ਨਵੀਂ ਦਿੱਲੀ - 20 ਰੁਪਏ ਦੀ ਖਰੀਦ ’ਤੇ 10 ਰੁਪਏ ਕੈਸ਼ਬੈਕ, ਬਿੱਲ ਦੀ ਫੋਟੋ ’ਤੇ ਕੈਸ਼ਬੈਕ, ਸ਼ਾਪਿੰਗ ’ਤੇ ਵੱਡਾ ਕੈਸ਼ਬੈਕ, ਬਾਜ਼ਾਰ ਵਿਚ ਅਜਿਹੇ ਆਫਰਾਂ ਦੀ ਭਰਮਾਰ ਹੈ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੈਸ਼ਬੈਕ ਦੀ ਆੜ ਵਿਚ ਕੰਪਨੀਆਂ ਤੁਹਾਡਾ ਡਾਟਾ ਚੋਰੀ ਕਰ ਰਹੀਆਂ ਹਨ। ਭਾਰਤੀ ਰਿਜ਼ਰਵ ਬੈਂਕ ਦੇ ਅੰਕੜੇ ਵੀ ਦੱਸ ਰਹੇ ਹਨ ਕਿ ਬੀਤੇ ਕੁਝ ਸਮੇਂ ਵਿਚ ਸਾਈਬਰ ਫਰਾਡ ਦੇ ਮਾਮਲੇ ’ਚ ਜ਼ਬਰਦਸਤ ਵਾਧਾ ਹੋਇਆ ਹੈ। ਇਹੀ ਨਹੀਂ ਇਸ ਦੇ ਹੋਰ ਵੀ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਪਿਛਲੇ ਇਕ ਸਾਲ ਵਿਚ ਠੱਗਾਂ ਨੇ ਦੁੱਗਣੀ ਤੋਂ ਵੀ ਜ਼ਿਆਦਾ ਰਕਮ ਦਾ ਚੂਨਾ ਲਾਇਆ ਹੈ। ਕੈਸ਼ਬੈਕ ਦਾ ਫਾਇਦਾ ਚੁੱਕਣ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਮੋਬਾਇਲ ਐਪਲੀਕੇਸ਼ਨ ਦੀ ਵਰਤੋਂ। ਇਸ ਨੂੰ ਮੋਬਾਇਲ ਵਿਚ ਇੰਸਟਾਲ ਕਰਨ ਤੋਂ ਬਾਅਦ ਹੀ ਆਫਰ ਨਾਲ ਜੁੜਿਆ ਜਾ ਸਕਦਾ ਹੈ। ਐਪਲੀਕੇਸ਼ਨ ਇੰਸਟਾਲ ਕਰਨ ਵੇਲੇ ਕਈ ਐਪਸ ਅਜਿਹੇ ਹਨ ਜੋ ਗੈਰ-ਜ਼ਰੂਰੀ ਆਗਿਆ ਲੈ ਕੇ ਮੋਬਾਇਲ ਦੇ ਅੰਦਰ ਨਾ ਸਿਰਫ ਡਾਟਾ ਦੀ ਚੋਰੀ ਕਰਦੇ ਹਨ, ਸਗੋਂ ਜ਼ਰੂਰੀ ਵਿੱਤੀ ਜਾਣਕਾਰੀਆਂ ਰਾਹੀਂ ਫਰਾਡ ਵੀ ਕਰ ਲੈਂਦੇ ਹਨ।
ਇਹ ਮੋਬਾਇਲ ਐਪਸ ਕਾਲ, ਐੱਸ. ਐੱਮ. ਐੱਸ., ਇਕੱਠੇ ਦੂਜੇ ਮੋਬਾਇਲ ਐਪਲੀਕੇਸ਼ਨ ਦਾ ਐਕਸੈੱਸ, ਫੋਟੋ ਗੈਲਰੀ, ਕੈਮਰਾ ਅਤੇ ਜੀ. ਪੀ. ਐੱਸ. ਵਰਗੀ ਇਜਾਜ਼ਤ ਮੰਗਦੇ ਹਨ। ਕਈ ਮਾਮਲਿਆਂ ਵਿਚ ਐਪਸ ਉਹ ਜਾਣਕਾਰੀ ਵੀ ਮੰਗ ਲੈਂਦੇ ਹਨ, ਜਿਸ ਦੀ ਜ਼ਰੂਰਤ ਨਹੀਂ ਹੁੰਦੀ ਹੈ। ਅਜਿਹੇ ਵਿਚ ਜੇਕਰ ਕਿਸੇ ਕੈਸ਼ਬੈਕ ਕੰਪਨੀ ਦੇ ਮੋਬਾਇਲ ਐਪਲੀਕੇਸ਼ਨ ਨੇ ਤੁਹਾਡੇ ਬੈਂਕਿੰਗ ਐਪਲੀਕੇਸ਼ਨ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਤਾਂ ਬਹੁਤ ਨੁਕਸਾਨ ਪਹੁੰਚ ਸਕਦਾ ਹੈ।
ਐਪ ਦੀ ਕਮਾਈ ਦਾ ਜ਼ਰੀਆ
ਮੋਬਾਇਲ ਐਪ ਇਸ਼ਤਿਹਾਰ ਰਾਹੀਂ ਕਮਾਈ ਕਰਦੇ ਹਨ। ਉਸ ਰਕਮ ਵਿਚੋਂ ਗਾਹਕ ਨੂੰ ਕੈਸ਼ਬੈਕ ਦਿੱਤਾ ਜਾਂਦਾ ਹੈ। ਨਾਲ ਹੀ ਇਹ ਐਪ ਆਪਣੇ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜੋੜਨ ਦੀ ਦੌੜ ਵਿਚ ਹੁੰਦੇ ਹਨ। ਇਸ ਸੈਕਟਰ ਨਾਲ ਜੁੜੇ ਜਾਣਕਾਰਾਂ ਦਾ ਮੰਨਣਾ ਹੈ ਕਿ ਇਸ ਬਾਜ਼ਾਰ ਵਿਚ ਜਿਸ ਦੇ ਕੋਲ ਜਿੰਨਾ ਜ਼ਿਆਦਾ ਕਲਾਇੰਟ ਬੇਸ ਹੋਵੇਗਾ, ਉਸ ਦੀ ਓਨੀ ਕੀਮਤ ਹੋਵੇਗੀ। ਮਾਹਿਰਾਂ ਮੁਤਾਬਕ ਕਲਾਇੰਟ ਬੇਸ ਵਧਾਉਣ ਦੀ ਆੜ ਵਿਚ ਲੋਕ ਲੁਭਾਵਣੇ ਆਫਰਸ ਦੀ ਭਰਮਾਰ ਹੁੰਦੀ ਰਹਿੰਦੀ ਹੈ।
ਵੱਡੀਆਂ ਕੰਪਨੀਆਂ ਦੇ ਮਿਲਦੇ-ਜੁਲਦੇ ਐਪਸ ਤੋਂ ਰਹੋ ਸੁਚੇਤ
ਬੈਂਕਾਂ ਅਤੇ ਵਿੱਤੀ ਲੈਣ-ਦੇਣ ਨਾਲ ਜੁੜੀਆਂ ਵੱਡੀਆਂ ਈ-ਕਾਮਰਸ ਕੰਪਨੀਆਂ ਦੇ ਨਾਲ ਕੰਮ ਕਰ ਰਹੀ ਕੰਪਨੀ ‘ਲਿਊਸਿਡੀਅਸ’ ਦੇ ਸਹਿ-ਬਾਨੀ ਰਾਹੁਲ ਤਿਆਗੀ ਦਾ ਕਹਿਣਾ ਹੈ ਕਿ ਕਿਸੇ ਵੱਡੀ ਕੰਪਨੀ ਦੇ ਵਿਸ਼ੇਸ਼ ਐਪਸ ਦੇ ਵਧਦੇ ਕਲਾਇੰਟ ਬੇਸ ਦੇ ਆਧਾਰ ’ਤੇ ਉਸ ਨਾਲ ਮਿਲਦੇ-ਜੁਲਦੇ ਨਾਂ ਦੇ ਵੀ ਐਪ ਬਾਜ਼ਾਰ ’ਚ ਆ ਜਾਂਦੇ ਹਨ, ਜਿਹੜੇ ਥੋੜ੍ਹੇ ਸਮੇਂ ਲਈ ਅਤੇ ਵੱਡੇ ਆਫਰਸ ਦੇ ਕੇ ਲੋਕਾਂ ਦੇ ਨਾਲ ਫਰਾਡ ਨੂੰ ਅੰਜਾਮ ਦੇ ਦਿੰਦੇ ਹਨ ਪਰ ਥੋੜ੍ਹੀ ਸਾਵਧਾਨੀ ਨਾਲ ਤੁਸੀਂ ਧੋਖਾ ਖਾਣ ਤੋਂ ਬਚ ਸਕਦੇ ਹੋ।
ਸਾਵਧਾਨੀ ਹੀ ਸੁਰੱਖਿਆ
