ਨਵੀਂ ਦਿੱਲੀ : ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਪੁੱਤਰ ਅਤੇ ਸਾਬਕਾ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨਾਲ 7.8 ਕਰੋੜ ਰੁਪਏ ਦੀ ਇੱਕ ਵੱਡੀ ਸਾਈਬਰ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟਾਂ ਅਨੁਸਾਰ, ਸ਼ਾਤਿਰ ਠੱਗਾਂ ਨੇ ਵਟਸਐਪ ਦੀ ਵਰਤੋਂ ਕਰਕੇ ਇੱਕ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਠੱਗੀ ਦਾ ਇਹ ਖੇਡ ਉਦੋਂ ਸ਼ੁਰੂ ਹੋਇਆ ਜਦੋਂ ਨਰੇਸ਼ ਗੁਜਰਾਲ ਦੀ ਕੰਪਨੀ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਇੱਕ ਅਣਜਾਣ ਨੰਬਰ ਤੋਂ ਵਟਸਐਪ ਮੈਸੇਜ ਆਇਆ। ਉਸ ਨੰਬਰ 'ਤੇ ਨਰੇਸ਼ ਗੁਜਰਾਲ ਦੀ ਪ੍ਰੋਫਾਈਲ ਫੋਟੋ ਲੱਗੀ ਹੋਈ ਸੀ, ਜਿਸ ਕਾਰਨ ਅਧਿਕਾਰੀ ਨੂੰ ਲੱਗਿਆ ਕਿ ਮੈਸੇਜ ਉਸ ਦੇ ਬੌਸ ਵੱਲੋਂ ਹੀ ਭੇਜਿਆ ਗਿਆ ਹੈ। ਠੱਗ ਨੇ ਬਹੁਤ ਹੀ ਭਰੋਸੇਮੰਦ ਤਰੀਕੇ ਨਾਲ ਗੱਲ ਕਰਦਿਆਂ ਅਧਿਕਾਰੀ ਨੂੰ ਤੁਰੰਤ ਇੱਕ ਬੈਂਕ ਖਾਤੇ ਵਿੱਚ ਵੱਡੀ ਰਕਮ ਟ੍ਰਾਂਸਫਰ ਕਰਨ ਲਈ ਕਿਹਾ।
ਸ਼ੁਰੂਆਤ ਵਿੱਚ RTGS ਰਾਹੀਂ ਕਰੀਬ 1.5 ਕਰੋੜ ਰੁਪਏ ਭੇਜਣ ਲਈ ਕਿਹਾ ਗਿਆ ਸੀ। ਅਧਿਕਾਰੀ ਨੇ ਬਿਨਾਂ ਕਿਸੇ ਸ਼ੱਕ ਦੇ ਪੈਸੇ ਟ੍ਰਾਂਸਫਰ ਕਰ ਦਿੱਤੇ, ਜਿਸ ਤੋਂ ਬਾਅਦ ਅਗਲੇ ਚਾਰ ਦਿਨਾਂ ਤੱਕ ਠੱਗ ਲਗਾਤਾਰ ਪੈਸਿਆਂ ਦੀ ਮੰਗ ਕਰਦਾ ਰਿਹਾ। ਇਸ ਤਰ੍ਹਾਂ ਕੁੱਲ 7.8 ਕਰੋੜ ਰੁਪਏ ਠੱਗ ਦੇ ਖਾਤੇ ਵਿੱਚ ਚਲੇ ਗਏ। ਦਿਲਚਸਪ ਗੱਲ ਇਹ ਹੈ ਕਿ ਜਦੋਂ ਬੈਂਕ ਨੇ ਇੰਨੀ ਵੱਡੀ ਟ੍ਰਾਂਜੈਕਸ਼ਨ ਦੇਖ ਕੇ ਕੰਪਨੀ ਦੇ ਸੀ.ਐੱਫ.ਓ. (CFO) ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਨੇ ਵੀ ਇਸ ਨੂੰ ਨਰੇਸ਼ ਗੁਜਰਾਲ ਦੀ ਹਦਾਇਤ ਮੰਨ ਕੇ ਸਹੀ ਠਹਿਰਾ ਦਿੱਤਾ।
ਇਸ ਧੋਖਾਧੜੀ ਦਾ ਪਤਾ 16 ਜੂਨ ਨੂੰ ਲੱਗਿਆ ਜਦੋਂ ਅਧਿਕਾਰੀ ਨੇ ਸ਼ੱਕ ਹੋਣ 'ਤੇ ਨਰੇਸ਼ ਗੁਜਰਾਲ ਦੀ ਬੇਟੀ ਦੀਕਸ਼ਾ ਨਾਲ ਸੰਪਰਕ ਕੀਤਾ। ਦੀਕਸ਼ਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਅਜਿਹਾ ਕੋਈ ਵੀ ਲੈਣ-ਦੇਣ ਕਰਨ ਲਈ ਨਹੀਂ ਕਿਹਾ ਸੀ। ਇਸ ਤੋਂ ਬਾਅਦ ਪਰਿਵਾਰ ਨੇ ਤੁਰੰਤ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।
ਦਿੱਲੀ ਪੁਲਸ ਦੀ ਸਪੈਸ਼ਲ ਟੀਮ IFSO ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਉਸ ਬੈਂਕ ਖਾਤੇ ਨੂੰ ਟ੍ਰੈਕ ਕਰ ਲਿਆ ਹੈ ਜਿੱਥੇ ਪੈਸੇ ਭੇਜੇ ਗਏ ਸਨ। ਰਾਹਤ ਦੀ ਗੱਲ ਇਹ ਹੈ ਕਿ ਠੱਗੀ ਗਈ ਰਕਮ ਵਿੱਚੋਂ ਕਰੀਬ 4 ਕਰੋੜ ਰੁਪਏ ਟ੍ਰੇਸ ਕਰਕੇ ਫ੍ਰੀਜ਼ ਕਰ ਦਿੱਤੇ ਗਏ ਹਨ। ਪੁਲਸ ਵੱਲੋਂ ਬਾਕੀ ਰਕਮ ਦੀ ਬਰਾਮਦਗੀ ਅਤੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ।
ਅਗਲੇ 5 ਦਿਨਾਂ ਤਕ ਪਵੇਗਾ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਹਨ੍ਹੇਰੀ-ਤੂਫ਼ਾਨ ਨਾਲ ਬਿਜਲੀ ਡਿੱਗਣ ਦੀ ਚਿਤਾਵਨੀ ਜਾਰੀ
NEXT STORY