ਨੈਸ਼ਨਲ ਡੈਸਕ- 18ਵੀਆਂ ਲੋਕ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਦਾ ਉੱਤਰ ਪ੍ਰਦੇਸ਼ ’ਚ ਪ੍ਰਦਰਸ਼ਨ ਬੇਹੱਦ ਖਰਾਬ ਰਿਹਾ। ਭਾਰਤੀ ਜਨਤਾ ਪਾਰਟੀ ਪਿਛਲੀਆਂ ਚੋਣਾਂ ’ਚ ਯੂ. ਪੀ. ’ਚ 62 ਸੀਟਾਂ ਜਿੱਤੀ ਸੀ ਪਰ ਇਸ ਵਾਰ ਉਸ ਦੀ ਜਿੱਤ ਦਾ ਅੰਕੜਾ 33 ’ਤੇ ਆ ਕੇ ਰੁਕ ਗਿਆ ਅਤੇ ਉਸ ਨੂੰ 29 ਸੀਟਾਂ ਦਾ ਨੁਕਸਾਨ ਹੋਇਆ। ਸਮਾਜਵਾਦੀ ਪਾਰਟੀ ਨੇ 37 ਸੀਟਾਂ ’ਤੇ ਸ਼ਾਨਦਾਰ ਜਿੱਤ ਦਰਜ ਕੀਤੀ। ਭਾਜਪਾ ਲਈ ਮਾੜੀ ਗੱਲ ਇਹ ਰਹੀ ਕਿ ਉਹ ਫੈਜ਼ਾਬਾਦ ਦੀ ਉਹ ਲੋਕ ਸਭਾ ਸੀਟ ਵੀ ਹਾਰ ਗਈ, ਜਿਸ ਦੇ ਤਹਿਤ ਅਯੁੱਧਿਆ ਦੀ ਵਿਧਾਨ ਸਭਾ ਸੀਟ ਆਉਂਦੀ ਹੈ। ਅਯੁੱਧਿਆ ’ਚ ਭਗਵਾਨ ਰਾਮ ਦਾ ਮੰਦਰ ਬਣਾਉਣ ਤੋਂ ਬਾਅਦ ਭਾਜਪਾ ਨੇ ਇਸ ਨੂੰ ਪੂਰੇ ਦੇਸ਼ ’ਚ ਚੋਣ ਮੁੱਦਾ ਬਣਾਇਆ ਸੀ ਅਤੇ ਮੰਦਰ ਨਿਰਮਾਣ ਤੋਂ ਬਾਅਦ ਪੂਰੇ ਦੇਸ਼ ਤੋਂ ਟ੍ਰੇਨਾਂ ਅਤੇ ਬੱਸਾਂ ਰਾਹੀਂ ਰਾਮ ਭਗਤਾਂ ਨੂੰ ਅਯੁੱਧਿਆ ਲਾ ਕੇ ਭਗਵਾਨ ਰਾਮ ਦੇ ਦਰਸ਼ਨ ਕਰਾਉਣ ਦੀ ਯੋਜਨਾ ਬਣਾਈ ਗਈ ਸੀ ਪਰ ਇੰਨੀ ਤਿਆਰੀ ਦੇ ਬਾਵਜੂਦ ਭਾਜਪਾ ਉੱਤਰ ਪ੍ਰਦੇਸ਼ ’ਚ ਇਸ ਮੁੱਦੇ ਦਾ ਫਾਇਦਾ ਨਹੀਂ ਉਠਾ ਸਕੀ।
ਖਾਸ ਤੌਰ ’ਤੇ ਅਯੁੱਧਿਆ ’ਚ ਹੋਈ ਹਾਰ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਹਾਰ ਲਈ ਕਈ ਕਾਰਨ ਮੰਨੇ ਜਾ ਰਹੇ ਹਨ। ਇਨ੍ਹਾਂ ’ਚੋਂ ਮੰਦਰ ਨਿਰਮਾਣ ਦੌਰਾਨ ਅਯੁੱਧਿਆ ’ਚ ਡੇਗੀਆਂ ਗਈਆਂ ਦੁਕਾਨਾਂ ਦੇ ਮੁਆਵਜ਼ੇ ਦਾ ਮੁੱਦਾ ਵੀ ਚਰਚਾ ’ਚ ਹੈ। ਅਯੁੱਧਿਆ ਦੇ ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਨੇ ਜਦ ਉਨ੍ਹਾਂ ਦੀਆਂ ਦੁਕਾਨਾਂ ਡੇਗੀਆਂ ਤਾਂ ਉਨ੍ਹਾਂ ਨੂੰ ਮੁੜ-ਵਸੇਬੇ ਦਾ ਭਰੋਸਾ ਮਿਲਿਆ ਪਰ ਪ੍ਰਸ਼ਾਸਨ ਨੇ ਮੁੜ-ਵਸੇਬੇ ਲਈ ਕੁਝ ਨਹੀਂ ਕੀਤਾ। ਹਨੂੰਮਾਨ ਗੜ੍ਹੀ ਮੰਦਰ ਕੋਲ ਬਣਾਏ ਗਏ ਇਕ ਸੈਲਫੀ ਪੁਆਇੰਟ ’ਤੇ ਖੜ੍ਹੀ ਰੋਹਣੀ (ਕਾਲਪਨਿਕ ਨਾਂ) ਦੱਸਦੀ ਹੈ ਕਿ ਜਿਸ ਸਥਾਨ ’ਤੇ ਸੈਲਫੀ ਪੁਆਇੰਟ ਬਣਾਇਆ ਗਿਆ ਹੈ, ਉਸ ਸਥਾਨ ’ਤੇ ਉਸ ਦੇ ਪਿਤਾ ਦੀ 30&30 ਫੁੱਟ ਦੀ ਦੁਕਾਨ ਸੀ ਪਰ ਇਸ ਦੁਕਾਨ ਨੂੰ ਡੇਗ ਦਿੱਤਾ ਗਿਆ। ਰੋਹਣੀ ਦੇ ਪਿਤਾ ਸਦਮੇ ’ਚ ਇਹ ਦੁਨੀਆ ਛੱਡ ਗਏ ਅਤੇ ਪਿਤਾ ਦੀ ਮੌਤ ਦੇ ਸਦਮੇ ’ਚੋਂ ਉਸ ਦੀ ਮਾਂ ਅਜੇ ਤੱਕ ਨਹੀਂ ਨਿਕਲ ਸਕੀ ਹੈ। ਉਸ ਦਾ ਪੂਰਾ ਪਰਿਵਾਰ ਉੱਜੜ ਗਿਆ ਹੈ।
ਇਸ ਗੱਲ ਨੂੰ 2 ਸਾਲ ਹੋ ਗਏ ਹਨ। ਕੀ ਸੈਲਫੀ ਪੁਆਇੰਟ ਬਣਾਉਣਾ ਇੰਨਾ ਜ਼ਰੂਰੀ ਸੀ? ਰੋਹਣੀ ਨੇ ਕਿਹਾ ਕਿ ਉਨ੍ਹਾਂ ਨੂੰ ਮੁਆਵਜ਼ੇ ਦੇ ਰੂਪ ’ਚ 1.95 ਲੱਖ ਰੁਪਏ ਮਿਲੇ। ਇਹ ਰਕਮ ਪੂਰੀ ਜ਼ਿੰਦਗੀ ਬਿਤਾਉਣ ਅਤੇ ਮੁੜ-ਵਸੇਬੇ ਲਈ ਕਾਫੀ ਨਹੀਂ। ਪ੍ਰਸ਼ਾਸਨ ਨੇ ਰਾਮ ਮੰਦਰ ਕੋਲ ਸੈਲਫੀ ਪੁਆਇੰਟ ਬਣਾਉਣ ਲਈ ਹੀ 10 ਤੋਂ 15 ਦੁਕਾਨਾਂ ਡੇਗ ਦਿੱਤੀਆਂ ਸਨ। ਇਹ ਸਾਰੇ ਲੋਕ ਪ੍ਰਸ਼ਾਸਨ ਦੇ ਫੈਸਲੇ ਤੋਂ ਨਾਰਾਜ਼ ਸਨ। 2019 ’ਚ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ 2020 ਤੋਂ ਅਯੁੱਧਿਆ ’ਚ ਮੰਦਰ ਨਿਰਮਾਣ ਦੇ ਨਾਲ-ਨਾਲ ਹੋਰ ਨਿਰਮਾਣ ਕਾਰਜ ਸ਼ੁਰੂ ਹੋਏ। ਇਨ੍ਹਾਂ ਨਿਰਮਾਣ ਕਾਰਜਾਂ ਲਈ ਮੰਦਰ ਦੇ ਆਲੇ-ਦੁਆਲੇ ਦੀਆਂ ਦੁਕਾਨਾਂ ਨੂੰ ਡੇਗ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਨਾ-ਮਾਤਰ ਮੁਆਵਜ਼ਾ ਦਿੱਤਾ ਗਿਆ। ਜਿਨ੍ਹਾਂ ਲੋਕਾਂ ਦੀਆਂ ਦੁਕਾਨਾਂ ਮੰਦਰ ਦੇ ਆਲੇ-ਦੁਆਲੇ ਸੌਂਦਰੀਕਰਨ ਲਈ ਡੇਗੀਆਂ ਗਈਆਂ, ਉਨ੍ਹਾਂ ’ਚ ਸੰਤੋਸ਼ ਗੁਪਤਾ (49), ਸੁਰੇਸ਼ ਸਿੰਘ (50), ਗੋਪਾਲੂ (34) ਵੀ ਸ਼ਾਮਲ ਹਨ