- ਮੋਬਾਇਲ ਐਪ ਇੰਸਟਾਲ ਕਰਨ ਤੋਂ ਪਹਿਲਾਂ ਪ੍ਰਾਇਵੇਸੀ ਪਾਲਿਸੀ ਵੇਖੋ।
- ਜ਼ਰੂਰੀ ਥਾਵਾਂ ਤੋਂ ਇਲਾਵਾ ਐਪ ਨੂੰ ਐਕਸੈੱਸ ਦੀ ਆਗਿਆ ਨਾ ਦਿਓ।
- ਮਲਟੀ ਐਪਲੀਕੇਸ਼ਨ ਇਸਤੇਮਾਲ ਦੀ ਆਗਿਆ ਕਦੇ ਵੀ ਨਾ ਦਿਓ।
- ਕੰਪਨੀ ਦਾ ਕਾਰੋਬਾਰ, ਬਰਾਂਡ ਵੇਖ ਕੇ ਮੋਬਾਇਲ ਐਪ ਇੰਸਟਾਲ ਕਰੋ।
- ਵਿੱਤੀ ਇਸਤੇਮਾਲ ਵਾਲੇ ਐਪ ਦੀ ਜਦੋਂ ਜ਼ਰੂਰਤ ਨਾ ਹੋਵੇ, ਲਾਕ ਰੱਖੋ ਜਾਂ ਲਾਗਆਊਟ ਕਰੋ।
- ਮੋਬਾਇਲ ਵਿਚ ਐਪ ਲਾਕ ਨਾ ਹੋਵੇ ਤਾਂ ਚੰਗੀ ਕੰਪਨੀ ਦਾ ਐਂਟੀ ਵਾਇਰਸ ਇਸਤੇਮਾਲ ਕਰੋ।
ਰਿਜ਼ਰਵ ਬੈਂਕ ਦੀ ਤਿੱਖੀ ਨਜ਼ਰ
ਰਿਜ਼ਰਵ ਬੈਂਕ ਨੇ ਅਪ੍ਰੈਲ ਤੋਂ ਅਕਤੂਬਰ 2018 ਦਰਮਿਆਨ ਸਿਸਟੇਮਿਕ ਰਿਸਕ ਸਰਵੇ ਵਿਚ ਵੀ ਸਾਈਬਰ ਅਪਰਾਧਾਂ ’ਤੇ ਚਿੰਤਾ ਪ੍ਰਗਟਾਈ ਅਤੇ ਸਿਸਟਮ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਆਰ. ਬੀ. ਆਈ. ਨੇ ਇਨ੍ਹਾਂ ਕੰਪਨੀਆਂ ਦੇ ਡਾਟਾ ਅਤੇ ਉਨ੍ਹਾਂ ਨੂੰ ਰੱਖਣ ਦੇ ਤਰੀਕਿਆਂ ’ਤੇ ਤਿੱਖੀ ਨਜ਼ਰ ਰੱਖੀ ਹੋਈ ਹੈ। ਮੌਜੂਦਾ ਦਿਸ਼ਾ-ਨਿਰਦੇਸ਼ਾਂ ਮੁਤਾਬਕ ਵਧਦੇ ਡਿਜੀਟਲ ਟਰਾਂਜ਼ੈਕਸ਼ਨ ਨੂੰ ਵੇਖਦਿਆਂ ਹੁਣ ਇਨ੍ਹਾਂ ਪੈਮੇਂਟ ਐਪਲੀਕੇਸ਼ਨਸ ਨੂੰ ਹਰ ਤਿਮਾਹੀ ਰਿਜ਼ਰਵ ਬੈਂਕ ਨੂੰ ਇਹ ਦੱਸਣਾ ਹੁੰਦਾ ਹੈ ਕਿ ਉਨ੍ਹਾਂ ਨੇ ਕਿੰਨੇ ਲੋਕਾਂ ਦਾ ਡਾਟਾ ਇਕੱਠਾ ਕੀਤਾ ਹੈ ਅਤੇ ਉਸ ਨੂੰ ਕਿਸ ਤਰ੍ਹਾਂ ਸੁਰੱਖਿਅਤ ਰੱਖ ਰਹੇ ਹਨ। ਨਾਲ ਹੀ ਉਨ੍ਹਾਂ ਨੂੰ ਰਿਜ਼ਰਵ ਬੈਂਕ ਨੂੰ ਦੱਸਣਾ ਹੁੰਦਾ ਹੈ ਕਿ ਡਾਟਾ ਇੰਨਾ ਸੁਰੱਖਿਅਤ ਰੱਖਿਆ ਗਿਆ ਹੈ ਕਿ ਹੈਕ ਹੋਣ ’ਤੇ ਵੀ ਕੋਈ ਉਸ ਦੀ ਵਰਤੋਂ ਨਹੀਂ ਕਰ ਸਕਦਾ।
ਦਿੱਲੀ 'ਚ ਸੰਘਣੀ ਧੁੰਦ ਕਾਰਨ ਟਰੇਨਾਂ ਲੇਟ, ਯਾਤਰੀ ਪਰੇਸ਼ਾਨ
NEXT STORY