਥ ਇਲਾਕੇ ਵਿੱਚ ਵਾਪਰੀ ਹੈ, ਜੋਂ 20 ਦਸੰਬਰ ਨੂੰ ਹੋਣ ਵਾਲੀਆਂ ਅੰਬਰਨਾਥ ਨਗਰ ਕੌਂਸਲ ਚੋਣਾਂ ਲਈ ਭਾਜਪਾ ਉਮੀਦਵਾਰ ਪਵਨ ਵਾਲੇਕਰ ਦੇ ਦਫ਼ਤਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਪੁਲਸ ਨੇ ਦੱਸਿਆ ਕਿ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੱਲੋਂ ਬੁੱਧਵਾਰ ਸ਼ਾਮ ਨੂੰ ਅੰਬਰਨਾਥ ਵਿੱਚ ਹੋਣ ਵਾਲੀ ਜਨਤਕ ਮੀਟਿੰਗ ਤੋਂ ਪਹਿਲਾਂ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਅੱਧੀ ਰਾਤ ਦੇ ਕਰੀਬ, ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ 'ਤੇ ਆਏ ਅਤੇ ਅੰਬਰਨਾਥ ਦੇ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਸਥਿਤ ਵਾਲੇਕਰ ਦੇ ਦਫਤਰ 'ਤੇ ਕਥਿਤ ਤੌਰ 'ਤੇ ਤਿੰਨ ਤੋਂ ਚਾਰ ਗੋਲੀਆਂ ਚਲਾਈਆਂ।
ਗੋਲੀਆਂ ਦੀ ਆਵਾਜ਼ ਸੁਣ ਕੇ ਦਫ਼ਤਰ ਦੇ ਸੁਰੱਖਿਆ ਕਰਮਚਾਰੀ ਬਾਹਰ ਆ ਗਏ, ਜਿਸ ਤੋਂ ਬਾਅਦ ਹਮਲਾਵਰਾਂ ਨੇ ਕਥਿਤ ਤੌਰ 'ਤੇ ਉਨ੍ਹਾਂ 'ਤੇ ਵੀ ਗੋਲੀਆਂ ਚਲਾਈਆਂ। ਅੰਬਰਨਾਥ ਪੁਲਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ, "ਦਫ਼ਤਰ ਵਿੱਚ ਤਾਇਨਾਤ ਇੱਕ ਸੁਰੱਖਿਆ ਗਾਰਡ ਗੋਲੀਬਾਰੀ ਦੌਰਾਨ ਜ਼ਖਮੀ ਹੋ ਗਿਆ ਸੀ ਅਤੇ ਉਸਦਾ ਇਲਾਜ ਚੱਲ ਰਿਹਾ ਹੈ।" ਉਨ੍ਹਾਂ ਕਿਹਾ, "ਸੀਸੀਟੀਵੀ ਫੁਟੇਜ ਅਤੇ ਹੋਰ ਤਕਨੀਕੀ ਜਾਣਕਾਰੀ ਦੇ ਆਧਾਰ 'ਤੇ ਮੁਲਜ਼ਮਾਂ ਨੂੰ ਫੜਨ ਲਈ ਇੱਕ ਟੀਮ ਬਣਾਈ ਗਈ ਹੈ। ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।"
ਘਟਨਾ ਤੋਂ ਤੁਰੰਤ ਬਾਅਦ ਕਈ ਭਾਜਪਾ ਵਰਕਰ ਅੰਬਰਨਾਥ ਪੁਲਸ ਸਟੇਸ਼ਨ 'ਤੇ ਇਕੱਠੇ ਹੋ ਗਏ, ਜਿਨ੍ਹਾਂ ਵਲੋਂ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਭਾਜਪਾ ਦੇ ਸਾਬਕਾ ਵਿਧਾਇਕ ਨਰਿੰਦਰ ਪਵਾਰ ਨੇ ਦੋਸ਼ ਲਗਾਇਆ ਕਿ ਸ਼ੱਕੀਆਂ ਬਾਰੇ ਪੁਲਸ ਨੂੰ ਸੂਚਿਤ ਕਰਨ ਦੇ ਬਾਵਜੂਦ ਢੁਕਵੀਂ ਕਾਰਵਾਈ ਵਿੱਚ ਦੇਰੀ ਹੋਈ। ਭਾਜਪਾ ਵਰਕਰਾਂ ਨੇ ਇਸ ਮੁੱਦੇ ਨੂੰ ਲੈ ਕੇ ਪੁਲਸ ਸਟੇਸ਼ਨ ਦੇ ਬਾਹਰ ਪ੍ਰਦਰਸ਼ਨ ਕੀਤਾ।
ਟਰੱਕ ਨਾਲ ਟੱਕਰ ਮਗਰੋਂ ਪਿਕਅੱਪ 'ਚ ਲੱਗੀ ਅੱਗ, ਤਿੰਨ ਲੋਕ ਜਿਊਂਦੇ ਸੜੇ
NEXT STORY