ਮੰਦਰ ਦੇ ਨੇੜੇ ਰਾਮਪੱਥ ਬਣਾਉਣ ਲਈ ਸੁਨੀਲ ਕੁਮਾਰ ਨਾਂ ਦੇ ਇਕ ਦੁਕਾਨਦਾਰ ਦੀ ਦੁਕਾਨ ਡੇਗ ਦਿੱਤੀ ਗਈ ਸੀ ਅਤੇ ਉਨ੍ਹਾਂ ਨੂੰ ਇਸ ਦਾ ਬਹੁਤ ਘੱਟ ਮੁਆਵਾਜ਼ਾ ਮਿਲਿਆ। ਸੁਨੀਲ ਕੁਮਾਰ ਨੇ ਕਿਹਾ ਕਿ ਮੰਦਰ ਨੂੰ ਚੋਣ ਮੁੱਦਾ ਬਣਾਉਣ ਅਤੇ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਭਾਜਪਾ ਨੂੰ ਫੈਜ਼ਾਬਾਦ ’ਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਭਗਵਾਨ ਰਾਮ ਵਲੋਂ ਚਿਤਾਵਨੀ ਹੈ ਕਿ ਜੇ ਤੁਸੀਂ ਲੋਕਾਂ ਨਾਲ ਲੁੱਟ ਕਰੋਗੇ ਤਾਂ ਇਸ ਦਾ ਨਤੀਜਾ ਇਹੀ ਹੋਵੇਗਾ। ਸੁਨੀਲ ਕੁਮਾਰ ਦਾ ਪਰਿਵਾਰ ਭਾਜਪਾ ਦਾ ਸਮਰਥਕ ਰਿਹਾ ਹੈ ਪਰ ਇਨ੍ਹਾਂ ਚੋਣਾਂ ’ਚ ਉਨ੍ਹਾਂ ਦੇ ਪਰਿਵਾਰ ਨੇ ਸਮਾਜਵਾਦੀ ਪਾਰਟੀ ਨੂੰ ਵੋਟ ਪਾਈ। ਸਮਾਜਵਾਦੀ ਪਾਰਟੀ ਦੇ ਉਮੀਦਵਾਰ ਅਵਧੇਸ਼ ਪ੍ਰਸਾਦ ਨੇ ਇਸ ਸੀਟ ’ਤੇ 2014 ਅਤੇ 2019 ਦੀ ਚੋਣ ਜਿੱਤਣ ਵਾਲੇ ਭਾਜਪਾ ਦੇ ਉਮੀਦਵਾਰ ਲੱਲੂ ਸਿੰਘ ਨੂੰ ਹਰਾ ਦਿੱਤਾ।
ਸੁਨੀਲ ਕੁਮਾਰ ਦੇ ਵਾਂਗ ਹੀ 40 ਸਾਲਾਂ ਦੇ ਨੰਦਨ ਸ਼ਰਮਾ ਦੀ ਦੁਕਾਨ ਵੀ ਮੰਦਰ ਦੇ ਸੌਂਦਰੀਕਰਨ ਦੇ ਕਾਰਨ ਡੇਗ ਦਿੱਤੀ ਗਈ ਸੀ। ਨੰਦਨ ਸ਼ਰਮਾ ਦੇਵੀ-ਦੇਵਤਿਆਂ ਦੇ ਪ੍ਰਿੰਟ ਵਾਲੇ ਕੱਪੜਿਆਂ ਨੂੰ ਵੇਚਦੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਦੁਕਾਨਾਂ ਡੇਗਣ ਤੋਂ ਬਾਅਦ ਉਨ੍ਹਾਂ ਨੂੰ ਨਵੀਂ ਜਗ੍ਹਾ ’ਤੇ ਮੁੜ-ਵਸੇਬੇ ਦਾ ਭਰੋਸਾ ਦਿੱਤਾ ਸੀ ਪਰ ਨਵੀਆਂ ਦੁਕਾਨਾਂ ਲੈਣ ਲਈ ਉਨ੍ਹਾਂ ਨੂੰ 25 ਲੱਖ ਰੁਪਏ ਦੀ ਰਕਮ ਜਮਾਂ ਕਰਵਾਉਣੀ ਪਵੇਗੀ। ਇਕ ਗਰੀਬ ਵਿਅਕਤੀ 25 ਲੱਖ ਰੁਪਏ ਕਿਥੋਂ ਲਿਆਏਗਾ? ਜੇ ਅਸੀਂ ਕਰਜ਼ਾ ਲੈ ਵੀ ਲਈਏ ਤਾਂ ਇਸ ਦੀ ਅਦਾਇਗੀ ਕਿਵੇਂ ਹੋਵੇਗੀ।
ਪ੍ਰਸ਼ਾਸਨ ਨੇ ਕਿਹਾ ਹੈ ਕਿ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਦੁਕਾਨਾਂ 20 ਸਾਲਾਂ ਬਾਅਦ ਵਾਪਸ ਲੈ ਲਈਆਂ ਜਾਣਗੀਆਂ। ਅਜਿਹੇ ’ਚ ਤਾਂ ਦੁਕਾਨਾਂ ਵੀ ਜਾਣਗੀਆਂ ਅਤੇ ਸਾਨੂੰ ਬੈਂਕ ਦਾ ਕਰਜ਼ਾ ਵੀ ਦੇਣਾ ਪਵੇਗਾ। ਇਹ ਇਨਸਾਫ ਵਾਲੀ ਨੀਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਵਾਂਗ ਹੀ ਕਈ ਲੋਕਾਂ ਨੇ ਭਾਜਪਾ ਨੂੰ ਜਾਂ ਤਾਂ ਵੋਟ ਨਹੀਂ ਪਾਈ ਜਾਂ ਉਨ੍ਹਾਂ ਨੇ ਵੋਟ ਸਮਾਜਵਾਦੀ ਪਾਰਟੀ ਨੂੰ ਪਾਈ, ਜਿਸ ਕਾਰਨ ਭਾਜਪਾ ਨੂੰ ਫੈਜ਼ਾਬਾਦ ’ਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ।
ਸਪਾ ਨੇ ਜਾਤੀ ਸਮੀਕਰਨ ਦੇ ਹਿਸਾਬ ਨਾਲ ਉਤਾਰਿਆ ਉਮੀਦਵਾਰ
ਫੈਜ਼ਾਬਾਦ ਲੋਕ ਸਭਾ ਦੇ ਅਧੀਨ ਦਰਿਆਬਾਦ, ਰੁਦੌਲੀ, ਮਿਲਕੀਪੁਰ, ਬੀਕਾਪੁਰ ਅਤੇ ਅਯੁੱਧਿਆ ਵਿਧਾਨ ਸਭਾ ਦੀਆਂ ਸੀਟਾਂ ਆਉਂਦੀਆਂ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੇ ਇਨ੍ਹਾਂ ’ਚੋਂ 4 ਸੀਟਾਂ ਜਿੱਤੀਆਂ ਸਨ ਜਦਕਿ ਮਿਲਕੀਪੁਰ ਸੀਟ ’ਤੇ ਸਮਾਜਵਾਦੀ ਪਾਰਟੀ ਦਾ ਉਮੀਦਵਾਰ ਜਿੱਤਿਆ ਸੀ। ਇਨ੍ਹਾਂ ਚੋਣਾਂ ’ਚ ਸਪਾ ਉਮੀਦਵਾਰ ਅਵਧੇਸ਼ ਪ੍ਰਸਾਦ ਨੇ ਨਾਅਰਾ ਦਿੱਤਾ ਕਿ ‘ਨਾ ਮਥੁਰਾ ਨਾ ਕਾਸ਼ੀ, ਅਬ ਕੀ ਬਾਰ ਅਵਧੇਸ਼ ਪਾਸੀ’। ਸਪਾ ਦਾ ਇਹ ਨਾਅਰਾ ਕੰਮ ਕਰ ਗਿਆ ਅਤੇ ਭਾਜਪਾ ਆਪਣੇ ਹੀ ਗੜ੍ਹ ਅਯੁੱਧਿਆ ’ਚ ਇਹ ਚੋਣ ਹਾਰ ਗਈ। ਫੈਜ਼ਾਬਾਦ ਦੇ ਕੇ. ਐੱਸ. ਸਾਕੇਤ ਪੀ. ਜੀ. ਕਾਲਜ ਦੇ ਹਿੰਦੀ ਦੇ ਅਧਿਆਪਕ ਅਨਿਲ ਸਿੰਘ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇਕ ਜਨਰਲ ਸੀਟ ’ਤੇ ਇਕ ਦਲਿਤ ਨੇਤਾ ਨੇ ਚੋਣ ਲੜੀ ਅਤੇ ਉਹ 54567 ਵੋਟਾਂ ਦੇ ਫਰਕ ਨਾਲ ਇਹ ਚੋਣ ਜਿੱਤ ਗਿਆ। ਇਸ ਦੇ ਆਪਣੇ ਕਈ ਮਾਇਨੇ ਹਨ ਕਿਉਂਕਿ ਭਾਜਪਾ ਕੇਂਦਰ ’ਚ ਵੀ ਸੱਤਾ ’ਚ ਸੀ ਅਤੇ ਸੂਬੇ ’ਚ ਵੀ ਉਸ ਦੀ ਸਰਕਾਰ ਹੈ।
ਉਨ੍ਹਾਂ ਕਿਹਾ ਕਿ ਇਹ ਨਤੀਜਾ 1993 ਦੇ ਚੋਣ ਨਤੀਜਿਆਂ ਦੇ ਵਾਂਗ ਹੈ। ਉਸ ਸਮੇਂ ਮੁਲਾਇਮ ਸਿੰਘ ਯਾਦਵ ਨੇ ਫਿਰਕੂ ਤਾਕਤਾਂ ਨੂੰ ਸੂਬੇ ਤੋਂ ਬਾਹਰ ਕਰ ਦਿੱਤਾ ਸੀ। ਮੁਲਾਇਮ ਸਿੰਘ ਯਾਦਵ ਨੇ ਭਾਜਪਾ ਨੂੰ ਹਰਾਉਣ ਲਈ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਸ਼ੀ ਰਾਮ ਨਾਲ ਹੱਥ ਮਿਲਾ ਲਿਆ ਸੀ। ਉਸ ਸਮੇਂ ਦੋਵਾਂ ਨੇ ਨਾਅਰਾ ਦਿੱਤਾ ਸੀ,‘ਮਿਲੇ ਮੁਲਾਇਮ ਕਾਂਸ਼ੀਰਾਮ ਹਵਾ ਮੇਂ ਉੜ ਗਏ ਜੈ ਸ਼੍ਰੀਰਾਮ’। ਇਸ ਨਾਅਰੇ ਨੇ ਸਿਆਸੀ ਤੌਰ ’ਤੇ ਭਾਜਪਾ ਨੂੰ ਮਾਤ ਦੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਫੈਜ਼ਾਬਾਦ ’ਚ ਐੱਸ. ਸੀ., ਐੱਸ. ਟੀ., ਓ. ਬੀ. ਸੀ. ਅਤੇ ਮੁਸਲਮਾਨ ਵੋਟਰਾਂ ਦੀ ਗਿਣਤੀ 50 ਫੀਸਦੀ ਤੋਂ ਵੱਧ ਹੈ। ਇਸ ਲਈ ਅਵਧੇਸ਼ ਪ੍ਰਸਾਦ ਇਕ ਸਹੀ ਕੈਂਡੀਡੇਟ ਸਾਬਿਤ ਹੋਏ।
PM ਮੋਦੀ ਨੇ ਨਾਲੰਦਾ ਯੂਨੀਵਰਸਿਟੀ ਦੇ ਨਵੇਂ ਕੰਪਲੈਕਸ ਦਾ ਕੀਤਾ ਉਦਘਾਟਨ, ਜਾਣੋ ਕੀ-ਕੀ ਹੋਣਗੀਆਂ ਸਹੂਲਤਾਂ
NEXT STORY