ਜਲੰਧਰ/ਭੋਪਾਲ- ਮੱਧ ਪ੍ਰਦੇਸ਼ ਟਰਾਂਸਪੋਰਟ ਵਿਭਾਗ ਦੇ ਇਕ ਸਾਬਕਾ ਕਾਂਸਟੇਬਲ ਅਤੇ ਉਸ ਨਾਲ ਜੁੜੇ ਕੰਪਲੈਕਸਾਂ ਤੋਂ ਕਈ ਏਜੰਸੀਆਂ ਵੱਲੋਂ ਜ਼ਬਤ ਕੀਤੀ ਗਈ ਕਰੋੜਾਂ ਦੀ ਨਕਦੀ ਅਤੇ ਸੋਨਾ-ਚਾਂਦੀ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਕੀਮਤੀ ਵਸਤਾਂ ’ਚ ਕਰੀਬ 14 ਕਰੋੜ ਰੁਪਏ ਨਕਦ, 40 ਕਰੋੜ ਰੁਪਏ ਤੋਂ ਵੱਧ ਦਾ ਸੋਨਾ, ਕਰੀਬ 2 ਕਰੋੜ ਰੁਪਏ ਦੀ ਚਾਂਦੀ, ਰੀਅਲ ਅਸਟੇਟ ਨਿਵੇਸ਼ ਦੇ ਕਈ ਦਸਤਾਵੇਜ਼ ਅਤੇ ਕਈ ਕ੍ਰੈਡਿਟ ਕਾਰਡ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਕਰੋੜਪਤੀ ਕਾਂਸਟੇਬਲ ਸੌਰਭ ਸ਼ਰਮਾ, ਉਸ ਦੀ ਪਤਨੀ, ਮਾਂ ਅਤੇ ਸਾਥੀਆਂ ਗੌੜ ਅਤੇ ਜੈਸਵਾਲ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤੇ ਗਏ ਹਨ। ਉਸ ਦੇ ਖਿਲਾਫ ਲੁੱਕਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਸ਼ਰਮਾ ਦੇਸ਼ ਛੱਡ ਕੇ ਭੱਜ ਗਿਆ ਹੈ ਅਤੇ ਫਿਲਹਾਲ ਦੁਬਈ ’ਚ ਹੋ ਸਕਦਾ ਹੈ।
ਨਕਦੀ ਦੀ ਬਜਾਏ ਸੋਨੇ ਅਤੇ ਚਾਂਦੀ ’ਚ ਨਿਵੇਸ਼
ਲੋਕਾਯੁਕਤ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਸੌਰਭ ਸ਼ਰਮਾ ਨੇ ਕਥਿਤ ਵੱਧ ਰਿਟਰਨ ਕਾਰਨ ਨਕਦੀ ਦੀ ਬਜਾਏ ਸੋਨੇ ਅਤੇ ਚਾਂਦੀ ਵਿਚ ਨਿਵੇਸ਼ ਕਰਨ ਨੂੰ ਤਰਜੀਹ ਦਿੱਤੀ। ਸ਼ਰਮਾ ਦੀ ਰਿਹਾਇਸ਼ ਅਤੇ ਦਫ਼ਤਰ ਤੋਂ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਤੋਂ ਕਰੋੜਾਂ ਰੁਪਏ ਦੇ ਲੈਣ-ਦੇਣ ਦਾ ਖੁਲਾਸਾ ਹੋਇਆ ਹੈ। ਹਾਲਾਂਕਿ ਸ਼ਰਮਾ ਨੂੰ ਸਮੇਂ ਦੇ ਨਾਲ ਵੱਡੀ ਮਾਤਰਾ ਵਿਚ ਨਕਦੀ ਦੀ ਸੰਭਾਵਿਤ ਗਿਰਾਵਟ ਬਾਰੇ ਚਿੰਤਾ ਹੋ ਸਕਦੀ ਸੀ, ਜਿਸ ਕਾਰਨ ਉਸ ਨੇ ਕੀਮਤੀ ਵਸਤਾਂ ਨੂੰ ਤਰਜੀਹ ਦਿੱਤੀ।
ਝੂਠਾ ਹਲਫਨਾਮਾ ਸੋਸ਼ਲ ਮੀਡੀਆ ’ਤੇ ਵਾਇਰਲ
ਆਪਣੀ ਨਿਯੁਕਤੀ ਨੂੰ ਸੁਰੱਖਿਅਤ ਬਣਾਉਣ ਲਈ ਸ਼ਰਮਾ ਵੱਲੋਂ ਪੇਸ਼ ਕੀਤਾ ਗਿਆ ਕਥਿਤ ਤੌਰ ’ਤੇ ਝੂਠਾ ਹਲਫ਼ਨਾਮਾ ਸੋਸ਼ਲ ਮੀਡੀਆ ’ਤੇ ਸਾਹਮਣੇ ਆਇਆ ਹੈ, ਜਿਸ ਨਾਲ ਹੋਰ ਵਿਵਾਦ ਖੜ੍ਹਾ ਹੋ ਗਿਆ। ਹਲਫਨਾਮੇ ’ਚ ਸ਼ਰਮਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਿਤਾ ਦੇ ਕਿਸੇ ਵੀ ਆਸ਼ਰਿਤ ਪਰਿਵਾਰ ਦੇ ਮੈਂਬਰ ਸਰਕਾਰੀ ਜਾਂ ਅਰਧ-ਸਰਕਾਰੀ ਅਹੁਦਿਆਂ ’ਤੇ ਨਹੀਂ ਹਨ। ਹਾਲਾਂਕਿ ਰਿਕਾਰਡ ਦੱਸਦੇ ਹਨ ਕਿ ਉਨ੍ਹਾਂ ਦਾ ਵੱਡਾ ਭਰਾ ਸਚਿਨ ਸ਼ਰਮਾ ਉਸ ਸਮੇਂ ਛੱਤੀਸਗੜ੍ਹ ’ਚ ਤਾਇਨਾਤ ਸੀ, ਜਿਸ ਦੀ ਚੋਣ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਹੋਈ ਸੀ। ਲੋਕਾਯੁਕਤ ਪੁਲਸ ਨੇ ਕਿਹਾ ਹੈ ਕਿ ਉਹ ਵਾਇਰਲ ਹਲਫ਼ਨਾਮੇ ਦੀ ਜਾਂਚ ਕਰ ਰਹੀ ਹੈ ਅਤੇ ਉਸ ਅਨੁਸਾਰ ਕਾਰਵਾਈ ਕਰ ਸਕਦੀ ਹੈ। ਇਸ ਮਾਮਲੇ ਨੇ ਸਿਆਸੀ ਵਿਵਾਦ ਨੂੰ ਵੀ ਜਨਮ ਦਿੱਤਾ ਹੈ, ਜਿਸ ’ਚ ਵਿਰੋਧੀ ਪਾਰਟੀਆਂ ਨੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ। ਕਾਂਗਰਸ ਦੇ ਰਾਜ ਸਭਾ ਮੈਂਬਰ ਦਿਗਵਿਜੇ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੱਧ ਪ੍ਰਦੇਸ਼ ਟਰਾਂਸਪੋਰਟ ਵਿਭਾਗ ਵਿਚ ਭ੍ਰਿਸ਼ਟਾਚਾਰ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ।
ਛਾਪੇਮਾਰੀ ਦੌਰਾਨ 7.98 ਕਰੋੜ ਰੁਪਏ ਦੀ ਚੱਲ ਜਾਇਦਾਦ ਦਾ ਖੁਲਾਸਾ
ਰਿਪੋਰਟਾਂ ਦੇ ਅਨੁਸਾਰ ਪਹਿਲੀ ਬਰਾਮਦਗੀ ਪਿਛਲੇ ਹਫਤੇ ਲੋਕਾਯੁਕਤ ਦੇ ਛਾਪੇਮਾਰੀ ਦੌਰਾਨ ਹੋਈ ਸੀ, ਜਿੱਥੇ ਭ੍ਰਿਸ਼ਟਾਚਾਰ ਵਿਰੋਧੀ ਅਧਿਕਾਰੀਆਂ ਨੇ ਪਾਇਆ ਸੀ ਕਿ ਕਰੋੜਪਤੀ ਕਾਂਸਟੇਬਲ ਸੌਰਭ ਸ਼ਰਮਾ ਕੋਲ 7.98 ਕਰੋੜ ਰੁਪਏ ਦੀ ਚੱਲ ਜਾਇਦਾਦ ਹੈ, ਜਿਸ ਵਿਚ 2.87 ਕਰੋੜ ਰੁਪਏ ਨਕਦ ਅਤੇ 235 ਕਿਲੋ ਚਾਂਦੀ ਸ਼ਾਮਲ ਹੈ। ਸ਼ਰਮਾ ਨਾਲ ਜੁੜੀਆਂ ਜਾਇਦਾਦਾਂ ਤੋਂ ਕਈ ਰੀਅਲ ਅਸਟੇਟ ਨਿਵੇਸ਼ ਦਸਤਾਵੇਜ਼ ਅਤੇ ਨਕਦੀ ਗਿਣਨ ਵਾਲੀ ਮਸ਼ੀਨ ਵੀ ਜ਼ਬਤ ਕੀਤੀ ਗਈ।
52 ਕਿਲੋਗ੍ਰਾਮ ਸੋਨੇ ਦੀਆਂ ਛੜਾਂ ਅਤੇ 11 ਕਰੋੜ ਰੁਪਏ ਬਰਾਮਦ
ਇਸ ਤੋਂ ਬਾਅਦ ਆਮਦਨ ਕਰ ਵਿਭਾਗ ਨੇ ਇਕ ਹੋਰ ਛਾਪੇਮਾਰੀ ਕੀਤੀ ਸੀ, ਜਿਸ ਵਿਚ ਭੋਪਾਲ ਵਿਚ ਇਕ ਲਾਵਾਰਿਸ ਐੱਸ.ਯੂ.ਵੀ. ’ਚੋਂ 40 ਕਰੋੜ ਰੁਪਏ ਮੁੱਲ ਦੀਆਂ 52 ਕਿਲੋ ਸੋਨੇ ਦੀਆਂ ਛੜਾਂ ਅਤੇ 11 ਕਰੋੜ ਰੁਪਏ ਤੋਂ ਵੱਧ ਨਕਦੀ ਬਰਾਮਦ ਕੀਤੀ ਗਈ ਹੈ। ਇਹ ਗੱਡੀ ਸ਼ਰਮਾ ਦੇ ਕਥਿਤ ਨਜ਼ਦੀਕੀ ਸਾਥੀ ਚੇਤਨ ਸਿੰਘ ਗੌੜ ਦੇ ਨਾਂ ’ਤੇ ਰਜਿਸਟਰਡ ਸੀ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਰਿਕਵਰੀ ਸ਼ਰਮਾ ਨਾਲ ਜੁੜੀ ਹੈ, ਹਾਲਾਂਕਿ ਅਧਿਕਾਰਤ ਤੌਰ ’ਤੇ ਪੁਸ਼ਟੀ ਹੋਣੀ ਅਜੇ ਬਾਕੀ ਹੈ। ਲੋਕਾਯੁਕਤ ਦੀ ਐੱਫ. ਆਈ. ਆਰ. ਤੋਂ ਬਾਅਦ ਈ. ਡੀ. ਨੇ ਸ਼ਰਮਾ ਖਿਲਾਫ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ ਹੈ ਅਤੇ ਭੋਪਾਲ, ਗਵਾਲੀਅਰ ਅਤੇ ਜਬਲਪੁਰ ਵਿਚ ਛਾਪੇਮਾਰੀ ਕੀਤੀ। ਈ. ਡੀ. ਨੇ ਕਥਿਤ ਤੌਰ ’ਤੇ ਵੱਖ-ਵੱਖ ਥਾਵਾਂ ’ਤੇ ਲੈਪਟਾਪ ਅਤੇ ਕੰਪਿਊਟਰਾਂ ਤੋਂ ਵਿੱਤੀ ਦਸਤਾਵੇਜ਼, ਜਾਇਦਾਦ ਅਤੇ ਇਲੈਕਟ੍ਰਾਨਿਕ ਡਾਟਾ ਜ਼ਬਤ ਕੀਤਾ ਹੈ।
ਤਰਸ ਦੇ ਆਧਾਰ ’ਤੇ ਮਿਲੀ ਸੀ ਨੌਕਰੀ
ਸ਼ਰਮਾ ਨੂੰ 2015 ’ਚ ਆਪਣੇ ਪਿਤਾ ਇਕ ਸਰਕਾਰੀ ਡਾਕਟਰ ਦੀ ਮੌਤ ਤੋਂ ਬਾਅਦ ਤਰਸ ਦੇ ਆਧਾਰ ’ਤੇ ਟਰਾਂਸਪੋਰਟ ਵਿਭਾਗ ਵਿਚ ਕਾਂਸਟੇਬਲ ਵਜੋਂ ਨਿਯੁਕਤ ਕੀਤਾ ਗਿਆ ਸੀ। ਉਸ ਨੇ 2023 ਵਿਚ ਸਵੈਇੱਛਾ ਨਾਲ ਸੇਵਾਮੁਕਤੀ ਲੈ ਲਈ ਸੀ। ਅਧਿਕਾਰੀਆਂ ਦਾ ਦੋਸ਼ ਹੈ ਕਿ ਸ਼ਰਮਾ ਨੇ ਆਪਣੀ ਮਾਂ, ਪਤਨੀ, ਭਰਜਾਈ ਅਤੇ ਨਜ਼ਦੀਕੀ ਸਾਥੀਆਂ ਚੇਤਨ ਗੌੜ ਅਤੇ ਸ਼ਰਦ ਜੈਸਵਾਲ ਦੇ ਨਾਂ ’ਤੇ ਇਕ ਸਕੂਲ ਅਤੇ ਹੋਟਲ ਬਣਾਉਣ ਸਮੇਤ ਭ੍ਰਿਸ਼ਟ ਤਰੀਕਿਆਂ ਨਾਲ ਜਾਇਦਾਦ ਹਾਸਲ ਕੀਤੀ।
ਕੜਾਕੇ ਦੀ ਠੰਡ ਨੇ ਠਾਰੇ ਲੋਕ, 2 ਜਨਵਰੀ ਤੱਕ ਸੀਤ ਲਹਿਰ ਚੱਲਣ ਦੀ ਚਿਤਾਵਨੀ
NEXT STORY