ਛੱਤੀਸਗੜ੍ਹ (ਭਾਸ਼ਾ)— ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲ੍ਹੇ ’ਚ ਇਕ ਪ੍ਰੋਗਰਾਮ ਦੌਰਾਨ ਭੋਜਨ ਖਾਣ ਮਗਰੋਂ ਲੱਗਭਗ 100 ਲੋਕ ਬੀਮਾਰ ਹੋ ਗਏ। ਬੀਮਾਰਾਂ ਵਿਚ ਜ਼ਿਆਦਾਤਰ ਬੱਚੇ ਹਨ। ਮਹਾਸਮੁੰਦ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਅੰਸ਼ੁਲਾ ਪਿੰਡ ਵਿਚ ਬੁੱਧਵਾਰ ਨੂੰ ਇਕ ਪ੍ਰੋਗਰਾਮ ਦੌਰਾਨ ਭੋਜਨ ਖਾਣ ਮਗਰੋਂ ਕਰੀਬ 100 ਲੋਕ ਬੀਮਾਰ ਹੋ ਗਏ। ਬੀਮਾਰ ਹੋਏ 50 ਬੱਚਿਆਂ ਸਮੇਤ 60 ਲੋਕਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਹੋਰਨਾਂ ਨੂੰ ਮੁੱਢਲੇ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ।
ਮਹਾਸਮੁੰਦ ਜ਼ਿਲ੍ਹੇ ਦੇ ਜ਼ਿਲ੍ਹਾ ਅਧਿਕਾਰੀ ਡੋਮਨ ਸਿੰਘ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਪਿਥੌਰਾ ਵਿਕਾਸ ਡਵੀਜ਼ਨ ਦੇ ਅੰਸ਼ੁਲਾ ਪਿੰਡ ਵਿਚ ਪਿੰਡ ਵਾਸੀਆਂ ਨੇ ਦਿਲੀਪ ਸਾਹੂ ਦੇ ਘਰ ’ਚ ਵਿਅਕਤੀ ਦੀ ਮੌਤ ਤੋਂ ਬਾਅਦ 10ਵੇਂ ਦਿਨ ਦੀ ਰਸਮ ਪ੍ਰੋਗਰਾਮ ਵਿਚ ਭੋਜਨ ਖਾਧਾ ਸੀ। ਜ਼ਿਲ੍ਹੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਦਿਲੀਪ ਸਾਹੂ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਤਾਇਨਾਤ ਹੈ। ਪ੍ਰੋਗਰਾਮ ਵਿਚ ਸਥਾਨਕ ਪਿੰਡ ਵਾਸੀਆਂ ਦੇ ਨਾਲ-ਨਾਲ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੇ ਵੀ ਭੋਜਨ ਖਾਧਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਖਾਣਾ ਖਾਣ ਦੇ ਦੋ-ਤਿੰਨ ਘੰਟੇ ਬਾਅਦ ਬੀਬੀਆਂ ਅਤੇ ਬੱਚਿਆਂ ਸਮੇਤ ਕਰੀਬ 100 ਲੋਕਾਂ ਨੇ ਬੇਚੈਨੀ ਅਤੇ ਉਲਟੀ-ਦਸਤ ਵਰਗੇ ਲੱਛਣਾਂ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨੇੜੇ ਦੇ ਹਸਪਤਾਲਾਂ ਵਿਚ ਲਿਜਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਕਲੈਕਟਰ, ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀਆਂ ਅਤੇ ਸਿਹਤ ਅਧਿਕਾਰੀਆਂ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਹਸਪਤਾਲਾਂ ਦਾ ਦੌਰਾ ਕੀਤਾ। ਨਾਲ ਹੀ ਸਿਹਤ ਟੀਮ ਨੂੰ ਵੀ ਪਿੰਡ ਭੇਜਿਆ ਗਿਆ।
ਭਾਜਪਾ ਦੀ ਨਵੀਂ ਕਾਰਜ ਕਮੇਟੀ ਦਾ ਐਲਾਨ, ਲਿਸਟ ’ਚ ਮੇਨਕਾ ਅਤੇ ਵਰੁਣ ਗਾਂਧੀ ਦਾ ਨਾਂ ਨਹੀਂ
NEXT STORY