ਦੇਹਰਾਦੂਨ (ਭਾਸ਼ਾ)— ਕਸ਼ਮੀਰ ਘਾਟੀ ’ਚ 8 ਮਹੀਨੇ ਪਹਿਲਾਂ ਭਾਰਤ-ਪਾਕਿਸਤਾਨ ਸਰਹੱਦ ’ਤੇ ਗਸ਼ਤ ਦੌਰਾਨ ਲਾਪਤਾ ਹੋਏ ਫ਼ੌਜ ਦੇ ਹੌਲਦਾਰ ਰਾਜਿੰਦਰ ਸਿੰਘ ਨੇਗੀ ਦੀ ਲਾਸ਼ ਬਰਾਮਦ ਹੋ ਗਈ ਹੈ। ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਨੇਗੀ ਦੇ ਚਚੇਰੇ ਭਰਾ ਦਿਨੇਸ਼ ਨੇਗੀ ਨੇ ਦੱਸਿਆ ਕਿ ਜਵਾਨ ਦੀ ਲਾਸ਼ ਮਿਲਣ ਦੀ ਜਾਣਕਾਰੀ ਉਨ੍ਹਾਂ ਦੀ ਬਟਾਲੀਅਨ ਦੇ ਇਕ ਅਧਿਕਾਰੀ ਨੇ ਉਨ੍ਹਾਂ ਦੀ ਪਤਨੀ ਨੂੰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਮਰਹੂਮ ਜਵਾਨ ਦੀ ਲਾਸ਼ ਉਨ੍ਹਾਂ ਦੇ ਲਾਪਤਾ ਹੋਣ ਦੇ 8 ਮਹੀਨੇ ਬਾਅਦ ਸ਼ਨੀਵਾਰ ਨੂੰ ਕਸ਼ਮੀਰ ਦੇ ਗੁਲਮਰਗ ਦੇ ਜੰਗਲਾਂ ’ਚ ਬਰਾਮਦ ਹੋਈ। ਇਸ ਤੋਂ ਪਹਿਲਾਂ ਇਹ ਹੀ ਮੰਨਿਆ ਜਾ ਰਿਹਾ ਸੀ ਕਿ 11ਵੀਂ ਗਢਵਾਲ ਰਾਈਫ਼ਲਜ਼ ’ਚ ਤਾਇਨਾਤ ਨੇਗੀ 8 ਜਨਵਰੀ ਨੂੰ ਆਏ ਬਰਫ਼ੀਲੇ ਤੂਫਾਨ ਦੌਰਾਨ ਫਿਸਲ ਕੇ ਪਾਕਿਸਤਾਨ ਵੱਲ ਡਿੱਗ ਗਏ। ਫ਼ੌਜ ਨੇ ਨੇਗੀ ਦਾ ਪਤਾ ਲਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਇਸ ’ਚ ਸਫ਼ਲਤਾ ਨਾ ਮਿਲਣ ’ਤੇ ਇਸ ਸਾਲ ਮਈ ਵਿਚ ਉਨ੍ਹਾਂ ਨੂੰ ‘ਸ਼ਹੀਦ’ ਦਾ ਦਰਜਾ ਦਿੰਦੇ ਹੋਏ ਮਿ੍ਰਤਕ ਐਲਾਨ ਕਰ ਦਿੱਤਾ ਗਿਆ।
ਹਾਲਾਂਕਿ ਸ਼ਨੀਵਾਰ ਨੂੰ ਗੁਲਮਰਗ ਖੇਤਰ ਤੋਂ ਇਕ ਲਾਸ਼ ਬਰਾਦਮ ਹੋਈ, ਜਿਸ ਦੀ ਪਛਾਣ ਹੌਲਦਾਰ ਰਾਜਿੰਦਰ ਸਿੰਘ ਨੇਗੀ ਦੇ ਰੂਪ ਵਿਚ ਹੋਈ ਹੈ। ਨੇਗੀ ਮੂਲ ਰੂਪ ਤੋਂ ਚਮੋਲੀ ਜ਼ਿਲ੍ਹੇ ਦੇ ਪਜੀਆਣਾ ਪਿੰਡ ਦੇ ਰਹਿਣ ਵਾਲੇ ਸਨ। ਪਰਿਵਾਰ ਵਾਲਿਆਂ ਮੁਤਾਬਕ ਮਰਹੂਮ ਨੇਗੀ ਦੀ ਲਾਸ਼ ਕੋਵਿਡ-19 ਜਾਂਚ ਸਮੇਤ ਸਾਰੀਆਂ ਪ੍ਰਕਿਰਿਆਵਾਂ ਪੂਰੀ ਕੀਤੀ ਜਾ ਰਹੀ ਹੈ ਅਤੇ 18 ਜਾਂ 19 ਅਗਸਤ ਤੱਕ ਉਨ੍ਹਾਂ ਦੀ ਲਾਸ਼ ਦੇਹਰਾਦੂਨ ਪਹੁੰਚੇਗੀ। ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਐਤਵਾਰ ਦੀ ਦੇਰ ਰਾਤ ਸੋਸ਼ਲ ਮੀਡੀਆ ’ਤੇ ਕੀਤੇ ਗਏ ਪੋਸਟ ’ਚ ਜਵਾਨ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਉਹ ਉਨ੍ਹਾਂ ਨੂੰ ਸੈਲਿਊਟ ਕਰਦੇ ਹਨ। ਰਾਵਤ ਨੇ ਮਰਹੂਮ ਜਵਾਨ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਰਮਾਤਮਾ ਪਰਿਵਾਰ ਨੂੰ ਇਸ ਮੁਸ਼ਕਲ ਸਮੇਂ ਨੂੰ ਸਹਿਣ ਦਾ ਬਲ ਬਖਸ਼ੇ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੀ ਹੈ।
ਹਿਮਾਚਲ 'ਚ 9 ਪੁਲਸ ਮੁਲਾਜ਼ਮਾਂ ਸਮੇਤ 163 ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ
NEXT STORY