ਨਵੀਂ ਦਿੱਲੀ (ਭਾਸ਼ਾ)— ਤਾਮਿਲਨਾਡੂ ਸੂਬੇ ਦੇ ਇਕ ਪਿੰਡ ’ਚ ਦੇਸ਼ ਦੀ ਆਜ਼ਾਦੀ ਦੇ 75ਵੇਂ ਸਾਲ ਵਿਚ 12ਵੀਂ ਜਮਾਤ ਅਤੇ ਰਾਸ਼ਟਰੀ ਯੋਗਤਾ ਅਤੇ ਦਾਖ਼ਲਾ ਪ੍ਰੀਖਿਆ (ਨੀਟ) ਪਾਸ ਕਰਨ ਵਾਲੀ ਪਹਿਲੀ ਵਿਦਿਆਰਥਣ ਬਣਨ ਦਾ ਮਾਣ ਹਾਸਲ ਕਰਨ ਵਾਲੀ ਐੱਮ. ਸਾਂਗਵੀ ਅੱਜ ਨਾ ਸਿਰਫ਼ ਆਪਣੇ ਪਿੰਡ ਸਗੋਂ ਪੂਰੇ ਇਲਾਕੇ ਲਈ ਆਦਰਸ਼ ਹੈ। ਤਾਮਿਲਨਾਡੂ ਦੇ ਨਾਨਜੱਪਨੂਰ ਪਿੰਡ ਵਿਚ 20 ਸਾਲ ਦੀ ਸਾਂਗਵੀ ਤੋਂ ਪਹਿਲਾਂ ਕਿਸੇ ਨੇ 12ਵੀਂ ਜਮਾਤ ਤੱਕ ਦੀ ਪੜ੍ਹਾਈ ਪੂਰੀ ਨਹੀਂ ਕੀਤੀ ਸੀ। ਅਨੁਸੂਚਿਤ ਜਨਜਾਤੀ ਨਾਲ ਸਬੰਧ ਸਾਂਗਵੀ ਨਾ ਸਿਰਫ਼ ਇੱਥੋਂ 12ਵੀਂ ਜਮਾਤ ਪਾਸ ਕਰਨ ਵਾਲੀ ਪਹਿਲੀ ਵਿਦਿਆਰਥਣ ਬਣੀ ਸਗੋਂ ਉਹ ਨੀਟ 2021 ’ਚ ਬਾਜੀ ਮਾਰ ਕੇ ਆਦਿਵਾਸੀ ਮਾਲਾਸਰ ਭਾਈਚਾਰੇ ’ਚ ਇਹ ਉਪਲੱਬਧੀ ਹਾਸਲ ਕਰਨ ਵਾਲੀ ਪਹਿਲੀ ਕੁੜੀ ਵੀ ਹੈ।
ਇਹ ਵੀ ਪੜ੍ਹੋ : ਧਾਰਮਿਕ ਆਜ਼ਾਦੀ ’ਤੇ ਭਾਰਤ ਨੂੰ ‘ਲਾਲ ਸੂਚੀ’ ’ਚ ਪਾਉਣ ਦੀ ਉੱਠੀ ਮੰਗ, ਸਰਕਾਰ ਨੇ ਦਿੱਤਾ ਤਿੱਖਾ ਪ੍ਰਤੀਕਰਮ
ਆਪਣੇ ਨਾਂ ਨਾਲ ‘ਡਾਕਟਰ ਐੱਮ. ਸਾਂਗਵੀ’ ਜ਼ਰੂਰ ਲਿਖਾਂਗੀ—
ਆਪਣੀ ਅਨੋਖੇ ਸੱਭਿਆਚਾਰ ਲਈ ਵੱਖਰੀ ਪਹਿਚਾਣ ਰੱਖਣ ਵਾਲੇ ਮਾਲਾਸਰ ਭਾਈਚਾਰੇ ’ਚ ਕੁੜੀ ਦੇ ਜਵਾਨੀ ਦੀ ਦਹਿਲੀਜ਼ ’ਤੇ ਕਦਮ ਰੱਖਣ ’ਤੇ ਜਸ਼ਨ ਮਨਾਏ ਜਾਣ ਦੀ ਪਰੰਪਰਾ ਹੈ ਪਰ ਸਾਂਗਵੀ ਦੀਆਂ ਅੱਖਾਂ ’ਚ ਪਲੇ ਅਤੇ ਆਕਾਰ ਲੈ ਰਹੇ ਸੁਫ਼ਨੇ ਨੇ ਉਸ ਦੇ ਭਾਈਚਾਰੇ ਨੂੰ ਲੰਬੇ ਸਮੇਂ ਤੱਕ ਜਸ਼ਨ ਮਨਾਉਣ ਦਾ ਮੌਕਾ ਦੇ ਦਿੱਤਾ। ਉਹ ਡਾਕਟਰ ਬਣਨਾ ਚਾਹੁੰਦੀ ਹੈ। ਉਹ ਆਪਣੇ ਹੌਂਸਲੇ ਨਾਲ ਆਪਣੇ ਟੀਚੇ ਵੱਲ ਵੱਧਣਾ ਚਾਹੁੰਦੀ ਹੈ। ਉਹ ਆਪਣੇ ਨਾਂ ਨਾਲ ‘ਡਾਕਟਰ ਐੱਮ. ਸਾਂਗਵੀ’ ਜ਼ਰੂਰ ਲਿਖੇਗੀ।
ਔਕੜਾਂ ਪਾਰ ਕਰ ਕੀਤੀ ਪੜ੍ਹਾਈ—
ਕਰੀਬ 40 ਪਰਿਵਾਰਾਂ ਦੇ ਨਾਨਜੱਪਨੂਰ ਪਿੰਡ ਵਿਚ ਇਕ ਪਰਿਵਾਰ ਸਾਂਗਵੀ ਦਾ ਹੈ, ਜਿਸ ਵਿਚ ਇਕ ਸਾਲ ਪਹਿਲਾਂ ਆਪਣੀ ਕੱਚੀ ਝੌਂਪੜੀ ਵਿਚ ਮਾਂ ਵਸੰਤਮਣੀ ਅਤੇ ਪਿਤਾ ਮੁਨੀਅੱਪਨ ਨਾਲ ਰਹਿੰਦੀ ਸੀ। ਖੇਤਾਂ ’ਚ ਕੰਮ ਕਰ ਕੇ ਗੁਜ਼ਾਰਾ ਕਰਨ ਵਾਲੇ ਇਸ ਜੋੜੇ ਨੇ ਔਕੜਾਂ ਦੇ ਬਾਵਜੂਦ ਆਪਣੀ ਧੀ ਦੀ ਪੜ੍ਹਾਈ ’ਚ ਕੋਈ ਕਮੀ ਨਹੀਂ ਆਉਣ ਦਿੱਤੀ। ਉਸ ਨੇ ਡਾਕਟਰ ਬਣਨ ਦੀ ਇੱਛਾ ਜ਼ਾਹਰ ਕੀਤੀ ਅਤੇ ਪਿਤਾ ਮੁਨੀਅੱਪਨ ਨੇ ਉਸ ਨੂੰ ਉਤਸ਼ਾਹਿਤ ਕੀਤਾ। ਸਾਲ 2018 ਵਿਚ 12ਵੀਂ ਜਮਾਤ ਕਰਨ ਮਗਰੋਂ ਸਾਂਗਵੀ ਨੇ ਪਿਚਾਨੂਰ ਦੇ ਸਰਕਾਰੀ ਹਾਇਰ ਸੈਕੰਡਰੀ ਸਕੂਲ ’ਚ 2017-18 ਵਿਚ ਨੀਟ ਲਈ ਪ੍ਰੀਖਿਆ ਦਿੱਤੀ ਪਰ ਪਹਿਲੀ ਕੋਸ਼ਿਸ਼ ਵਿਚ ਅਸਫ਼ਲ ਰਹੀ। ਇਸ ਦੇ ਅਗਲੇ ਸਾਲ ਉਹ ਨੀਟ ਦੀ ਪ੍ਰੀਖਿਆ ਨਹੀਂ ਦੇ ਸਕੀ ਕਿਉਂਕਿ ਪਿਤਾ ਮੁਨੀਅੱਪਨ ਬੀਮਾਰ ਹੋ ਗਏ ਅਤੇ ਉਨ੍ਹਾਂ ਨੇ ਆਖਰੀ ਸਾਹ ਲਿਆ। ਦੂਜੇ ਪਾਸੇ ਅੱਖਾਂ ਦੀ ਸਮੱਸਿਆ ਤੋਂ ਪੀੜਤ ਮਾਂ ਵਸੰਤਮਣੀ ਨੂੰ ਸਰਜਰੀ ਮਗਰੋਂ ਹੋਰ ਘੱਟ ਨਜ਼ਰ ਆਉਣ ਲੱਗਾ।
ਇਹ ਵੀ ਪੜ੍ਹੋ : ਖੱਟੜ ਸਰਕਾਰ ਦਾ ਨੌਜਵਾਨਾਂ ਨੂੰ ਤੋਹਫ਼ਾ, ਨਿੱਜੀ ਖੇਤਰ ’ਚ ਹਰਿਆਣਾ ਵਾਸੀਆਂ ਨੂੰ ਮਿਲੇਗਾ 75 ਫ਼ੀਸਦੀ ਰਿਜ਼ਰਵੇਸ਼ਨ
ਡਾਕਟਰ ਬਣਨ ਦਾ ਸੁਫ਼ਨਾ ਕਰਾਂਗੀ ਪੂਰਾ—
ਕੋਵਿਡ ਮਹਾਮਾਰੀ ਦਾ ਕਹਿਰ ਸਿਖਰ ’ਤੇ ਸੀ ਅਤੇ ਨਾਨਜੱਪਨੂਰ ’ਚ ਰਾਹਤ ਕੰਮਾਂ ’ਚ ਲੱਗੇ ਕੁਝ ਲੋਕਾਂ ਨੇ ਆਦਿਵਾਸੀ ਬਹੁ-ਗਿਣਤੀ ਵਾਲੇ ਪਿੰਡ ਨਾਨਜੱਪਨੁਰ ’ਚ ਰਾਹਤ ਸਮੱਗਰੀ ਪਹੁੰਚਾਈ। ਇਸ ਦੌਰਾਨ ਉਨ੍ਹਾਂ ਨੂੰ ਪੜ੍ਹਾਈ ਪ੍ਰਤੀ ਸਾਂਗਵੀ ਦੇ ਜਨੂੰਨ ਬਾਰੇ ਪਤਾ ਲੱਗਾ। ਉਨ੍ਹਾਂ ਨੇ ਸਾਂਗਵੀ ਦੀ ਮਦਦ ਕੀਤੀ। ਸਟੇਟ ਬੋਰਡ ਅਤੇ ਗੈਰ-ਸਰਕਾਰੀ ਸੰਗਠਨ ਦੀ ਮਦਦ ਨਾਲ ਸਾਂਗਵੀ ਨੇ ਕਿਤਾਬਾਂ ਲਈਆਂ ਅਤੇ ਨੀਟ ਪ੍ਰੀਖਿਆ 2021 ਦੀ ਦੂਜੀ ਕੋਸ਼ਿਸ਼ ਵਿਚ 720 ’ਚੋਂ 202 ਅੰਕ ਹਾਸਲ ਕੀਤੇ। ਇਸ ਤੋਂ ਪਹਿਲਾਂ ਉਸ ਨੂੰ ਇਸ ਇਮਤਿਹਾਨ ਲਈ ਕਮਿਊਨਿਟੀ ਸਰਟੀਫਿਕੇਟ ਪ੍ਰਾਪਤ ਕਰਨ ’ਚ ਬਹੁਤ ਮੁਸ਼ਕਲ ਆਈ ਸੀ ਪਰ ਕੁਲੈਕਟਰ ਦੇ ਦਖ਼ਲ ਤੋਂ ਬਾਅਦ ਉਸ ਨੂੰ ਇਹ ਸਰਟੀਫ਼ਿਕੇਟ ਮਿਲ ਗਿਆ। ਪਿੰਡ ਦੇ ਲੋਕਾਂ ਨੂੰ ਬੀਮਾਰੀ ਨਾਲ ਜੂਝਦੇ ਵੇਖਣ ਵਾਲੀ ਸਾਂਗਵੀ ਡਾਕਟਰ ਬਣ ਕੇ ਉਨ੍ਹਾਂ ਲਈ ਕੁਝ ਕਰਨਾ ਚਾਹੁੰਦੀ ਹੈ। ਉਸ ਨੂੰ ਭਰੋਸਾ ਹੈ ਕਿ ਉਹ ਚੁਣੌਤੀਆਂ ਪਾਰ ਕਰ ਲਵੇਗੀ ਅਤੇ ਡਾਕਟਰ ਬਣ ਕੇ ਆਪਣੇ ਪਿੰਡ ਦੇ ਲੋਕਾਂ ਦਾ ਇਲਾਜ ਕਰੇਗੀ।
ਤੁਸੀਂ PM ਬਣਨ ’ਤੇ ਸਭ ਤੋਂ ਪਹਿਲਾਂ ਕੀ ਕੰਮ ਕਰੋਗੇ? ਰਾਹੁਲ ਨੇ ਸਵਾਲ ’ਤੇ ਦਿੱਤਾ ਇਹ ਜਵਾਬ
NEXT STORY